ਨਵੀਂ ਦਿੱਲੀ: ਭਾਰਤ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਦੂਜੇ ਤੇ ਆਖਰੀ ਟੈਸਟ ਮੈਚ ਦੇ ਚੌਥੇ ਦਿਨ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤ ਲਈ ।ਟੀਮ ਇੰਡੀਆ ਨੇ ਮੁੰਬਈ ਟੈਸਟ ਦੇ ਚੌਥੇ ਦਿਨ ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਨਿਊਜ਼ੀਲੈਂਡ ਦੀਆਂ ਪੰਜ ਵਿਕਟਾਂ ਝਟਕਾਈਆਂ। ਭਾਰਤ ਲਈ ਦੂਜੀ ਪਾਰੀ ਵਿਚ ਅਸ਼ਵਿਨ ਅਤੇ ਜਯੰਤ ਯਾਦਵ ਦੋਵਾਂ ਨੇ ਚਾਰ-ਚਾਰ ਵਿਕਟਾਂ ਲਈਆਂ।
ਟੀਮ ਇੰਡੀਆ ਨੇ ਵਾਨਖੇੜੇ ਸਟੇਡੀਅਮ ‘ਚ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾਇਆ, ਜੋ ਦੌੜਾਂ ਦੇ ਮਾਮਲੇ ‘ਚ ਭਾਰਤੀ ਕ੍ਰਿਕਟ ਟੀਮ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਦੀ ਸਭ ਤੋਂ ਵੱਡੀ ਜਿੱਤ ਸਾਲ 2015 ‘ਚ ਮਿਲੀ ਸੀ ਜਦੋਂ ਭਾਰਤ ਨੇ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ‘ਤੇ ਦੱਖਣੀ ਅਫਰੀਕਾ ਨੂੰ 337 ਦੌੜਾਂ ਨਾਲ ਹਰਾਇਆ ਸੀ। ਹੁਣ 6 ਸਾਲਾਂ ਬਾਅਦ ‘ਵਿਰਾਟ ਸੈਨਾ’ ਆਪਣਾ ਹੀ ਰਿਕਾਰਡ ਤੋੜਨ ‘ਚ ਕਾਮਯਾਬ ਹੋ ਗਈ ਹੈ।
ਟੀਮ ਇੰਡੀਆ ਦੀ ਇਹ ਵੱਡੀ ਜਿੱਤ ਉਨ੍ਹਾਂ ਦੇ ਗੇਂਦਬਾਜ਼ਾਂ ਤੋਂ ਬਿਨਾਂ ਸੰਭਵ ਨਹੀਂ ਸੀ। ਭਾਰਤ ਲਈ ਜਯੰਤ ਯਾਦਵ ਅਤੇ ਰਵੀਚੰਦਰਨ ਅਸ਼ਵਿਨ ਨੇ 4-4 ਬੱਲੇਬਾਜ਼ਾਂ ਨੂੰ ਪੈਵੇਲੀਅਨ ਦਾ ਰਾਹ ਦਿਖਾਇਆ। ਇਸ ਦੇ ਨਾਲ ਹੀ ਅਕਸ਼ਰ ਪਟੇਲ ਨੇ 1 ਵਿਕਟ ਲਿਆ।