ਜੇਲ੍ਹ ਵਿਭਾਗ ਦੀ ਮੁਸਤੈਦੀ ਸਦਕਾ ਸਾਲ 2019 ਵਿੱਚ ਜੇਲ੍ਹਾਂ ‘ਚੋਂ 1086 ਮੋਬਾਈਲ ਬਰਾਮਦ

TeamGlobalPunjab
3 Min Read

ਚੰਡੀਗੜ੍ਹ : ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਜੇਲ੍ਹਾਂ ਦੀ ਸਖਤ ਸੁਰੱਖਿਆ ਹਰ ਹਾਲ ਵਿੱਚ ਯਕੀਨੀ ਬਣਾਏ ਜਾਣ ਦੇ ਦਿੱਤੇ ਸਖਤ ਨਿਰਦੇਸ਼ਾਂ ਦੀ ਪਾਲਣਾ  ਕਰਦਿਆਂ ਜੇਲ੍ਹ ਵਿਭਾਗ ਵੱਲੋਂ ਸੂਬੇ ਦੀਆਂ ਜੇਲ੍ਹਾਂ ਵਿੱਚੋਂ ਲੰਘ ਰਹੇ ਸਾਲ 2019 ਵਿੱਚ ਹੁਣ ਤੱਕ 1086 ਮੋਬਾਈਲ ਫੋਨ ਫੜੇ ਗਏ। ਸਰੁੱਖਿਆ ਵਿੱਚ ਕੋਤਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ/ਕਰਮਚਾਰੀਆਂ ਖਿਲਾਫ ਵਿਭਾਗ ਵੱਲੋਂ ਬਣਦੀ ਕਾਨੂੰਨੀ ਤੇ ਅਨੁਸ਼ਾਸਨੀ ਕਾਰਵਾਈ ਵੀ ਆਰੰਭੀ ਗਈ ਤਾਂ ਜੋ ਬਾਕੀ ਜੇਲ੍ਹ ਕਰਮਚਾਰੀਆਂ ਨੂੰ ਸਖਤ ਸੁਨੇਹਾ ਦਿੱਤਾ ਜਾ ਸਕੇ। ਇਹ ਜਾਣਕਾਰੀ ਜੇਲ੍ਹ ਵਿਭਾਗ ਦੇ ਬੁਲਾਰੇ ਵੱਲੋਂ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜੇਲ੍ਹ ਮੰਤਰੀ ਸ. ਰੰਧਾਵਾ ਵੱਲੋਂ ਵੀ ਇਹ ਸਖਤ ਹਦਾਇਤਾਂ ਜਾਰੀ ਹਨ ਕਿ ਜੇਲ੍ਹਾਂ ਦੀ ਸਰੁੱਖਿਆ ਨਾਲ ਕਿਸੇ ਪ੍ਰਕਾਰ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਇਸ ਮਾਮਲੇ ਵਿੱਚ ਕੋਈ ਢਿੱਲ ਨਾ ਵਰਤੀ ਜਾਵੇਗੀ। ਬੁਲਾਰੇ ਨੇ ਦੱਸਿਆ ਕਿ ਜੇਲ੍ਹਾਂ ਵਿੱਚ ਸੁਰੱਖਿਆ ਦੇ ਲਿਹਾਜ਼ ਨਾਲ ‘ਜ਼ੀਰੋ ਟਾਲਰੈਂਸ’ ਅਪਣਾਉਂਦਿਆਂ ਮੁਸਤੈਦੀ ਨਾਲ ਨਿਰੰਤਰ ਕੀਤੀ ਜਾਂਦੀ ਚੈਕਿੰਗ ਅਤੇ ਤਲਾਸ਼ੀ ਲਈ ਵਰਤੇ ਜਾਂਦੇ ਆਧੁਨਿਕ ਯੰਤਰਾਂ ਦੀ ਮੱਦਦ ਨਾਲ ਇਸ ਸਾਲ 23 ਦਸੰਬਰ ਤੱਕ ਕੁੱਲ 1086 ਮੋਬਾਈਲ ਫੋਨ ਫੜੇ ਗਏ ਜਿਨ੍ਹਾਂ ਵਿੱਚੋਂ ਕੇਂਦਰੀ ਜੇਲ੍ਹ ਲੁਧਿਆਣਾ ਵਿੱਚ 338, ਫਿਰੋਜ਼ਪੁਰ ਵਿੱਚ 109, ਕਪੂਰਥਲਾ ਵਿੱਚ 107, ਫਰੀਦਕੋਟ ਵਿੱਚ 96, ਅੰਮ੍ਰਿਤਸਰ ਵਿੱਚ 95, ਪਟਿਆਲਾ ਵਿੱਚ 71, ਬਠਿੰਡਾ ਵਿੱਚ 66, ਰੂਪਨਗਰ ਵਿੱਚ 46, ਹੁਸ਼ਿਆਰਪੁਰ ਵਿੱਚ 34, ਨਵੀਂ ਜੇਲ੍ਹ ਨਾਭਾ ਵਿੱਚ 29, ਸੰਗਰੂਰ ਵਿੱਚ 28, ਬਰਨਾਲਾ ਵਿੱਚ 22, ਮਾਨਸਾ ਵਿੱਚ 6, ਗੁਰਦਾਸਪੁਰ ਵਿੱਚ 3, ਪਠਾਨਕੋਟ ਵਿੱਚ 2, ਬੋਰਸਟਲ ਜੇਲ੍ਹ ਲੁਧਿਆਣਾ ਅਤੇ ਜਨਾਨਾ ਜੇਲ੍ਹ ਲੁਧਿਆਣਾ ਵਿੱਚ 1-1 ਮੋਬਾਈਲ ਬਰਾਮਦ ਹੋਏ।

