ਅੰਮ੍ਰਿਤਸਰ : ਹਿੰਦੀ ਦੀ ਇੱਕ ਕਹਾਵਤ ਹੈ ‘ਘਰ ਦਾ ਭੇਤੀ ਲੰਕਾ ਢਾਹੇ’, ਜਿਸ ਦਾ ਮਤਲਬ ਹੈ ਜਿਹੜੇ ਆਪਣੇ ਨੂੰ ਅੰਦਰੂਨੀ ਭੇਦਾਂ ਦਾ ਪਤਾ ਹੁੰਦਾ ਹੈ ਉਹ ਕਦੇ ਵੀ ਤੁਹਾਡਾ ਬੇੜਾ ਗਰਕ ਕਰ ਸਕਦਾ ਹੈ। ਲਗਦਾ ਹੈ ਕਿ ਟਕਸਾਲੀ ਅਕਾਲੀ ਇਸ ਕਹਾਵਤ ਨੂੰ ਆਉਂਦੀਆਂ ਚੋਣਾਂ ਤੋਂ ਪਹਿਲਾਂ ਹੀ ਸੱਚ ਕਰਨ ‘ਤੇ ਤੁਲੇ ਹੋਏ ਹਨ। ਅਕਾਲੀ ਦਲ ਦੇ ਇਨ੍ਹਾਂ ਵਿਭੀਸ਼ਣਾਂ ਨੇ ਹੌਲੀ-ਹੌਲੀ ਕਰਕੇ ਆਪਣੀ ਮਾਂ ਪਾਰਟੀ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਹੁਣ ਤੱਕ ਤਾਂ ਸਿਆਸਤ ਦੇ ਇਨ੍ਹਾਂ ਬਾਬਿਆਂ ਨੇ ਸਿਰਫ ਜਬਾਨੀ-ਕਲਾਮੀ ਅਕਾਲੀ ਦਲ ਤੇ ਬਾਦਲਾਂ ਨੂੰ ਘੇਰਨ ਦੀ ਰਣਨੀਤੀ ਅਪਣਾਈ ਹੋਈ ਸੀ ਪਰ ਹੁਣ ਇਹ ਲੋਕ ਸਬੂਤਾਂ ਤੇ ਗਵਾਹਾਂ ਦੀ ਸਿਆਸਤ ‘ਤੇ ਉੱਤਰ ਆਏ ਹਨ। ਬਾਬਿਆਂ ਦੀ ਇਹ ਤਿੱਕੜੀ ਸੁਖਬੀਰ ਬਾਦਲ ਦੇ ਉਨ੍ਹਾਂ ਨੂੰ ਕਾਂਗਰਸ ਦੀ ਬੀ ਟੀਮ ਕਹਿਣ ਤੇ ਇਨ੍ਹਾਂ ਚਿੜ੍ਹ ਗਈ ਹੈ ਕਿ ਉਨ੍ਹਾਂ ਨੇ ਪੱਤਰਕਾਰਾਂ ਸਾਹਮਣੇ ਕੁਝ ਅਜਿਹੀਆਂ ਤਸਵੀਰਾਂ ਪੇਸ਼ ਕੀਤੀਆਂ ਹਨ ਜਿਨ੍ਹਾਂ ਵਿੱਚ ਵੱਡੇ-ਛੋਟੇ ਬਾਦਲ ਅਤੇ ਕੈਪਟਨ ਇਕੱਠਿਆਂ ਬੈਠੇ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ। ਕੁੱਲ ਮਿਲਾ ਕਿ ਇਹ ਸਭ ਦੇਖਣ ਤੋਂ ਬਾਅਦ ਲੋਕ ਇਹ ਸੋਚਣ ਤੇ ਮਜ਼ਬੂਰ ਹੋ ਗਏ ਹਨ ਕਿ ਸੱਚ ਕੀ ਹੈ ਤੇ ਝੂਠ ਕੀ?
ਦੱਸ ਦਈਏ ਕਿ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਦੋਂ ਬੀਤੇ ਦਿਨੀਂ ਟਕਸਾਲੀ ਅਕਾਲੀ ਪਾਰਟੀ ਨੂੰ ਕਾਂਗਰਸ ਦੀ ਬੀ-ਪਾਰਟੀ ਕਹਿ ਕੇ ਸੰਬੋਧਿਤ ਕੀਤਾ ਸੀ ਤਾਂ ਉਸ ਵੇਲੇ ਟਕਸਾਲੀਆਂ ਨੇ ਇਹ ਕਹਿ ਕੇ ਭੜਾਸ ਕੱਢੀ ਸੀ ਕਿ ਇਹ ਦੋਸ਼ ਬਿਲਕੁਲ ਝੂਠੇ ਹਨ ਜਿਸ ਲਈ ਉਹ ਸ਼੍ਰੀ ਹਰਿਮੰਦਰ ਸਾਹਿਬ ‘ਤੇ ਜਾ ਕੇ ਸਹੁੰ ਚੁੱਕਣ ਲਈ ਵੀ ਤਿਆਰ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਦਾ ਖੁਲਾਸਾ ਕਰਦਿਆਂ ਟਕਸਾਲੀਆਂ ਨੇ ਹੱਢ ਤੇ ਮਾਰਨ ਵਾਲਾ ਬਿਆਨ ਦਿੰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਇਹ ਗੱਲ ਖੁਦ ਮੰਨੀ ਸੀ ਕਿ ਜੇਕਰ ਉਨ੍ਹਾਂ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਲੰਬੀ ਅਤੇ ਰਵਨੀਤ ਸਿੰਘ ਬਿੱਟੂ ਜਲਾਲਾਬਾਦ ਤੋਂ ਚੋਣ ਨਾ ਲੜਦੇ ਤਾਂ ਉਹ ਦੋਵੇਂ ਸੀਟਾਂ ਤੋਂ ਅਕਾਲੀ ਪਾਰਟੀ ਕਦੀ ਵੀ ਜਿੱਤ ਹਾਸਿਲ ਨਹੀਂ ਸੀ ਕਰ ਸਕਦੀ। ਟਕਸਾਲੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਸ ਸਮੇਂ ਵੀ ਇਸ ਗੱਲ ਲਈ ਪ੍ਰਕਾਸ਼ ਸਿੰਘ ਬਾਦਲ ਦਾ ਵਿਰੋਧ ਕੀਤਾ ਸੀ। ਟਕਸਾਲੀਆਂ ਨੇ ਦਾਅਵਾ ਕੀਤਾ ਕਿ ਉਹ ਇਸ ਸਬੰਧੀ ਬਾਦਲਾਂ ਨਾਲ ਮੀਡੀਆ ਸਾਹਮਣੇ ਵੀ ਬਹਿਸ ਕਰਨ ਲਈ ਤਿਆਰ ਹਨ। ਕਿਉਂ ਹੋਈ ਨਾ ਉਹੀ ਗੱਲ ”ਬਹਿ ਕੇ ਵੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ”।