ਨਾਰੀ ਜਾਤੀ ਦਾ ਗੌਰਵਮਈ ਤਿਓਹਾਰ – ਤੀਆਂ ਤੀਜ ਦੀਆਂ

TeamGlobalPunjab
11 Min Read

-ਡਾ. ਜਗੀਰ ਸਿੰਘ ਨੂਰ 

 

ਕੁਦਰਤ ਨੇ ਪੰਜਾਬ ਦੀ ਧਰਤੀ ਨੂੰ ਬੇਸ਼ੁਮਾਰ ਨਿਆਮਤਾਂ ਨਾਲ ਭਰਪੂਰ ਕੀਤਾ ਹੋਇਆ ਹੈ। ਇਥੋਂ ਦੇ ਜੰਮਿਆਂ ਨੂੰ ਭਾਵੇਂ ਨਿੱਤ ਮੁਹਿੰਮਾਂ ਦਾ ਟਾਕਰਾ ਕਰਨਾ ਪੈਂਦਾ ਰਿਹਾ ਹੈ, ਪਰ ਸੁਰਖਰੂ ਪਲਾਂ ‘ ਚ ਇਨ੍ਹਾਂ ਖੂਬ ਮਿਹਨਤ ਕਰਕੇ ਜਿਥੇ ਧਰਤੀ ਨੂੰ ਜਰਖੇਜ ਬਣਾ ਲਿਆ ਉਥੇ ਆਪਣੀ ਜੀਵਨ -ਸ਼ੈਲੀ ਨੂੰ ਰੋਚਕ ਰੰਗੀਨ ਅਤੇ ਦਿਲਚਸਪ ਬਣਾਉਣ ਹਿੱਤ ਹਰ ਮੌਸਮ ਹਰ ਰੁੱਤ, ਹਰ ਮਹੀਨੇ ‘ ਚ ਤਿੱਥ -ਤਿਉਹਾਰਾਂ ਦੀ ਸਿਰਜਣਾਂ ਕਰ ਲਈ ਹੈ। ਰੁੱਤ ਭਾਂਵੇਂ ਗਰਮੀ ਦੀ ਹੋਵੇ, ਸਰਦੀ ਦੀ ਹੋਵੇ, ਪਤਝੜ ਦੀ ਹੋਵੇ, ਗੁਲਾਬੀ ਠੰਢ ਦੀ ਹੋਵੇ, ਬਸੰਤ ਦੀ ਹੋਵੇ ਜਾਂ ਵਰਖਾ ਦੀ , ਹਰ ਮਹੀਨੇ ਕੋਈ ਨਾ ਕੋਈ ਤਾਂ ਕਿੱਤੇ ਰਿਹਾ, ਅਨੇਕਾਂ ਹੀ ਤਿੱਥ ਤਿਉਹਾਰਾਂ ਨੂੰ ਮਨਾਇਆਂ ਜਾਂਦਾ ਹੈ। ਇਨ੍ਹਾਂ ਤਿੱਥਾਂ- ਤਿਉਹਾਰਾਂ ਦੇ ਮਨਾਉਣ ਦਾ ਪ੍ਰਯੋਜਨ ਭਾਵੇਂ ਸਮਾਜਕਤਾ , ਧਾਰਮਿਕਤਾ ਆਦਿ ਜੀਵਨ ਸੰਦਰਭਾਂ ਨਾਲ ਹੋਵੇ, ਭਾਵੇਂ ਹੋਰ ਕੋਈ , ਸਭ ਉਮਰ ਵਰਗ ਦੇ ਲੋਕ, ਕੀ ਬੁੱਢਾ ਬੁੱਢੜੀਆਂ ਨੌਜਵਾਨ ਗੱਭਰੂ ਮੁਟਿਆਰਾਂ ਅਤੇ ਕੀ ਬਾਲ-ਬੱਚੀਆਂ, ਸਭ ਖੁਸ਼ੀਆਂ- ਖੇੜਿਆਂ ਨੂੰ ਆਪੋ ਆਪਣੇ ਪੱਧਰ ‘ਤੇ ਮਾਣਦੇ ਹਨ ਅਤੇ ਆਪਸੀ ਸਾਂਝ -ਪਿਆਰ ਦਾ ਇਜ਼ਹਾਰ ਕਰਦੇ ਹਨ।

ਬਹੁਤ ਸਾਰੇ ਇਤਿਹਾਸਕ, ਧਾਰਮਿਕ, ਸਮਾਜਿਕ , ਆਦਿ ਤਿੱਥਾਂ ਤਿਉਹਾਰਾਂ ‘ ਚੋਂ ‘ਤੀਆਂ ਤੀਜ ਦੀਆਂ’ ਦਾ ਤਿਉਹਾਰ ਇਕ ਹੈ ਜੋ ਵਰਖਾ ਰੁੱਤ ਦਾ ਪ੍ਰਮੁੱਖ ਤਿਉਹਾਰ ਹੈ। ਇਸ ਨੂੰ ਇਸਤਰੀ ਜਾਤੀ, ਵਿਸ਼ੇਸ਼ਤਰ ਮੁਟਿਆਰਾਂ ਵੱਲੇਂ ਖੂਬ ਤਾਂਘਾਂ ਤੇ ਤੀਬਰਤਾ ਨਾਲ ਉਡੀਕਿਆਂ ਜਾਂਦਾ ਹੈ। ਗਭਰੂ ਅਰਥਾਤ ਮਰਦ ਜਾਤੀ ਤਾਂ ਇਨ੍ਹੀਂ ਦਿਨੀਂ ਘੋਲ ਕਬੱਡੀਆਂ, ਪਿੜ ਜਾਂ ਅਖਾੜੇ ਜਾ ਲਾਉਂਦੇਂ ਹਨ ਅਤੇ ਨਾਰੀ ਜਾਤੀ ਖਾਸ ਕਰਕੇ ਨਵ ਵਿਆਹੀਆਂ ਜਾਂ ਕੁਆਰੀਆਂ ਮੁਟਿਆਰਾਂ ਤੀਆਂ ਦੇ ਨਾਮ ਤੇ ਪਿੜ ਬੰਨ੍ਹ ਲੈਂਦੀਆਂ ਹਨ। ਸਾਉਣ ਮਹੀਨੇ ਨਾਲ ਸੰਬਧਿਤ ਬਹੁਤ ਸਾਰੇ ਲੋਕ -ਗੀਤਾਂ , ਟੱਪਿਆਂ ,ਬੋਲੀਆਂ ਆਦਿ ਵਿਚ ‘ ਸਾਵਿਆਂ ‘ ਅਥਵਾਂ ‘ ਤੀਆਂ ‘ ਦਾ ਵਿਸ਼ੇਸ਼ ਜ਼ਿਕਰ ਹੈ। ‘ ਤੀਆਂ ‘ ਜਾਂ ‘ ਸਾਵੇਂ ‘ ਦੋ ਵੱਖਰੇ ਵੱਖਰੇ ਸੰਕਲਪ ਜਾਂ ਧਾਰਨਾਵਾਂ ਨਹੀਂ ਹਨ। ਇਕੋ ਹੀ ਭਾਵ ਅਤੇ ਪ੍ਰਯੋਜਨ ਦੇ ਸੂਚਕ ਦੋ ਸ਼ਬਦ ਹਨ। ਇਲਾਕਾਈ ਜਾਂ ਉਪਭਾਸ਼ਾਈ ਪੱਧਰ ਦੇ ਵੱਖਰੇਵੇਂ ਦੇ ਆਧਾਰ ਤੇ ਮਾਝੇ ਦੇ ਖਿੱਤੇ ਵਿਚ ਵਧੇਰੇਤਰ ‘ਸਾਵੇਂ’ ਆਖ ਲਿਆ ਜਾਂਦਾ ਹੈ ਅਤੇ ਮਾਲਵੇ ਵਿਚ ‘ਤੀਆਂ’ ਕਹਿ ਲਿਆ ਜਾਂਦਾ ਹੈ। ਦੁਆਬੇ ਦੇ ਖੇਤਰ ਵਿਚ ਇਹ ਦੋਵੇਂ ਸ਼ਬਦ ਪ੍ਰਚਲਿਤ ਪਾਏ ਜਾਂਦੇ ਹਨ। ‘ਸਾਵੇਂ’ ਜਾਂ ‘ਤੀਆਂ ‘ ਚੰਨ੍ਹ ਵਰ੍ਹੇ ਦਾ ਲੇਕ-ਤਿਉਹਾਰ ਹੈ। ਇਹ ਤਿਉਹਾਰ ਸਾਉਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਕੇ ਸਾਉਣ ਮਹੀਨੇ ਦੀ ਪੁੰਨਿਆ ਤੱਕ, ਤੇਰਾਂ ਦਿਨਾਂ ਤੀਕ ਚਲਦਾ ਰਹਿੰਦਾ ਹੈ। ਚੰਦਰਮਾਂ ਦੇ ਚੜ੍ਹਦੇ, ਵੱਧਦੇ ਹੋਏ ਦਿਨ੍ਹਾਂ ਦੇ ਕ੍ਰਮ ਦਾ ਔਰਤ ਜਾਤੀ ਅਤੇ ਧਰਤੀ ਦੀ ਉਪਜਾਇਕਤਾ ਨਾਲ ਡੂੰਘਾ ਸੰਬੰਧ ਹੈ। ਬਹੁਤ ਸਾਰੇ , ਜੋਤਸ਼ ਗ੍ਰੰਥਾਂ ‘ ਚ ਵੀ ਚੰਨ -ਵਰ੍ਹੇ ਦੀ ਖਾਸ ਮਹਿਮਾ ਹੋਈ ਉਪਲੱਬਧ ਹੈ । ਚੰਨ੍ਹ ਵਰ੍ਹੇ ਦੇ ਮਹੀਨਿਆਂ ਦੇ ਦਿਨਾਂ ਦੀ ਸੀਮਾ ਅਠਾਈ ਦਿਨਾਂ ਤੱਕ ਹੁੰਦੀ ਹੈ, ਜਦਕਿ ਸੂਰਜ ਵਰ੍ਹੇ ਦੇ ਮਹੀਨਿਆਂ ਵਿਚ ਅਠਾਈ ਤੋਂ ਇਕੱਤੀ ਦਿਨਾਂ ਤਕ ਦੀ ਗਿਣਤੀ ਉਪਲੱਬਧ ਹੈ। ਸਾਰ ਰੂਪ ‘ ਚ ਏਥੇ ਏਨਾ ਕਹਿਣਾ ਹੀ ਵਾਜਬ ਰਹੇਗਾ ਕਿ ਤੀਆਂ ਦੇ ਤਿਉਹਾਰ ਦਾ ਸੰਬੰਧ ਧੀਆਂ , ਭੈਣਾਂ ਨਾਲ ਜੋੜਿਆਂ ਗਿਆ ਹੈ। ਇਸ ਦੀ ਪ੍ਰਾਚੀਨਤਾ ਸੰਬੰਧੀ , ਪੰਜਾਬੀਆਂ ਵਿਚ ਇਕ ਅਖਾਉਤ ਪ੍ਰਚਲਿਤ ਹੈ ਕਿ ”ਧੀਆਂ ਜੰਮੀਆਂ -ਤੀਆਂ ਆਰੰਭੀਆਂ” ਅਰਥਾਤ ਧੀਆਂ ਦੇ ਜਨਮ ਸਮੇਂ ਤੋਂ ਹੀ ਤੀਆਂ ਦੇ ਤਿਉਹਾਰ ਦਾ ਆਰੰਭ ਹੋ ਜਾਂਦਾ ਹੈ। ਜਿਵੇਂ ਕਿ ਸਭਿਆਚਾਰਕ ਵਿਕਾਸ ਕ੍ਰਮ ਨੂੰ ਅਸੀਂ ਕਿਸੇ ਸਾਲ , ਸੰਪਤ ਜਾਂ ਮਹੀਨੇ , ਦਿਨਾਂ ਜਾਂ ਤਾਰੀਕ ਨਾਲ ਸੰਬੰਧਿਤ ਕਰਕੇ ਨਿਰਧਾਰਿਤ ਨਹੀਂ ਕਰ ਸਕਦੇ , ਬਿਲਕੁਲ ਉਸੇ ਤਰ੍ਹਾਂ ਉਹ ਦਿਨ , ਉਹ ਮਹੀਨਾ , ਉਹ ਸਾਲ ਆਦਿ ਨਿਰਧਾਰਿਤ ਕਰਨਾ ਅਤਿ ਅਸੰਭਵ ਹੈ, ਜਦੋਂ ਕਿਹਾ ਜਾ ਸਕੇ ਕਿ ਤੀਆਂ ਦਾ ਆਰੰਭ ਹੋਇਆ । ਅਸਲ ਵਿਚ ਇਸ ਦਾ ਆਰੰਭ ਮਨੁੱਖੀ ਚੇਤਨਾ ਦੇ ਵਿਕਾਸ ਅਤੇ ਰਲ ਮਿਲ ਕੇ ਵਿਹਲ ਨੂੰ ਸ਼ੁਭ ਬਣਾਉਣ ਅਤੇ ਰੁੱਤ ਦੇ ਰਸ- ਰੰਗ ਵਿਚੋਂ ਖ਼ਸ਼ੀਆਂ ਖੇੜੇ ਸਿਰਜ ਕੇ , ਉਨ੍ਹਾਂ ਨੂੰ ਮਾਨਣ ਦੀ ਤੀਬਰ ਲਾਲਸਾ ‘ ਚੋਂ ਅਜੇਹੇ ਤਿੱਥ ਤਿਉਹਾਰਾਂ ਨੇ ਜਨਮ ਲਿਆ ਅਤੇ ਵਕਤ ਦੇ ਪਰਤੌਂ ਦੇ ਨਾਲ ਨਾਲ ਅਜੇਹੇ ਤਿਉਹਾਰ ਨੂੰ ਮਾਨਣ , ਮਨਾਉਣ , ਸਮਝਣ- ਸਮਝਾਉਣ ਦਾ ਵਿਕਾਸ ਕ੍ਰਮ ਜਾਂ ਵਿਕਾਸ
ਕ੍ਰ੍ਹਮ ਚਲਦਾ ਹੋਇਆ ਅੱਜ ਇਕੱ੍ਹਵੀ ਸਦੀ ਦੇ ਦੂਜੇ ਦਹਾਕੇ ਤਕ, ਆਪਣੇ ਵਿਲੱਖਣ ਰੂਪ ‘ ਚ ਸਾਡੇ ਸਾਹਮਣੇ ਹੈ।

- Advertisement -

ਅਸਲ ਵਿਚ ‘ ਤੀਆਂ ‘ ਦਾ ਇਹ ਤਿਉਹਾਰ ਨਾਰੀ ਜਾਤੀ ਵਾਸਤੇ ਨਿਸ਼ੰਗਤਾ ਸਹਿਤ ਨੱਚਣ-ਟੱਪਣ , ਖੇਡਣ-ਖਿਡਾਉਣ ਅਤੇ ਜੀਵਨ ਦੇ ਨਿਤਾਪ੍ਰਤੀ ਰਸਮੀ ਰੁਝੇਵਿਆਂ ਦੇ ਪੱਖ ਤੋਂ ਬੇ -ਫਿਕਰ , ਬੇ ਧਿਆਨ ਹੋ ਕੇ ਖੂਸ਼ੀਆਂ ਸਾਂਝੀਆਂ ਕਰਨ ਅਤੇ ਇਨ੍ਹਾਂ ਨੂੰ ਭਰਪੂਰਤਾ ਸਹਿਤ ਮਾਨਣ ਦਾ ਅਵਸਰ ਹੈ। ਸਾਉਣ ਮਹੀਨੇ ਦੀ ਪਹਿਲੀ ਵਾਛੜ ਨਾਲ ਹੀ ਜਿਥੇ ਧਰਤੀ ਉਪਰ ਹਰਿਆਵਲ ਪਸਰਨੀ ਸ਼ੁਰੂ ਹੋ ਜਾਂਦੀ ਹੈ, ਉਥੇ ਨਾਰੀ ਜਾਤੀ ਲਈ ਇਸ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਕੀ ਬੁੱਢੜੀ, ਕੀ ਮੁਟਿਆਰ ਅਤੇ ਕੀ ਬਾਲੜੀ, ਸਭਨਾ ਦਾ ਜੀਅ ਨੱਚਣ ਨੂੰ ਕਰ ਪੈਂਦਾ ਹੈ ਅਤੇ ਇਹੋ ਜਿਹੇ ਅਗੰਮੀ ਬੋਲ ਆਪ- ਹੁਦਰੇ ਹੀ ਜ਼ੁਬਾਨਾਂ ਤੋਂ ਨਿਕਲ ਕੇ ਦਿਲਾਂ ਦੀ ਵਿਚਲੀ ਖ਼ੁਸ਼ੀ ਰੂਪੀ ਹਰਿਆਵਲ ਦਾ ਪ੍ਰਮਾਣ ਬਣ ਜਾਂਦੇ ਹਨ ਕਿਸਾਉਣ ਮਹੀਨੇ ਦੀ ਵਾਛੜ ਆਈ,ਰਿਮਝਿਮ ਵਰਦਾ ਪਾਣੀ, ਰੱਬ ਨੇ ਮੇਰੀ ਆਪ ਸੁਣ ਲਈ,ਮੈਂ ਬਣੀ ਖੇਤਾਂ ਦਾ ਰਾਣੀ । ਖੇਤਾਂ ਦੇ ਵਿਚ ਰੌਣਕ ਲੱਗ ਗਈ, ਗੋਡੇ ਗੋਡੇ ਚ੍ਹੜ ਗਿਆ ਪਾਣੀ । ਭਿੱਜ ਗਈ ਮੈਂ ਮਿੱਤਰਾ ! ਤੂੰ ਛੱਤਰੀ ਨਾ ਤਾਣੀ । ਇਸੇ ਤਰ੍ਹਾਂ ਇਹ ਬੋਲ ਵੀ ਵਾਚਣਯੋਗ ਹਨ ਕਿ –
ਛੰਮ, ਛੰਮ, ਛੰਮ, ਪੈਣ ਫ਼ੁਹਾਰਾਂ, ਬਿਜਲੀ ਦੇ ਪੈਣ ਚਮਕਾਰੇ,
ਆਓ ,ਕੁੜੀਓ ਗਿੱਧਾ ਪਾਈਏ, ਸਾਨੂੰ ਸੌਣ ਸੈਨਤਾਂ ਮਾਰੇ ।
ਫੇਰ ਕੱਦ ਨੱਚੇਗੀਆਂ, ਜਦੋਂ ਤੀਆਂ ਦੇ ਲੰਘੇ ਦਿਹਾੜੇ ।

ਕੋਈ ਖ਼ੁਸ਼ੀ ਖੇੜੇ ਦਾ ਮੌਕਾ ਹੋਵੇ ਤੇ ਪੰਜ ਸੱਤ ਮੁਟਿਆਰਾਂ ਇਕੱਤਰ ਹੇ ਜਾਣ, ਤਾਂ ਸੁਭਾਵਿਕ ਹੀ ਗਿੱਧੇ ਦਾ ਪਿੜ ਬੱਝ ਜਾਂਦਾ ਹੈ ਅਤੇ ਫਿਰ ਚੱਲ ਸੋ ਚੱਲ ,ਨਵੀਆਂ ਨਵੀਆਂ ਬੋਲੀਆਂ ,ਦੱਬੇ ਅਤੇ ਛੁਪਾਏ ਹੋਏ ਅਰਮਾਨਾਂ ਦੇ ਭਾਵਾਂ ਅਤੇ ਵਿਚਾਰਾਂ ਨੂੰ ਲੈ ਕੇ ਪਿੜ ‘ ਚ ਖ਼ੁਸ਼ੀਆਂ ਦੇ ਸੱਤਾਂ ਰੰਗਾਂ ਦੀ ਮਿਠਾਸ ਵਾਲੀ ਛਹਿਬਰ ਲੱਗ ਜਾਂਦੀ ਹੈ, ਜੇ ਇਕ ਪਾਸਿਓਂ ਕੋਈ ਇਹ ਬੋਲੀ ਪਾਉਂਦੀ ਹੈ ਕਿਆਓ ਨੀ ਕੁੜੀਓ ਹੱਸੀਏ ਖੇਡੀਏ, ਪਿਪਲੀ ਪੀਘਾਂ ਪਾਈਏ । ਤੀਆਂ ਨੇ ਕੁੜੀਓ ਕਦ ਕਦ ਆਉਣਾ, ਰੱਜ ਰੱਜ ਸ਼ਗਨ ਮਨਾਈਏ। ਤਾਂ ਦੂਸਰੇ ਪਾਸਿਓਂ ਵੀ ਪਹਿਲੀ ਬੋਲੀ ਦੇ ਮੁਕਦਿਆਂ ਹੀਂ ਇਹ ਬੋਲ ਆਰੰਭ ਕੀਤੇ ਜਾਂਦੇ ਹਨ, ਜੋ ਮਹਿਜ ਸਰਲ ਸ਼ਬਦ ਹੀ ਨਹੀ , ਦਿਲੋਂ ਉੱਠੀ ਡੂੰਘੀ ਪੁਕਾਰ ਵੀ ਹਨ । ਕਿਰਲ ਆਓ ਸਾਈਓ ਨੀ , ਸਭੇ ਤੀਆਂ ਖੇਡਣ ਜਾਈਏ, ਹੁਣ ਆ ਗਿਆ ਸਾਵਣ ਨੀ, ਪੀਘਾਂ ਪਿਪਲੀਂ ਜਾ ਕੇ ਪਾਈਏ। ਪਈ ਕੂ ਕੂ ਕਰਦੀ ਨੀ, ਸਈਓ ਕੋਇਲ ਹੰਝੂ ਡੋਲੇ।
ਇਹ ਕੇਹਾ ਪਪੀਹਾ ਨੀ ,ਭੈੜਾ ‘ ਪੀਆ ‘ ‘ਪੀਆ’ ਬੋਲੇ।
ਲੈ ਪੈਲਾਂ ਪਾਂਦੇ ਨੀ, ਬਾਗੀਂ ਮੋਰਾਂ ਸ਼ੋਰ ਮਚਾਇਆ।
ਖਿੜ ਖਿੜ ਫੁੱਲਾਂ ਨੇ ਨੀ ਸਾਨੂੰ ਮਾਹੀਆ ਯਾਦ ਕਰਾਇਆ।
ਮੈਂ ਅੱਥਰੂ ਡੋਲ੍ਹਾਂ ਨੀ , ਕੋਈ ਸਾਰ ਨਾ ਲੈਂਦਾ ਮੇਰੀ ,
ਮੈਂ ਰੋ ਰੋ ਮਰ ਗਈ ਨੀ, ਜਿੰਦੜੀ ਆਣ ਗਮਾਂ ਨੇ ਘੇਰੀ ,
ਮੈਂ ਤਰਲੇ ਕਰਦੀ ਵੇ ਮਹਿਰਮਾ , ਛੇਤੀ ਘਰ ਨੂੰ ਆਵੀਂ,
ਸਾਡੀਆਂ ਸੁੱਕੀਆਂ ਤੀਆਂ ਵੇ, ਆ ਕੇ ਰਿਮਝਿਮ ਰਿਮਝਿਮ ਲਾਵੀਂ।

ਬਹੁਤ ਸਾਰੇ ਕਵੀਆਂ ਨੇ ਵੀ ਆਪਣੀਆਂ ਕਾਵਿ- ਕਿਰਤਾਂ ‘ਚ ‘ ਸਾਵੇਂ ‘ ਜਾਂ ‘ ਤੀਆਂ ‘ ਬਾਬਤ ਨਾਰੀ ਜਾਤੀ ਦੀਆਂ ਸੰਵੇਦਨਾਵਾਂ, ਦੱਬੀਆਂ ਭਾਵਨਾਵਾਂ ਜਾਂ ਹੋਰ ਗੁੱਭ- ਗੁੱਭਾਟਾਂ ਦਾ ਜ਼ਿਕਰ ਕੀਤਾ ਹੈ। ਲੋਕ ਕਵੀ ਸ਼੍ਰੀ ਹਕੂਮਤ ਜੀ ਨੇ ਇਕ ‘ ਬਾਰਾਂਮਾਹ ‘ ਵਿਚ ਖ਼ੂਬ ਕਿਹਾ ਹੈ ਕਿ –
”ਤਾਂ ਚੜ੍ਹਦੇ ਸਾਵਣ ਸਾਵੇਂ ਆਏ, ਰਲ ਕੇ ਸਈਆਂ ਸੀਸ ਗੁੰਦਾਏ ।
ਸਖੀ ਸਹੇਲੀ ਧੜੀ ਬੰਧਾਏ , ਘਰਿ ਘਰਿ ਲੋਕਾਂ ਮੰਗਲ ਗਾਏ । ”
ਕਵੀ ਭਗਵਾਨ ਸਿੰਘ ਆਪਣੇ ‘ ਬਾਰਾਂ ਮਾਹਾਂ ‘ ਵਿਚ ਐਸਾ ਹੀ ਦ੍ਰਿਸ਼ ਸਾਕਾਰ ਕਰਦਾ ਹੈ –
” ਸਾਵਣ ਸਹੇਲੀਆਂ ਦੇ ਨਾਲ ਤੀਆਂ ਖੇਡਦੀ ਸੀ,