ਉਨ੍ਹਾਂ ਅੱਗੇ ਦੱਸਿਆ ਕਿ ਚਾਰ ਕੇਂਦਰੀ ਜੇਲ੍ਹਾਂ ਅੰਮ੍ਰਿਤਸਰ, ਕਪੂਰਥਲਾ, ਲੁਧਿਆਣਾ ਅਤੇ ਬਠਿੰਡਾ ਵਿੱਚ ਮੁੱਖ ਦਰਵਾਜ਼ੇ, ਅਤਿ ਸੁਰੱਖਿਆ ਜ਼ੋਨ ਅਤੇ ਤਲਾਸ਼ੀ ਲਈ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ ਤਾਇਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ 12 ਜੇਲ੍ਹਾਂ ਵਿੱਚ ਉਚ ਸੁਰੱਖਿਆ ਜ਼ੋਨ ਸਥਾਪਤ ਕੀਤੇ ਗਏ। ਜੇਲ੍ਹਾਂ ਦੇ ਇਨ੍ਹਾਂ ਉਚ ਸੁਰੱਖਿਆ ਜ਼ੋਨਾਂ ਵਿੱਚ ਦਰਵਾਜ਼ੇ ‘ਤੇ ਮੈਟਲ ਡਿਟੇਕਟਰ, ਹੱਥਾਂ ਰਾਹੀਂ ਤਲਾਸ਼ੀ ਵਾਸਤੇ ਯੰਤਰ, ਸਮਾਨ ਦੀ ਸਕੈਨਿੰਗ ਲਈ ਐਕਸ-ਰੇਅ ਮਸ਼ੀਨਾਂ, ਜੇਲ੍ਹਾਂ ਵਿੱਚ ਮੁੱਖ ਥਾਵਾਂ ਅਤੇ ਕੰਟਰੋਲ ਰੂਮਜ਼ ਵਿੱਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਸਥਾਪਨਾ, ਐਸ.ਐਲ.ਆਰ. ਅਤੇ ਪਿਸਤੌਲ ਵਰਗੇ ਆਧੁਨਿਕ ਹਥਿਆਰਾਂ ਦੀ ਖਰੀਦ, ਜੇਲ੍ਹਾਂ ਦੀ ਬਾਹਰੀ ਸੁਰੱਖਿਆ ਲਈ ਕਿਊਕ ਐਕਸ਼ਨ ਟੀਮ (ਕਿਊ.ਆਰ.ਟੀ.), ਸੂਹੀਆਂ ਕੁੱਤਿਆਂ ਦੀ ਤਾਇਨਾਤੀ, ਜੇਲ੍ਹ ਸਟਾਫ ਦੀ ਭਰਤੀ ਕਰਦਿਆਂ 735 ਵਾਰਡਰ ਅਤੇ 84 ਮੈਟਰਨ ਨਵੇਂ ਲਗਾਏ, 10 ਡਿਪਟੀ ਜੇਲ੍ਹ ਸੁਪਰਡੈਂਟਾਂ ਦੀ ਭਰਤੀ, 300 ਵਾਰਡਰ ਅਤੇ ਮੈਟਰਨ ਦੀ ਹੈਡ ਵਾਰਡਰ ਤੇ ਹੈਡ ਮੈਟਰਨ ਵਜੋਂ ਪਦਉਨਤੀਆਂ, ਜੇਲ੍ਹ ਦੀ ਸੁਰੱਖਿਆ ਲਈ 16 ਡੀ.ਐਸ.ਪੀਜ਼ ਦੀ ਤਾਇਨਾਤੀ ਆਦਿ ਅਹਿਮ ਕੰਮ ਕੀਤੇ ਗਏ।

Share this Article
Leave a comment