ਡਰਨ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਪਾਕਿਸਤਾਨ ਦੇ ਨਾਲ ਹੈ ਚੀਨ: ਜੈਸ਼ ਮੁਖੀ

Prabhjot Kaur
4 Min Read

ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਦੇ ਠੀਕ ਇਕ ਹਫ਼ਤੇ ਬਾਅਦ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਮੌਲਾਨਾ ਮਸੂਦ ਅਜ਼ਹਰ ਨੇ ਨਵਾਂ ਆਡੀਓ ਜਾਰੀ ਕੀਤਾ ਹੈ। ਤਾਜ਼ਾ ਆਡੀਓ ਵਿਚ ਮਸੂਦ ਅਜ਼ਹਰ ਨੇ ਪੁਲਵਾਮਾ ਹਮਲੇ ਵਿਚ ਕਿਸੇ ਤਰ੍ਹਾਂ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ, ਇੱਥੇ ਤੱਕ ਦੀ ਉਸ ਨੇ ਦਾਅਵਾ ਕੀਤਾ ਹੈ ਕਿ ਉਹ ਕਦੇ ਅਤਿਵਾਦੀ ਆਦਿਲ ਅਹਿਮਦ ਡਾਰ ਨੂੰ ਨਹੀਂ ਮਿਲਿਆ ਸੀ। ਇਸ ਆਡੀਓ ਵਿਚ ਉਸ ਨੇ ਪਾਕਿਸਤਾਨੀ ਸਰਕਾਰ ਅਤੇ ਮੀਡੀਆ ਨੂੰ ਡਰਪੋਕ ਵੀ ਦੱਸਿਆ।

ਇਸ ਤੋਂ ਪਹਿਲਾਂ ਹਮਲੇ ਤੋਂ ਬਾਅਦ ਜੈਸ਼ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ ਪਰ ਹੁਣ ਉਹ ਮੁਕਰਦਾ ਵਿਖਾਈ ਦੇ ਰਿਹਾ ਹੈ। ਵੀਰਵਾਰ ਨੂੰ ਜਾਰੀ ਕੀਤੀ ਗਈ ਇਸ ਆਡੀਓ ਵਿਚ ਮਸੂਦ ਅਜ਼ਹਰ ਨੇ ਕਿਹਾ ਕਿ ਪੁਲਵਾਮਾ ਹਮਲੇ ਤੋਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 2019 ਦੀਆਂ ਲੋਕਸਭਾ ਚੋਣਾਂ ਵਿਚ ਘਾਟਾ ਪਵੇਗਾ। ਉਸ ਨੇ ਇਹ ਵੀ ਕਿਹਾ ਕਿ ਉਹ ਪਾਕਿਸਤਾਨ ਨੂੰ ਕਿਸੇ ਤਰ੍ਹਾਂ ਦੀ ਜੰਗ ਵਿਚ ਨਹੀਂ ਧਕੇਲਨਾ ਚਾਹੁੰਦਾ। ਆਡੀਓ ਵਿਚ ਇਹ ਵੀ ਕਿਹਾ ਗਿਆ ਹੈ ਕਿ ਚੀਨ ਹਮੇਸ਼ਾ ਪਾਕਿਸਤਾਨ ਦਾ ਹੀ ਸਮਰਥਨ ਕਰੇਗਾ, ਇਸ ਲਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ।

ਉਸ ਨੇ ਕਿਹਾ ਕਿ ਨਰਿੰਦਰ ਮੋਦੀ ਕਸ਼ਮੀਰ ਵਿਚ ਪੂਰੀ ਤਰ੍ਹਾਂ ਫੇਲ ਹੋ ਗਏ ਹਨ। ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਦੁਨੀਆਂ ਭਰ ਵਿਚ ਘਿਰੀ ਪਾਕਿਸਤਾਨ ਦੀ ਸਰਕਾਰ ਨੂੰ ਮਸੂਦ ਅਜ਼ਹਰ ਨੇ ਡਰਪੋਕ ਕਰਾਰ ਦਿਤਾ, ਉਸ ਨੇ ਕਿਹਾ ਕਿ ਇੱਥੇ ਦੀ ਮੀਡੀਆ ਅਤੇ ਸਰਕਾਰ ਦੋਵੇਂ ਹੀ ਡਰੇ ਹੋਏ ਹਨ। ਅਪਣੀ ਇਸ ਆਡੀਓ ਵਿਚ ਮਸੂਦ ਅਜ਼ਹਰ ਨੇ ਆਦਿਲ ਅਹਿਮਦ ਡਾਰ ਦਾ ਵੀ ਨਾਮ ਲਿਆ। ਦੱਸ ਦਈਏ ਕਿ ਆਦਿਲ ਨੇ ਹੀ ਪੁਲਵਾਮਾ ਵਿਚ ਆਤਮਘਾਤੀ ਹਮਲਾ ਕੀਤਾ ਸੀ ਅਤੇ ਅਪਣੀ ਗੱਡੀ ਲੈ ਕੇ ਸੀਆਰਪੀਐਫ਼ ਦੇ ਕਾਫ਼ਲੇ ਵਿਚ ਜਾ ਟੱਕਰ ਮਾਰੀ ਸੀ।

ਆਡੀਓ ‘ਚ ਮਸੂਦ ਅਜ਼ਹਰ ਬੋਲਿਆ, ‘’ਜਿੰਨੀ ਗਾਲ੍ਹ ਦੇਣੀ ਹੈ ਦੇ ਦਿਓ ਮੈਨੂੰ ਪਰ ਆਦਿਲ ਅਹਿਮਦ ਦੇ ਵਿਰੁਧ ਕੁੱਝ ਨਾ ਕਹਿਣਾ। ਕਸ਼ਮੀਰ ਵਿਚ ਆਜ਼ਾਦੀ ਦੀ ਲੜਾਈ ਅਪਣੇ ਪੈਰਾਂ ਉਤੇ ਖੜੀ ਹੋ ਚੁੱਕੀ ਹੈ। ਉੱਥੇ ਕਿਸੇ ਵਿਦੇਸ਼ੀ ਤਾਕਤ ਦੀ ਜ਼ਰੂਰਤ ਨਹੀਂ ਹੈ।’’ ਉਸ ਨੇ ਇਸ ਆਡੀਓ ਵਿਚ ਆਦਿਲ ਨਾਲ ਕਿਸੇ ਤਰ੍ਹਾਂ ਦਾ ਸਬੰਧ ਹੋਣ ਤੋਂ ਵੀ ਨਾਕਾਰਿਆ, ਉਸ ਨੇ ਕਿਹਾ ਕਿ ਆਦਿਲ ਨੂੰ ਪੂਰੀ ਦੁਨੀਆਂ ਮੇਰੇ ਨਾਲ ਜੋੜ ਰਹੀ ਹੈ ਪਰ ਮੇਰੀ ਹਜ਼ਰਤ ਹੈ ਕਿ ਕਾਸ਼, ਮੈਂ ਉਸ ਨੂੰ ਕਦੇ ਮਿਲਿਆ ਹੁੰਦਾ।

- Advertisement -

ਜੇਕਰ ਆਦਿਲ ਦੀ ਵਜ੍ਹਾ ਕਰਕੇ ਮੈਨੂੰ ਮਾਰ ਦਿਤਾ ਜਾਵੇ ਤਾਂ ਕੋਈ ਪਛਤਾਵਾ ਨਹੀਂ ਹੋਵੇਗਾ, ਇਹ ਮੇਰੇ ਲਈ ਸ਼ਹਾਦਤ ਹੋਵੇਗੀ। ਅਪਣੇ ਇਸ ਆਡੀਓ ਵਿਚ ਮਸੂਦ ਅਜ਼ਹਰ ਨੇ ਪਾਕਿਸਤਾਨੀ ਕਾਲਮਿਸਟ ਅਯਾਜ਼ ਦੀ ਵੀ ਤਾਰੀਫ਼ ਕੀਤੀ, ਜਿਨ੍ਹੇ ਆਦਿਲ ਅਹਿਮਦ ਡਾਰ ਦੀ ਖੁੱਲੇ ਤੌਰ ’ਤੇ ਤਾਰੀਫ਼ ਕੀਤੀ ਸੀ। ਉਸ ਨੇ ਅਪੀਲ ਕੀਤੀ ਹੈ ਕਿ ਪਾਕਿਸਤਾਨੀ ਆਵਾਮ ਨੂੰ ਹਿੰਦੁਸਤਾਨ ਦੇ ਦਬਾਅ ਵਿਚ ਨਹੀਂ ਆਉਣਾ ਚਾਹੀਦਾ।

