ਨਵੀਂ ਦਿੱਲੀ: ਭਾਰਤ ‘ਚ ਅੱਤਵਾਦੀ ਸਮੁੰਦਰ ਦੇ ਰਸਤੇ ਵੀ ਹਮਲਾ ਕਰ ਸਕਦੇ ਹਨ। ਇਸ ਗੱਲ ਦਾ ਖਦਸ਼ਾ ਭਾਰਤੀ ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਜ਼ਾਹਿਰ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਇਕ ਦੇਸ਼ ਵਲੋਂ ਸਪਾਂਸਰ ਕੀਤੇ ਅੱਤਵਾਦ ਦਾ ਬੇਹੱਦ ਗੰਭੀਰ ਰੂਪ ਝੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਅਜਿਹੀ ਵੀ ਰਿਪੋਰਟ ਹੈ ਕਿ ਜਿਸ ਅਨੁਸਾਰ ਅੱਤਵਾਦੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਹਮਲੇ ਕਰਨ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ, ਜਿਨ੍ਹਾਂ ‘ਚ ਸਮੁੰਦਰ ਦੇ ਰਸਤੇ ਹਮਲਾ ਕਰਨਾ ਵੀ ਸ਼ਾਮਲ ਹੈ।
ਭਾਰਤੀ ਜਲ ਸੈਨਾ ਪ੍ਰਮੁੱਖ ਨੇ ਕਿਹਾ ਕਿ ਭਾਰਤੀ-ਪ੍ਰਸ਼ਾਂਤ ਖੇਤਰ ਨੇ ਹਾਲੀਆ ਸਾਲਾਂ ‘ਚ ਅੱਤਵਾਦ ਦੇ ਕਈ ਰੂਪ ਦੇਖੇ ਹਨ ਅਤੇ ਦੁਨੀਆ ਦੇ ਇਸ ਹਿੱਸੇ ‘ਚ ਕੁਝ ਹੀ ਦੇਸ਼ ਇਸ ਦੀ ਲਪੇਟ ‘ਚ ਆਉਣ ਤੋਂ ਬਚ ਸਕੇ ਹਨ। ਹਾਲ ਦੇ ਸਮੇਂ ‘ਚ ਅੱਤਵਾਦ ਜਿਸ ਤਰ੍ਹਾਂ ਗਲੋਬਲ ਹੋ ਗਿਆ ਹੈ, ਉਸ ਤੋਂ ਖਤਰਾ ਹੋਰ ਵੀ ਵਧ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਤਿੰਨ ਹਫਤੇ ਪਹਿਲਾਂ ਹੀ ਜੰਮੂ-ਕਸ਼ਮੀਰ ‘ਚ ਅੱਤਵਾਦੀ ਹਮਲੇ ਦਾ ਭਿਆਨਕ ਰੂਪ ਦੇਖਿਆ ਹੈ। ਇਹ ਹਿੰਸਾ ਉਨ੍ਹਾਂ ਅੱਤਵਾਦੀਆਂ ਵਲੋਂ ਕੀਤੀ ਗਈ ਸੀ, ਜਿਨ੍ਹਾਂ ਨੂੰ ਉਸ ਦੇਸ਼ ਦਾ ਸਮਰਥਨ ਹਾਸਲ ਹੈ, ਜੋ ਭਾਰਤ ਨੂੰ ਅਸਥਿਰ ਕਰਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ: ਅੱਤਵਾਦੀਆਂ ਨੂੰ ਸੁਰੱਖਿਆਂ ਦੇਣ ਕਰਕੇ ਪਾਕਿਸਤਾਨ ਹੋਰ ਦੇਸ਼ਾਂ ਦੇ ਵੀ ਅੜਿਕੇ ਚੜ੍ਹਿਆ ਹੋਇਆ ਹੈ। ਉਥੇ ਹੀ ਭਾਰਤ ਸਮੇਤ ਈਰਾਨ, ਅਫਗਾਨਿਸਤਾਨ ਤੇ ਅਮਰੀਕਾ ਲਈ ਬੜਾ ਖਤਰਾ ਬਣਿਆ ਹੋਇਆ ਹੈ। ਜਿਥੇ ਭਾਰਤ ਨੇ ਪਾਕਿਸਤਾਨ ‘ਚ ਏਅਰ ਸਟ੍ਰਾਈਕ ਕਰਕੇ ਅੱਤਵਾਦੀਆਂ ਨੂੰ ਮਾਰਿਆ ਹੈ ਉਥੇ ਹੀ ਹੁਣ ਈਰਾਨ ਨੇ ਵੀ ਪਾਕਿਸਤਾਨ ਤੋਂ ਤੰਗ ਆਕੇ ਭਾਰਤ ਵਰਗੀ ਕਾਰਵਾਈ ਕਰਨ ਦੀ ਗੱਲ ਕਹਿ ਹੈ।
ਈਰਾਨ ਨੇ ਤਾਂ ਉਸ ਨੂੰ ਧਮਕੀ ਦੇ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਨੇ ਆਪਣੇ ਦੇਸ਼ ਵਿਚ ਪਲ ਰਹੇ ਅੱਤਵਾਦ ਦੇ ਖਿਲਾਫ ਕਾਰਗਰ ਕਾਰਵਾਈ ਨਾ ਕੀਤੀ ਤਾਂ ਇਰਾਨ ਪਾਕਿਸਤਾਨ ਵਿਚ ਦਾਖਲ ਹੋ ਕੇ ਦਹਿਸ਼ਤਗਰਦਾਂ ਦਾ ਖਤਮਾ ਕਰੇਗਾ। 13 ਫਰਵਰੀ ਨੂੰ ਇਰਾਨ ਦੇ ਰਿਵੋਲਿਊਸ਼ਨਰੀ ਗਾਰਡ ਉਤੇ ਅਤੇ 14 ਫਰਵਰੀ ਨੂੰ ਪੁਲਵਾਮਾ ਵਿਚ ਸੀਆਰਪੀਐਫ ਦੇ ਜਵਾਨਾਂ ਉਤੇ ਹੋਏ ਆਤਮਘਾਤੀ ਹਮਲਿਆਂ ਵਿਚੋਂ ਇਕ ਵਾਰ ਫਿਰ ਸਾਹਮਣੇ ਆਇਆ ਕਿ ਪਾਕਿਸਤਾਨ ਅੱਤਵਾਦੀਆਂ ਦਾ ਅੱਡਾ ਬਣ ਚੁੱਕਿਆ ਹੈ।