ਦੀਪ ਸਿੱਧੂ ਨੇ ਨਵੀਂ ਜਥੇਬੰਦੀ ‘ਵਾਰਿਸ ਪੰਜਾਬ ਦੇ’ ਦਾ ਕੀਤਾ ਐਲਾਨ

TeamGlobalPunjab
1 Min Read

ਚੰਡੀਗੜ੍ਹ: ਕਿਸਾਨ ਅੰਦੋਲਨ ਦੌਰਾਨ ਚਰਚਾ ਵਿੱਚ ਆਏ ਅਦਕਾਰ ਦੀਪ ਸਿੱਧੂ ਨੇ ਨਵੀਂ ਜਥੇਬੰਦੀ ‘ਵਾਰਿਸ ਪੰਜਾਬ ਦੇ’ ਦਾ ਐਲਾਨ ਕੀਤਾ ਹੈ। ਦੀਪ ਸਿੱਧੂ ਨੇ ਇਸ ਮੌਕੇ ਕਿਹਾ ਕਿ ਇਹ ਜਥੇਬੰਦੀ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਲੜਾਈ ਲੜੇਗੀ ਤੇ ਪੰਜਾਬ ਦੇ ਅਸਲ ਸੱਭਿਆਚਾਰ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰੇਗੀ। ਦੀਪ ਸਿੱਧੂ ਨੇ ਕਿਹਾ ਕਿ ਉਹ ਪੰਜਾਬ ਦੀ ਨੌਜਵਾਨੀ ਨੂੰ ਇਕ ਮੰਚ ‘ਤੇ ਇਕੱਠਾ ਕਰਨਾ ਚਾਹੁੰਦੇ ਹਨ।

 ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਲੋਕਾਂ ਨੂੰ ਧਰਮ ਤੇ ਜਾਤ ਦੇ ਆਧਾਰ ’ਤੇ ਵੰਡਣ ਲੱਗੀਆਂ ਹਨ ਜਦੋਂਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਰਾਜਨੀਤਕ ਨਾ ਹੋ ਕੇ ਪੰਜਾਬੀਆਂ ਦੇ ਹਿੱਤਾਂ ਲਈ ਸੰਘਰਸ਼ ਕਰੇਗੀ। ਉਨ੍ਹਾਂ ਇਸ਼ਾਰਾ ਕੀਤਾ ਕਿ ਜਥੇਬੰਦੀ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਪੰਜਾਬ ਪੱਖੀ ਪਾਰਟੀ ਦੀ ਹਮਾਇਤ ਕਰ ਸਕਦੀ ਹੈ। ਦੀਪ ਸਿੱਧੂ ਨੇ ਕਿਹਾ ਕਿ ਗੁਰਾਂ ਦੇ ਨਾਂ ਉੱਪਰ ਵੱਸਦੇ ਪੰਜਾਬ ਨੂੰ ਜੇਕਰ ਮੁੜ ਮਹਿਕਦਾ ਗੁਲਾਬ ਬਣਾਉਣਾ ਹੈ ਤਾਂ ਸਾਨੂੰ ਸਭ ਨੂੰ ਜਾਤੀ ਵੰਡ ਤੇ ਜਾਤੀ ਵਿਤਕਰੇ ਤੋਂ ਉੱਪਰ ਉਠ ਕੇ ਪੰਜਾਬ ਦੀ ਹੋਣੀ ਬਦਲਣ ਲਈ ਸਾਂਝੇ ਉਪਰਾਲੇ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਨਿਸ਼ਾਨਾ ਫਿਲਹਾਲ ਕਿਸੇ ਰਾਜਸੀ ਅਹੁਦੇ ਦੀ ਪ੍ਰਾਪਤੀ ਨਹੀਂ ਹੈ ਪਰ ਪੰਜਾਬ ਦੀਆਂ ਸਾਰੀਆਂ ਹੀ ਰਾਜਸੀ ਧਿਰਾਂ ‘ਤੇ ਪੰਜਾਬ ਦੇ ਸੱਭਿਆਚਾਰ ਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਦਬਾਅ ਜ਼ਰੂਰ ਬਣਾਇਆ ਜਾਵੇਗਾ।

Share this Article
Leave a comment