ਥਾਲ਼ੀਆਂ ਵਜਾਉਣ ਅਤੇ ਮੋਮਬਤੀਆਂ ਜਗਾਉਣ ਵਰਗੇ ਜੁਮਲਿਆ ਦੀ ਬਜਾਏ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਸੁਹਿਰਦ ਹੋਵੇ ਸਰਕਾਰ-ਸੰਧਵਾਂ

TeamGlobalPunjab
3 Min Read

 ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕੋਟਕਪੂਰਾ ਤੋਂ ਵਿਧਾਇਕ ਅਤੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੋਮਬਤੀਆਂ ਜਗਾਉਣ ਦੇ ਸੰਦੇਸ਼ ‘ਤੇ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਅੱਜ ਜਦੋਂ ਲੌਕਡਾਊਨ ਕਰਕੇ ਆਮ ਲੋਕ ਆਪਣੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਲਈ ਚਿੰਤਤ ਹਨ, ਉਸ ਵੇਲੇ ਪ੍ਰਧਾਨ ਮੰਤਰੀ ਵੱਲੋਂ ਥਾਲ਼ੀਆਂ ਵਜਾਉਣ ਅਤੇ ਮੋਮਬਤੀਆਂ ਜਗਾਉਣ ਵਰਗੇ ਜੁਮਲਾ ਵਿਸ਼ਵ ਪੱਧਰ ‘ਤੇ ਭਾਰਤੀਆਂ ਲਈ ਨਮੋਸ਼ੀ ਦਾ ਕਾਰਨ ਬਣ ਰਹੇ ਹਨ। ਇਸ ਦੇ ਨਾਲ ਹੀ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੋਰੋਨਾਵਾਇਰਸ ਦਾ ਸ਼ਿਕਾਰ ਹੋਏ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦੀ ਮੌਤ ਤੋਂ ਪਹਿਲਾਂ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਦੇ ਆਇਸੋਲੇਟਡ ਵਾਰਡ ‘ਚੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਫੋਨ ‘ਤੇ ਕੀਤੀ ਗੱਲਬਾਤ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਦਾਅਵਿਆਂ ਦੀ ਪੂਰੀ ਤਰ੍ਹਾਂ ਪੋਲ ਖੋਲ ਦਿੱਤੀ ਹੈ।
ਪਾਰਟੀ ਹੈਡਕੁਆਟਰ ਤੋਂ ਜਾਰੀ ਪ੍ਰੈਸ ਬਿਆਨ ਰਾਹੀਂ ਸੰਧਵਾਂ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਂਮਾਰੀ ਤੋਂ ਬਚਣ ਲਈ ਹਰ ਹਾਲ ਆਪਣੇ ਘਰਾਂ ‘ਚ ਹੀ ਰਹਿਣ ਕਿਉਂਕਿ ਕੈਪਟਨ ਸਰਕਾਰ ਕੋਲ ਇਸ ਦੇ ਉਪਚਾਰ ਲਈ ਕੋਈ ਮੁਢਲਾ ਪ੍ਰਬੰਧ ਵੀ ਨਹੀਂ ਹੈ।
ਸੰਧਵਾਂ ਨੇ ਨਰਿੰਦਰ ਮੋਦੀ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਆਲ ਇੰਡੀਆ ਲੋਡ ਡਿਸਪੈਚ ਸੈਂਟਰ ਦੇ ਸੂਤਰਾਂ ਮੁਤਾਬਿਕ ਜਦੋਂ 5 ਅਪ੍ਰੈਲ ਰਾਤ 9 ਵਜੇ ਪੂਰੇ ਭਾਰਤ ਵਿੱਚ ਇਕਦਮ ਬਿਜਲੀ ਸਪਲਾਈ ਬੰਦ ਹੋ ਕੇ ਦੁਬਾਰਾ ਸ਼ੁਰੂ ਹੋਵੇਗੀ। ਇਸ ਨਾਲ ਦੇਸ਼ ਦੀ ਬਿਜਲੀ ਗਰਿੱਡ ਸਪਲਾਈ ਫ਼ੇਲ੍ਹ ਹੋ ਸਕਦੀ ਹੈ, ਇਸ ਤਰਾਂ ਦੇ ਜੁਮਲੇ ਪਹਿਲਾਂ ਤੋਂ ਹੀ ਪ੍ਰੇਸ਼ਾਨੀ ਝੱਲ ਰਹੇ ਲੋਕਾਂ ਲਈ ਹੋਰ ਮੁਸੀਬਤ ਬਣ ਸਕਦੇ ਹਨ, ਉਨ੍ਹਾਂ ਕਿਹਾ ਕਿ ਲੋਕ ਉਮੀਦ ਕਰ ਰਹੇ ਸਨ ਕਿ ਪ੍ਰਧਾਨ ਮੰਤਰੀ ਲੌਕਡਾਊਨ ਕਰਕੇ ਘਰਾਂ ਵਿਚ ਬੈਠੇ ਲੋਕਾਂ ਲਈ ਰਾਹਤ ਸਮਗਰੀ, ਦੂਰ ਦੁਰਾਡੇ ਫਸੇ ਲੋਕਾਂ ਨੂੰ ਘਰ ਪਹੁੰਚਾਉਣ, ਦੇਸ਼ ਭਰ ਦੇ ਹਸਪਤਾਲਾਂ ਵਿਚ ਚੰਗੀਆਂ ਸਿਹਤ ਸੇਵਾਵਾਂ, ਮਿਹਨਤ ਮਜ਼ਦੂਰੀ ਕਰਕੇ ਨਿੱਤ ਰੋਜ਼ ਗੁਜ਼ਾਰਾ ਕਰਨ ਵਾਲੇ ਲੋਕਾਂ, ਛੋਟੇ ਦੁਕਾਨਦਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਨਗੇ, ਪਰ ਇਸ ਸਮੱਸਿਆ ਨੂੰ ਦਰਕਿਨਾਰ ਕਰਦੇ ਹੋਏ ਮੋਮਬਤੀਆਂ ਜਗਾਉਣ ਦਾ ਸੰਦੇਸ਼ ਦੇਸ਼ਵਾਸੀਆਂ ਦੀਆਂ ਉਕਤ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੈ। ਉਨ੍ਹਾਂ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਜਿੱਥੇ ਸਰਕਾਰ ਆਮ ਲੋਕਾਂ ਨੂੰ ਘਰੇਲੂ ਵਸਤਾਂ ਦੀ ਰਾਹਤ ਪਹੁੰਚਾਉਣ ਵਿਚ ਅਸਫਲ ਰਹੀ ਹੈ। ਉੱਥੇ ਹੀ ਹਸਪਤਾਲਾਂ ਵਿੱਚ ਕੰਮ ਕਰ ਰਹੇ ਡਾਕਟਰਾਂ ਅਤੇ ਸਟਾਫ਼ ਲਈ ਵੀ ਕੋਰੋਨਾ ਤੋਂ ਬਚਾਅ ਲਈ ਪੀਪੀਏ ਕਿੱਟਾਂ, ਮਾਸਕ ਅਤੇ ਸੈਨੀਟੇਜਰ ਵਰਗੀਆਂ ਜ਼ਰੂਰੀ ਵਸਤਾਂ ਦੀ ਘਾਟ ਦੀਆਂ ਖ਼ਬਰਾਂ ਵੱਡੇ ਸਵਾਲ ਖੜੇ ਕਰਦੀਆਂ ਹਨ। ਜਿਸ ਦੇ ਚੱਲਦਿਆਂ ਸੁਰੱਖਿਆ ਉਪਕਰਨਾਂ ਦੀ ਗੰਭੀਰ ਘਾਟ ਕਾਰਨ 9 ਡਾਕਟਰਾਂ ਸਮੇਤ 52 ਸਿਹਤ ਕਾਮੇ ਮਰੀਜ਼ਾਂ ਦਾ ਇਲਾਜ ਕਰਦੇ ਖ਼ੁਦ ਪ੍ਰਭਾਵਿਤ ਹੋ ਗਏ ਹਨ।
ਸੰਧਵਾਂ ਨੇ ਇੱਕ ਹੋਰ ਦੁਖਦਾਇਕ ਪਹਿਲੂ ਉਠਾਉਂਦਿਆਂ ਕਿਹਾ ਕਿ ਜ਼ਰੂਰੀ ਉਪਕਰਨਾਂ ਦੀ ਘਾਟ ਸਦਕਾ ਕਈ ਥਾਵਾਂ ‘ਤੇ ਸਿਹਤ ਅਮਲੇ ਵੱਲੋਂ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਅਤੇ ਸਾਂਭ ਸੰਭਾਲ ਪ੍ਰਤੀ ਅਣਗਹਿਲੀ ਵਰਤੀ ਜਾ ਰਹੀ ਹੈ, ਜੋ ਕਿ ਬੇਹੱਦ ਮਾੜਾ ਰੁਝਾਨ ਹੈ, ਇਸ ਲਈ ਸਰਕਾਰ ਹਸਪਤਾਲਾਂ ਵਿੱਚ ਸਿਹਤ ਅਮਲੇ ਲਈ ਢੁਕਵੀਆਂ ਨਿੱਜੀ ਬਚਾਅ ਕਿੱਟਾਂ, ਮਰੀਜ਼ਾਂ ਲਈ ਵੈਂਟੀਲੇਟਰ ਅਤੇ ਮਰੀਜ਼ਾਂ ਦੇ ਇਲਾਜ ਦੌਰਾਨ ਮਰੀਜ਼ਾਂ ਦਾ ਮਨੋਬਲ ਕਾਇਮ ਰੱਖਣ ਲਈ ਮਨੋਵਿਗਿਆਨਕ ਕੌਂਸਲਿੰਗ ਲਈ ਕਦਮ ਉਠਾਉਣ ਲਈ ਸੁਹਿਰਦ ਹੋਵੇ।

Share this Article
Leave a comment