ਡੱਡੂ ਦੇ ਸਟੈਮ ਸੈੱਲ ਤੋਂ ਬਣਾਇਆ ਦੁਨੀਆ ਦਾ ਪਹਿਲਾਂ ਰੋਬੋਟ, ਕੈਂਸਰ ਦੇ ਇਲਾਜ਼ ‘ਚ ਮਿਲੇਗੀ ਮਦਦ : ਅਧਿਐਨ

TeamGlobalPunjab
3 Min Read

ਕੀ ਤੁਸੀਂ ਅਜਿਹਾ ਰੋਬੋਟ ਵੇਖਿਆ ਹੈ ਜਿਹੜਾ ਮਨੁੱਖੀ ਸਰੀਰ ‘ਚ ਆਸਾਨੀ ਨਾਲ ਚੱਲ ਸਕਦਾ ਹੋਵੇ। ਜੀ ਹਾਂ ਇਹ ਸੱਚ ਹੈ। ਅਮਰੀਕਾ ਦੀ ਵਰਮਾਂਟ ਤੇ ਟਫਟਸ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਬਿਲਕੁਲ ਇਸ ਤਰ੍ਹਾਂ ਦਾ ਹੀ ਇੱਕ ਰੋਬੋਟ ਬਣਾਇਆ ਹੈ ਜਿਹੜਾ ਮਨੁੱਖੀ ਸਰੀਰ ‘ਚ ਆਸਾਨੀ ਨਾਲ ਚੱਲ ਸਕਦਾ ਹੈ। ਵਿਗਿਆਨੀਆਂ ਨੇ ਇਸ ਨੂੰ ਜ਼ੇਨੋਬੋਟਸ ਦਾ ਨਾਮ ਦਿੱਤਾ ਹੈ।

ਅਮਰੀਕਾ ਦੀ ਵਰਮਾਂਟ ਤੇ ਟੁਫਟਸ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਡੱਡੂ ਦੇ ਸਟੇਮ ਸੈੱਲ ਤੋਂ ਦੁਨੀਆਂ ਦਾ ਪਹਿਲਾਂ ਜੀਵਤ ਤੇ ਸੈਲਫ ਹੀਲਿੰਗ (ਆਪਣੇ ਆਪ ਨੂੰ ਠੀਕ ਕਰਨ ਵਾਲਾ) ਰੋਬੋਟ ਬਣਾਇਆ ਹੈ। ਵਿਗਿਆਨੀਆਂ ਨੇ ਇਸ ਰੋਬੋਟ ਨੂੰ ਬਣਾਉਣ ਲਈ ਅਫਰੀਕਾ ਦੇ ਪੰਜੇ ਵਾਲੇ ਡੱਡੂ ਦੇ ਸਟੇਮ ਸੈੱਲਾਂ ਦਾ ਇਸਤਮਾਲ ਕੀਤਾ ਹੈ। ਇਸ ਰੋਬੋਟ ਦਾ ਆਕਾਰ ਇੱਕ ਮਿਲੀਮੀਟਰ (0.004 ਇੰਚ) ਤੋਂ ਵੀ ਘੱਟ ਹੈ।

ਵਿਗਿਆਨੀਆਂ ਦਾ ਦਾਅਵਾ ਹੈ ਕਿ ਇਹ ਰੋਬੋਟ ਮਨੁੱਖੀ ਸਰੀਰ ‘ਚ ਆਸਾਨੀ ਨਾਲ ਤੁਰ ਤੇ ਤੈਰ ਸਕਦਾ ਹੈ। ਇਸ ਤੋਂ ਇਲਾਵਾ ਇਹ ਰੋਬੋਟ ਕਈ ਹਫਤੇ ਬਿਨ੍ਹਾ ਭੋਜਨ ਤੋਂ ਜੀਵਤ ਰਹਿ ਸਕਦਾ ਹੈ ਤੇ ਇੱਕ ਸਮੂਹ ‘ਚ ਵੀ ਮਿਲਕੇ ਕੰਮ ਕਰ ਸਕਦਾ ਹੈ।

ਵਿਗਿਆਨੀਆਂ ਅਨੁਸਾਰ ਇਹ ਰੋਬੋਟ ਕੈਂਸਰ ਦੇ ਇਲਾਜ ‘ਚ ਵੀ ਮਦਦ ਕਰੇਗਾ। ਇਸ ਮਾਈਕਰੋ ਰੋਬੋਟ ਦੀ ਵਰਤੋਂ ਕੈਂਸਰ ਸੈੱਲਾਂ ਨੂੰ ਨਸ਼ਟ ਕਰਨ ਜਾਂ ਸਮੁੰਦਰ ਤੋਂ ਮਾਈਕ੍ਰੋਪਲਾਸਟਿਕਸ ਨੂੰ ਦੂਰ ਕਰਨ ਲਈ ਕੀਤੀ ਜਾ ਸਕਦੀ ਹੈ। ਇਸ ਰੋਬੋਟ ਦੀ ਖੋਜ ਵਰਮਾਂਟ ਯੂਨੀਵਰਸਿਟੀ ਨੇ ਟਫਟਸ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੀਤੀ ਹੈ।

- Advertisement -

ਵਿਗਿਆਨੀਆਂ ਨੇ ਇਸ ਰੋਬੋਟ ਨੂੰ ਜ਼ਿੰਦਗੀ ਦਾ ਨਵਾਂ ਰੂਪ ਦੱਸਿਆ ਹੈ। ਸਟੇਮ ਸੈੱਲਾਂ ‘ਚ ਵੱਖ-ਵੱਖ ਤਰ੍ਹਾਂ ਦੇ ਸੈੱਲਾਂ ‘ਚ ਵਿਕਸ਼ਿਤ ਹੋਣ ਦੀ ਸ਼ਕਤੀ ਹੁੰਦੀ ਹੈ। ਖੋਜਕਰਤਾਵਾਂ ਨੇ ਡੱਡੂ ਦੇ ਭਰੂਣ ਤੋਂ ਜੀਵਿਤ ਸਟੇਮ ਸੈੱਲ ਕੱਢ ਕੇ ਉਨ੍ਹਾਂ ਸਟੇਮ ਸੈੱਲਾਂ ਨੂੰ ਅੰਡੇ ‘ਤੇ ਰੱਖ ਦਿੱਤਾ। ਕੁਝ ਸਮੇਂ ਬਾਅਦ ਸਟੇਮ ਸੈੱਲ ਸੁਪਰ ਕੰਪਿਊਟਰ ਦੁਆਰਾ ਡਿਜ਼ਾਇਨ ਕੀਤੇ ਗਏ ਵਿਸ਼ੇਸ਼ “ਬਾਡੀ ਫਾਰਮਸ” ‘ਚ ਤਬਦੀਲ ਹੋ ਗਏ। ਖੋਜਕਰਤਾਵਾਂ ਅਨੁਸਾਰ ਕੁਦਰਤ ‘ਚ ਅਜਿਹਾ ਕਦੀ ਨਹੀਂ ਵੇਖਿਆ ਗਿਆ। ਇਸ ਤੋਂ ਬਾਅਦ ਸੈੱਲਾਂ ਨੇ ਆਪਣੇ ਆਪ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਜੇਨੋਬੋਟਸ ਨਾਮੀ ਰੋਬੋਟ ‘ਚ ਆਪਣੇ ਆਪ ਨੂੰ ਠੀਕ ਕਰਨ ਦੀ ਯੋਗਤਾ ਹੈ। ਜਦੋਂ ਵਿਗਿਆਨੀਆਂ ਨੇ ਰੋਬੋਟ ਦੇ ਦੋ ਟੁਕੜੇ ਕੀਤੇ ਤਾਂ ਕੁਝ ਸਮੇਂ ਬਾਅਦ ਰੋਬੋਟ ਆਪਣੇ ਆਪ ਠੀਕ ਹੋ ਗਿਆ ਤੇ ਉਸੇ ਤਰ੍ਹਾਂ ਕੰਮ ਕਰਨ ਲੱਗਾ।

ਇਹ ਰੋਬੋਟ ਸਮੁੰਦਰਾਂ ਦੀ ਰਹਿੰਦ-ਖੂੰਹਦ, ਮਾਈਕ੍ਰੋਪਲਾਸਟਿਕ ਨੂੰ ਇਕੱਠਾ ਕਰਨ ਤੇ ਮਨੁੱਖੀ ਸਰੀਰ ‘ਚ ਦਵਾਈਆਂ ਨੂੰ ਲਿਜਾਣ ‘ਚ ਮਦਦ ਕਰਨਗੇ। ਜ਼ੇਨੋਬੋਟਸ ਕਈ ਦਿਨ ਜਾਂ ਹਫਤੇ ਬਿਨ੍ਹਾਂ ਭੋਜਨ ਤੋਂ ਜੀਵਿਤ ਰਹਿ ਸਕਦੇ ਹਨ। ਇਸ ਤੋਂ ਇਲਾਵਾ ਜ਼ੇਨੋਬੋਟਸ ਖੋਜਕਰਤਾਵਾਂ ਨੂੰ ਸੈੱਲ ਜੀਵ-ਵਿਗਿਆਨ ਬਾਰੇ ਵਧੇਰੇ ਜਾਣਕਾਰੀ ਹਾਸਿਲ ਕਰਨ ‘ਚ ਮਦਦ ਕਰ ਸਕਦੇ ਹਨ।

Share this Article
Leave a comment