ਲੈਂਦੀ ਸੀ ਹੁਲਾਰੇ ਪੀਂਘ ਨਾਲ ਅਸਮਾਨ ਤੇ ।”

ਤੀਆਂ ਮਨਾਉਂਦੀਆਂ ਹੋਈਆਂ ਮੁਟਿਆਰਾਂ ਕਿਸੇ ਜਾਤਪਾਤ,ਰੰਗ,ਨਸਲ ਜਾਂ ਧਰਮ ਦੀਆਂ ਵਲਗਣਾ ‘ਚ ਬੱਝੀਆਂ ਨਹੀ ਹੁੰਦੀਆਂ, ਸਗੋਂ ਸਭੇ ਇਕ-ਮਿਕ ਹੋਈਆਂ ਹੁੰਦੀਆਂ ਹਨ। ਭਾਰਤੀ ਅਥਵਾ ਪੰਜਾਬੀ ਸੋਚ-ਦ੍ਰਿਸ਼ਟੀ ‘ਚ ਇਨ੍ਹਾਂ ਸਭਨਾਂ ਨੂੰ ‘ਚਿੜੀਆਂ’ ਦੇ ਪ੍ਰਤੀਕ ਵਜੋਂ ਗ੍ਰਹਿਣ ਕੀਤਾ ਗਿਆ ਹੈ ਅਤੇ ਸਮਝਿਆ ਜਾਂਦਾ ਹੈ ਕਿ ਇਨ੍ਹਾਂ (ਧੀ-ਭੈਣਾਂ) ਨੇ ਇਕ ਦਿਨ ਉਡਾਰੀ ਮਾਰ ਜਾਣਾ ਭਾਵ ਵਿਆਹ ਕਰਵਾ ਕੇ ਦੂਸਰੇ ਘਰ (ਪ੍ਰਦੇਸ) ਜਾ ਵੱਸਣਾ ਹੁੰਦਾ ਹੈ। ਅਜੇਹੇ ਭਾਵਾਂ ਨੇ ਵੀ ਇਨ੍ਹਾਂ ਨੂੰ ਨਾਜ਼ੁਕਤਾ ਪ੍ਰਦਾਨ ਕੀਤੀ ਹੈ ਅਤੇ ਤਰਸ ਦੀਆਂ ਪਾਤਰਾਂ ਵੀ ਬਣਾਇਆ ਹੈ । ਮਾਂ -ਬਾਪ,ਭਰਾ ,ਚਾਚੇ ,ਮਾਮੇ ,ਤਾਏ, ਆਦਿ ਰਿਸ਼ਤੇਦਾਰ ਇਨ੍ਹਾਂ ਨੂੰ ਅਣਭੋਲ ਸਮਝਦੇ ਹੋਏ ਖੇਡਣ ਮੱਲਣ ਦੇ ਮੌਕੇ ਵੀ ਪ੍ਰਦਾਨ ਕਰਦੇ ਹਨ । ਇਥੋਂ ਤੱਕ ਕੇ ਪ੍ਰਕਿਰਤੀ ਵੀ ਧੀਆਂ -ਭੈਣਾਂ ਦੇ ਖੇਡ ਖ਼ੁਸ਼ੀ ਲਈ ਸਹਾਈ ਹੁੰਦੀ ਹੈ । ਥੜ੍ਹੇ, ਪਿੱਪਲ ,ਬੋਹੜ , ਅੰਬ , ਜਾਮਣ, ਨਿੰਮਾਂ, ਫ਼ਲਾਹੀਆਂ ਆਦਿ ਦੇ ਦਰੱਖਤ ਆਪਣੇ ਆਪ ਨੂੰ ‘ ਧਨ ‘ ਹੋ ਗਏ ਮਹਿਸੂਸ ਕਰਦੇ ਹਨ ਜਦੋਂ ਮੁਟਿਆਰਾਂ ਉਥੇ,ਖੇਡਦੀਆਂ, ਗਾਉਂਦੀਆਂ, ਹੱਸਦੀਆਂ, ਕਿਕੱਲੀ ਪਾਉਂਦੀਆਂ ਨੱਚ- ਨੱਚ ਬਾਵਰੀਆਂ ਹੋ ਜਾਂਦੀਆਂ ਹਨ। ਇਸ ਸੰਬੰਧੀ ਇਕ ਬੋਲੀ ਪ੍ਰਚਲਿਤ ਹੈ ਕਿ –
