ਟੀਮ ਇੰਡੀਆ ਨੇ ਮੁੰਬਈ ਟੈਸਟ ‘ਚ ਰਚਿਆ ਇਤਿਹਾਸ, ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾਇਆ

TeamGlobalPunjab
3 Min Read

ਨਵੀਂ ਦਿੱਲੀ: ਭਾਰਤ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਦੂਜੇ ਤੇ ਆਖਰੀ ਟੈਸਟ ਮੈਚ ਦੇ ਚੌਥੇ ਦਿਨ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤ ਲਈ ।ਟੀਮ ਇੰਡੀਆ ਨੇ ਮੁੰਬਈ ਟੈਸਟ ਦੇ ਚੌਥੇ ਦਿਨ ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਨਿਊਜ਼ੀਲੈਂਡ ਦੀਆਂ ਪੰਜ ਵਿਕਟਾਂ ਝਟਕਾਈਆਂ। ਭਾਰਤ ਲਈ ਦੂਜੀ ਪਾਰੀ ਵਿਚ ਅਸ਼ਵਿਨ ਅਤੇ ਜਯੰਤ ਯਾਦਵ ਦੋਵਾਂ ਨੇ ਚਾਰ-ਚਾਰ ਵਿਕਟਾਂ ਲਈਆਂ।

ਟੀਮ ਇੰਡੀਆ ਨੇ ਵਾਨਖੇੜੇ ਸਟੇਡੀਅਮ ‘ਚ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾਇਆ, ਜੋ ਦੌੜਾਂ ਦੇ ਮਾਮਲੇ ‘ਚ ਭਾਰਤੀ ਕ੍ਰਿਕਟ ਟੀਮ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਦੀ ਸਭ ਤੋਂ ਵੱਡੀ ਜਿੱਤ ਸਾਲ 2015 ‘ਚ ਮਿਲੀ ਸੀ ਜਦੋਂ ਭਾਰਤ ਨੇ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ‘ਤੇ ਦੱਖਣੀ ਅਫਰੀਕਾ ਨੂੰ 337 ਦੌੜਾਂ ਨਾਲ ਹਰਾਇਆ ਸੀ। ਹੁਣ 6 ਸਾਲਾਂ ਬਾਅਦ ‘ਵਿਰਾਟ ਸੈਨਾ’ ਆਪਣਾ ਹੀ ਰਿਕਾਰਡ ਤੋੜਨ ‘ਚ ਕਾਮਯਾਬ ਹੋ ਗਈ ਹੈ।

ਟੀਮ ਇੰਡੀਆ ਦੀ ਇਹ ਵੱਡੀ ਜਿੱਤ ਉਨ੍ਹਾਂ ਦੇ ਗੇਂਦਬਾਜ਼ਾਂ ਤੋਂ ਬਿਨਾਂ ਸੰਭਵ ਨਹੀਂ ਸੀ। ਭਾਰਤ ਲਈ ਜਯੰਤ ਯਾਦਵ ਅਤੇ ਰਵੀਚੰਦਰਨ ਅਸ਼ਵਿਨ ਨੇ 4-4 ਬੱਲੇਬਾਜ਼ਾਂ ਨੂੰ ਪੈਵੇਲੀਅਨ ਦਾ ਰਾਹ ਦਿਖਾਇਆ। ਇਸ ਦੇ ਨਾਲ ਹੀ ਅਕਸ਼ਰ ਪਟੇਲ ਨੇ 1 ਵਿਕਟ ਲਿਆ।

ਦੱਸ ਦੇਈਏ ਕਿ ਦੋਹਾਂ ਟੀਮਾਂ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਕਾਨਪੁਰ ਵਿੱਚ ਖੇਡਿਆ ਗਿਆ ਸੀ, ਜੋ ਕਿ ਡਰਾਅ ਰਿਹਾ ਸੀ। ਇਹ ਸੀਰੀਜ਼ ਦਾ ਦੂਜਾ ਤੇ ਆਖਰੀ ਮੁਕਾਬਲਾ ਸੀ, ਜਿਸ ਵਿੱਚ ਭਾਰਤ ਨੇ ਵੱਡੇ ਫਰਕ ਨਾਲ ਨਿਊਜ਼ੀਲੈਂਡ ਦੀ ਟੀਮ ਨੂੰ ਮਾਤ ਦਿੱਤੀ ਹੈ। ਇਸ ਮੁਕਾਬਲੇ ਵਿੱਚ ਟੀਮ ਇੰਡੀਆ ਨੇ ਪਹਿਲੀ ਪਾਰੀ ਵਿੱਚ 325 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ ਸਿਰਫ 62 ਦੌੜਾਂ ‘ਤੇ ਆਲ ਆਊਟ ਹੋ ਗਈ ਸੀ ।
ਦੂਜੀ ਪਾਰੀ ਵਿੱਚ ਭਾਰਤੀ ਟੀਮ ਨੇ 276 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਸੀ । ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ ‘ਤੇ 540 ਦੌੜਾਂ ਦਾ ਕੁੱਲ ਟੀਚਾ ਮਿਲਿਆ । ਪਹਿਲਾਂ ਹੀ ਸੰਘਰਸ਼ ਕਰ ਰਹੀ ਨਿਊਜ਼ੀਲੈਂਡ ਦੀ ਟੀਮ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ 5 ਵਿਕਟਾਂ ਦੇ ਨੁਕਸਾਨ ‘ਤੇ 140 ਦੌੜਾਂ ਹੀ ਬਣਾ ਸਕੀ । ਮੈਚ ਦੇ ਚੌਥੇ ਦਿਨ ਭਾਰਤੀ ਗੇਂਦਬਾਜ਼ਾਂ ਨੇ ਸ਼ੁਰੂ ਤੋਂ ਦਬਦਬਾ ਕਾਇਮ ਰੱਖਿਆ ਤੇ ਮਹਿਜ਼ 27 ਦੌੜਾਂ ‘ਤੇ 5 ਵਿਕਟਾਂ ਲੈ ਲਈਆਂ।

Share this Article
Leave a comment