ਚੰਨੀ ਸਰਕਾਰ ਦਾ ਇੱਕ ਹੋਰ ਵੱਡਾ ਫੈਸਲਾ : ਪੰਜਾਬ ਪੁਲਿਸ ਨੇ ਸਬ-ਇੰਸਪੈਕਟਰਾਂ ਦੀ ਭਰਤੀ ਪ੍ਰੀਖਿਆ ਕੀਤੀ ਰੱਦ

TeamGlobalPunjab
2 Min Read

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਹਦਾਇਤਾਂ ‘ਤੇ ਭਰਤੀ ਪ੍ਰੀਖਿਆ ਪ੍ਰਕਿਰਿਆ ਦੀ ਨਿਰਪੱਖਤਾ ਅਤੇ ਪਾਰਦਰਸ਼ਿਤਾ ਨੂੰ ਕਾਇਮ ਰੱਖਣ ਲਈ, ਪੰਜਾਬ ਪੁਲਿਸ ਨੇ ਸਬ-ਇੰਸਪੈਕਟਰਾਂ (ਐਸਆਈਜ) ਦੀਆਂ 560 ਅਸਾਮੀਆਂ ਭਰਨ ਲਈ ਲਈਆਂ ਗਈਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਹੈ।

ਇਹ ਭਰਤੀ ਉਦੋਂ ਸ਼ੁਰੂ ਕੀਤੀ ਗਈ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ। ਇਸਦੇ ਲਈ, ਸੂਬੇ ਭਰ ਦੇ ਵੱਖ-ਵੱਖ ਕੇਂਦਰਾਂ ਵਿੱਚ 17 ਤੋਂ 24 ਅਗਸਤ ਤੱਕ ਪ੍ਰੀਖਿਆਵਾਂ ਹੋਈਆਂ ਸਨ।ਪੰਜਾਬ ਪੁਲਿਸ ਦੇ ਬੁਲਾਰੇ ਅਨੁਸਾਰ, ਦੁਬਾਰਾ ਪ੍ਰੀਖਿਆ ਲਈ ਨਵੀਆਂ ਤਰੀਕਾਂ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਰਿਕਰੂਟਮੈਂਟ ਬੋਰਡ ਬਣਾਇਆ ਗਿਆ ਸੀ, ਜਿਨ੍ਹਾਂ ਨੇ ਪ੍ਰੀਖਿਆ ਦੌਰਾਨ ਗੜਬੜੀ ਤੇ ਚੀਟਿੰਗ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ 27 ਸਤੰਬਰ ਨੂੰ ਡੀਜੀਪੀ ਦਫਤਰ ਨੂੰ ਸੂਚਿਤ ਕੀਤਾ ਸੀ। ਜਿਸ ਤੋਂ ਬਾਅਦ ਡੀਜੀਪੀ ਇਕਬਾਲਪ੍ਰੀਤ ਸਹੋਤਾ ਨੇ 2 ਅਕਤੂਬਰ ਨੂੰ ਹੋਣ ਵਾਲੀ ਪ੍ਰੀਖਿਆ ਨੂੰ ਰੱਦ ਕਰਨ ਦੀ ਭਰਤੀ ਬੋਰਡ ਦੀ ਸਿਫਾਰਸ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਮੁਹਾਲੀ, ਪਟਿਆਲਾ ਅਤੇ ਖੰਨਾ ਵਿੱਚ ਪਹਿਲਾਂ ਹੀ ਤਿੰਨ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੀ ਜਾਂਚ ਲਈ ਡੀਜੀਪੀ ਨੇ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਿੱਚ 15 ਸਤੰਬਰ ਨੂੰ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਸੀ। ਐਸ.ਆਈ.ਟੀ ਵਲੋਂ ਉਕਤ ਮਾਮਲਿਆਂ ਦੀ ਜਾਂਚ ਜਾਰੀ ਹੈ ਅਤੇ ਹੁਣ ਤੱਕ ਤਿੰਨ ਐਫ.ਆਈ.ਆਰਜ਼ ਤਹਿਤ 20 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।  ਆਈਪੀਸੀ ਦੀ ਧਾਰਾ 420, 465, 468, 471, 120-ਬੀ ਅਤੇ ਆਈਟੀ ਐਕਟ ਦੀ ਧਾਰਾ 66 ਡੀ ਅਧੀਨ ਐਫਆਈਆਰ ਨੰਬਰ 240 ਮਿਤੀ 16.09.2021 ਪਟਿਆਲਾ ਦੇ ਥਾਣਾ ਅਨਾਜ ਮੰਡੀ ਵਿਖੇ ਦਰਜ ਕੀਤੀ ਗਈ ਹੈ। ਜਦੋਂ ਕਿ ਆਈਪੀਸੀ ਦੀ ਧਾਰਾ 420 , 465, 467, 468, 471, 120-ਬੀ ਅਤੇ 66 ਡੀ ਆਈਟੀ ਐਕਟ ਦੇ ਅਧੀਨ ਇੱਕ ਹੋਰ ਐਫਆਈਆਰ ਨੰਬਰ 126 ਮਿਤੀ 13.09.2021 , ਥਾਣਾ ਮੁਹਾਲੀ ਦੇ ਫੇਜ -8 ਵਿਖੇ ਦਰਜ ਕੀਤੀ ਗਈ ਹੈ। ਤੀਜੀ ਐਫਆਈਆਰ ਨੰ: 170 ਮਿਤੀ 23.08.2021 ਆਈਪੀਸੀ ਦੀ ਧਾਰਾ 420, 467, 468, 471,120-ਬੀ ਅਤੇ ਆਈਟੀ ਐਕਟ ਦੀ ਧਾਰਾ 66 ਸੀ ਤਹਿਤ ਥਾਣਾ ਸਿਟੀ -2 ਖੰਨਾ ਵਿਖੇ ਦਰਜ ਕੀਤੀ ਗਈ ਹੈ।

Share This Article
Leave a Comment