ਥੜ੍ਹਿਆਂ ਬਾਝ ਨਾ ਪਿੱਪਲ ਸੋਂਹਦੇ, ਫੁੱਲਾਂ ਬਾਝ ਫਲਾਹੀਆਂ ।
ਹੱਸਾਂ ਨਾਲ ਹਮੇਲਾਂ ਸੋਂਹਦੀਆਂ, ਬੰਦਾਂ ਨਾਲ ਗਜ਼ਰਾਈਆਂ
‘ਧੰਨ ਭਾਗ ਮੇਰੇ’ ਆਖੇ ਪਿੱਪਲ,ਕੁੜੀਆਂ ਨੇ ਰੌਣਕਾਂ ਲਾਈਆਂ ।
ਸਾਉਣ ਵਿਚ ਕੁੜੀਆਂ ਨੇ, ਤੀਆਂ ਖ਼ੂਬ ਮਨਾਈਆਂ ।

ਤੀਆਂ ਦੇ ਦਿਨੀਂ ਨਵ- ਵਿਆਹੀਆਂ ਮੁਟਿਆਰਾਂ ਸਹੁਰੇ ਘਰ ਤੋਂ ਪੇਕੇ ਘਰ ਆ ਜਾਂਦੀਆਂ ਹਨ ਅਤੇ ਆਪਣੀਆਂ ਬਚਪਣ ਦੀਆਂ ਸਖੀਆਂ ਨਾਲ ਇਕੱਠੀਆਂ ਹੋ ਕੇ ਤੀਆਂ ਖੇਡਦੀਆਂ ਹਨ। ਸਹੁਰੇ ਰਹਿ ਗਈਆਂ ਧੀਆਂ- ਭੈਣਾਂ ਨੂੰ ਬਾਬਲ ਜਾਂ ਭਰਾ ਸੰਧਾਰਾ ਦੇਣ ਜਾਂਦੇ ਹਨ , ਮਾਝੇ ‘ਚ ਇਸ ਨੂੰ ਸਾਵੇਂ ਦੇਣ ਜਾਣਾ ਅਤੇ ਮਾਲਵੇ ‘ਚ ਸੰਧਾਰਾ ਜਾਂ ‘ ਤੀਆਂ ‘ਦੇਣ ਜਾਣਾ ਕਹਿ ਲਿਆ ਜਾਂਦਾ ਹੈ । ਇਹ ਇਕ ਰਸਮ ਵਜੋਂ ਪੰਜਾਬੀ -ਸਭਿਆਚਾਰਕ ਜੀਵਨ ਵਰਤਾਰੇ ਦਾ ਅੰਗ ਬਣ ਚੁੱਕੀ ਹੈ। ਪਰੰਤੂ ਅਜੋਕੇ ਫੇਸ ਬੁੱਕ, ਵਟਸਐਪ ਅਤੇ ਇੰਟਰਨੈੱਟ ਦੀਆਂ ਪ੍ਰਾਪਤੀਆਂ ਨੇ ਸਾਡੀਆਂ ਬਹੁਤ ਸਾਰੀਆਂ ਰੰਗੀਨ ਸੱਭਿਆਚਾਰਕ ਰਸਮਾਂ ਅਤੇ ਤਿਉਹਾਰਾਂ ਨੂੰ ਖੋਰਾ ਲਾ ਦਿੱਤਾ ਹੈ। ਸੋ ਲੋੜ ਹੈ ਇਨ੍ਹਾਂ ਸਭਨਾਂ ਤਿਉਹਾਰਾਂ ਨੂੰ ਰਲ ਕੇ ਮਨਾਉਣ ਦੀ ਅਤੇ ਅਗਲੀਆਂ ਪੀੜ੍ਹੀਆਂ ਤਕ ਪ੍ਰਵਾਹਮਾਨ ਕਰਨ ਦੀ, ਤਾਂ ਕਿ ਉਹ ਆਪਣੀ ਅਣਮੋਲ ਅਮੀਰ ਵਿਰਾਸਤ ਨੂੰ ਮਾਣ ਸੱਕਣ ਅਤੇ ਸੰਭਾਲ ਸਕਣ।

- Advertisement -

ਸੰਪਰਕ: 9814209732

Share this Article
Leave a comment