ਨਵੀਂ ਦਿੱਲੀ: ਦਿੱਲੀ ‘ਚ ਕੋਰੋਨਾ ਦੀ ਲਾਗ ਤੇਜ਼ੀ ਨਾਲ ਫੈਲ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਸੰਕਰਮਣ ਦੇ 3,194 ਮਾਮਲੇ ਦਰਜ ਕੀਤੇ ਗਏ ਹਨ। ਚੰਗੀ ਗੱਲ ਇਹ ਹੈ ਕਿ 1,156 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ 14 ਜੂਨ ਨੂੰ 3,078 ਮਾਮਲੇ ਆਏ ਸਨ। ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਘਬਰਾਉਣ ਤੋਂ ਬਚਣ ਦੀ ਅਪੀਲ ਕੀਤੀ ਹੈ। ਕਿਹਾ ਹੈ ਕਿ ਅਸੀਂ ਜ਼ਿੰਮੇਵਾਰ ਬਣਨਾ ਹੈ, ਘਬਰਾਉਣ ਅਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।
ਕੋਰੋਨਾ ਦੀ ਇਸ ਲਹਿਰ ਦਾ ਪ੍ਰਭਾਵ ਬਹੁਤ ਹਲਕਾ ਹੈ। ਫਿਰ ਵੀ ‘ਆਪ’ ਦੀ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਕੋਵਿਡ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਸਮੇਂ ਦਿੱਲੀ ਵਿੱਚ 6,300 ਐਕਟਿਵ ਕੇਸ ਹਨ ਅਤੇ ਸਿਰਫ਼ 82 ਬੈੱਡ ਹੀ ਭਰੇ ਹੋਏ ਹਨ। ਜਦੋਂ ਕਿ 27 ਮਾਰਚ 2021 ਨੂੰ 6,600 ਐਕਟਿਵ ਕੇਸ ਸਨ । ਅੱਜ ਸਿਰਫ 5 ਮਰੀਜ਼ ਵੈਂਟੀਲੇਟਰ ‘ਤੇ ਹਨ, ਜਦੋਂ ਕਿ 1 ਅਪ੍ਰੈਲ 2021 ਨੂੰ ਜਦੋਂ ਇਕ ਦਿਨ ‘ਚ 2700 ਮਾਮਲੇ ਸਾਹਮਣੇ ਆਏ ਸਨ, ਉਦੋਂ 231 ਮਰੀਜ਼ ਵੈਂਟੀਲੇਟਰ ‘ਤੇ ਸਨ। ਮਰਨ ਵਾਲਿਆਂ ਦੀ ਗਿਣਤੀ ਵੀ ਘੱਟ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਰੋਜ਼ਾਨਾ ਔਸਤਨ 10 ਮੌਤਾਂ ਹੋ ਰਹੀਆਂ ਸਨ ਪਰ ਅੱਜ ਕਦੇ ਇੱਕ ਵੀ ਮੌਤ ਨਹੀਂ ਹੋਈ। ਹਸਪਤਾਲਾਂ ਵਿੱਚ ਵੀ 0.22 ਫੀਸਦੀ ਬੈੱਡ ਭਰੇ ਪਏ ਹਨ ਅਤੇ 99.78 ਫੀਸਦੀ ਬੈੱਡ ਖਾਲੀ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਜ਼ਿੰਮੇਵਾਰ ਬਣਨਾ ਪਵੇਗਾ, ਘਬਰਾਉਣ ਅਤੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਮੀਡੀਆ ਨੂੰ ਵੀ ਬੇਨਤੀ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਦਹਿਸ਼ਤ ਨਾ ਫੈਲਾਓ । ਉਨ੍ਹਾਂ ਕਿਹਾ ਕਿ ਸਾਨੂੰ ਜ਼ਿੰਮੇਵਾਰ ਬਣਨਾ ਪਵੇਗਾ, ਮਾਸਕ ਪਹਿਨਣਾ ਪਵੇਗਾ,ਸਮਾਜਿਕ ਦੂਰੀ ਰਖਣੀ ਹੋਵੇਗੀ । ਇੱਕ, ਇਹ ਕੋਰੋਨਾ ਬਹੁਤ ਹਲਕਾ ਹੈ ਅਤੇ ਦੂਜਾ ਤੁਹਾਡੀ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ।