ਡਾਕਟਰੀ ਸਹੂਲਤਾਂ ਮੁਕੰਮਲ ਕਰਨ ਦੀ ਬਜਾਇ ਮੋਦੀ ਡਰਾਮੇ ਕਰ ਰਹੇ ਹਨ : ਸਤਨਾਮ ਦਾਊਂ

TeamGlobalPunjab
2 Min Read

ਚੰਡੀਗੜ੍ਹ : ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਨੇ ਲੰਘੇ ਦਿਨ ਰਾਸ਼ਟਰ ਨੂੰ ਸੰਬੋਧਨ ਕਰਦਿਆਂ 130 ਕਰੋੜ ਨਾਗਰਿਕਾਂ ਨੂੰ ਐਤਵਾਰ 5 ਅਪ੍ਰੈਲ ਨੂੰ 9 ਮਿੰਟ ਲਈ ਕੋਰੋਨਵਾਇਰਸ ਦੁਆਰਾ ਫੈਲੇ ਹਨੇਰੇ ਨੂੰ ਦੂਰ ਕਰਨ ਲਈ ਦੀਵੇ, ਮੋਮਬੱਤੀ ਜਾਂ ਮੋਬਾਈਲ ਫਲੈਸ਼ ਲਾਈਟ ਰਾਹੀਂ ਚਾਨਣਾ ਕਰਨ ਦੀ ਅਪੀਲ ਕੀਤੀ ਹੈ।
ਇਸ ਸਬੰਧੀ ਸਮਾਜ ਸੇਵੀ ਜੱਥੇਬੰਦੀ “ਪੰਜਾਬ ਅਗੇੱਸਟ ਕੁਰੱਪਸ਼ਨ” ਦੇ ਪ੍ਰਧਾਨ ਸਤਨਾਮ ਦਾਊਂ, ਅਤੇ ਜਨਰਲ ਸਕੱਤਰ ਡਾ. ਮਜੀਦ ਆਜ਼ਾਦ ਨੇ ਪ੍ਰਧਾਨ ਮੰਤਰੀ ਦੀ ਇਸ ਅਪੀਲ ਨੂੰ ਡਰਾਮਾ ਅਤੇ ਮੂਰਖਾਨਾ ਕਾਰਵਾਈ ਦੱਸਿਆ ਹੈ ਜਿਸ ਨਾਲ ਦੇਸ਼ ਦਾ ਬਿਜਲੀ ਪ੍ਰਬੰਧ ਗੰਭਿਰ ਸੰਕਟ ਦਾ ਸ਼ਿਕਾਰ ਹੋਕੇ ਲੰਮੇ “ਬਲੈਕ ਆਊਟ” ਹੋ ਸਕਦਾ ਹੈ ਜਿਸ ਨਾਲ ਹਸਪਤਾਲਾਂ ਵਿੱਚ ਬਿਜਲੀ ਨਾਲ ਚੱਲਣ ਵਾਲੇ ਉਪਕਰਣ ਦੀ ਵਰਤੋ ਵਿੱਚ ਗੰਭਿਰ ਮਸਲਾ ਖੜਾ ਹੋ ਸਕਦਾ ਹੈ।
ਉਹਨਾ ਕਿਹਾ ਕਿ ਲੋੜ ਇਸ ਮੌਕੇ ਡਾਕਟਰੀ ਸਹੂਲਤਾਂ ਨੂੰ ਮਜਬੂਤ ਕਰਨ ਦੀ ਹੈ ਪ੍ਰੰਤੂ ਪ੍ਰਧਾਨ ਮੰਤਰੀ ਸਾਹਿਬ ਇਸ ਮੌਕੇ ਡਰਾਮੇ ਰਚ ਰਹੇ ਹਨ।
ਉਹਨਾ ਕਿਹਾ ਕਿ ਇਸ ਸਬੰਧੀ ਫੋਰਮ ਆਫ ਲੋਡ ਡੀਸਪੈੱਚਰਜ਼ (ਫੋਲਡ), ਦਿੱਲੀ , ਆਲ ਇੰਡੀਆ ਲੋਡ ਡਿਸਪੈਚ ਸੈਂਟਰ ਵਲੋ ਪ੍ਰਧਾਨ ਮੰਤਰੀ ਦੇ ਨਾਮ ਲਿਖੇ ਪੱਤਰ ਦਾ ਗੰਭਿਰ ਨੋਟਿਸ ਲੈਕੇ ਇਸ ਬਲੈਕ-ਆਊਟ ਦੀ ਅਪੀਲ ਵਾਪਸ ਲੈਣ ਸਬੰਧੀ ਮੰਗ ਕੀਤੀ ਹੈ।
ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ “ਲੋਕ ਮੋਮਬੱਤੀ ਸ਼ੋਅ’ ਦਾ ਬਾਈਕਾਟ ਕਰਨ, ਤਾਂ ਕਿ ਦੇਸ਼ ਦੇ ਬਿਜਲੀ ਪ੍ਰਬੰਧ ਨੂੰ ਕਿਸੇ ਤਰਾਂ ਦਾ ਸੰਕਟ ਪੈਦਾ ਨਾ ਹੋਵੇ।

Share this Article
Leave a comment