ਦੱਸ ਦਈਏ ਕਿ ਅਮਰੀਕਾ, ਫ਼ਰਾਂਸ, ਰੂਸ ਵਰਗੇ ਕਈ ਦੇਸ਼ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜਹਰ ਉਤੇ ਬੈਨ ਲਗਾਉਣ ਲਈ ਭਾਰਤ ਦੀ ਮੁਹਿੰਮ ਵਿਚ ਨਾਲ ਆ ਗਏ ਹਨ, ਜਿਸ ਤੋਂ ਬਾਅਦ ਹੀ ਜੈਸ਼ ਬੌਖ਼ਲਾ ਗਿਆ ਹੈ। ਦੱਸ ਦਈਏ ਕਿ 14 ਫਰਵਰੀ ਨੂੰ ਹੋਏ ਅਤਿਵਾਦੀ ਹਮਲੇ ਵਿਚ 40 ਜਵਾਨ ਸ਼ਹੀਦ ਹੋ ਗਏ ਸਨ, ਪਹਿਲਾਂ ਇਸ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਸੀ ਪਰ ਹੁਣ ਉਹ ਮੁਕਰਦਾ ਵਿਖਾਈ ਦੇ ਰਿਹਾ ਹੈ।

ਘਟਨਾ ਤੋਂ ਬਾਅਦ ਹੀ ਦੁਨੀਆਂ ਭਰ ਵਿਚ ਪਾਕਿਸਤਾਨ ਦੀ ਥੂ-ਥੂ ਹੋ ਰਹੀ ਹੈ, ਜਿਸ ਤੋਂ ਬਾਅਦ ਇਮਰਾਨ ਖ਼ਾਨ ਨੂੰ ਸਫ਼ਾਈ ਦੇਣ ਆਉਣਾ ਪਿਆ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਪਣੇ ਬਿਆਨ ਵਿਚ ਕਿਹਾ ਕਿ ਜੇਕਰ ਕੋਈ ਸਬੂਤ ਹੈ ਤਾਂ ਉਹ ਕਾਰਵਾਈ ਕਰਨ ਲਈ ਤਿਆਰ ਹਨ। ਧਿਆਨ ਯੋਗ ਹੈ ਕਿ ਜੈਸ਼-ਏ-ਮੁਹੰਮਦ ਦਾ ਮੁਖੀ ਮਸੂਦ ਅਜ਼ਹਰ ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨ ਨੂੰ ਹੀ ਅਪਣਾ ਅੱਡਾ ਬਣਾ ਕੇ ਬੈਠਾ ਹੋਇਆ ਹੈ। ਪੁਲਵਾਮਾ ਹਮਲੇ ਨੂੰ ਅੰਜਾਮ ਦੇਣ ਵਾਲੇ ਜੈਸ਼ ਦੇ ਅਤਿਵਾਦੀਆਂ ਨੂੰ ਭਾਰਤੀ ਸੁਰੱਖਿਆ ਬਲਾਂ ਨੇ ਪੁਲਵਾਮਾ ਵਿਚ ਹੀ ਇਕ ਐਨਕਾਉਂਟਰ ਵਿਚ ਮਾਰ ਸੁੱਟਿਆ ਹੈ।

Share this Article
Leave a comment