ਚੋਣ ਕਮਿਸ਼ਨ ਦੇਸ਼ ‘ਚ ਚੋਣ ਪ੍ਰਣਾਲੀ ਦਾ ਅਪਰਾਧੀਕਰਨ ਕਰਨ ਲਈ ਆਪ ਦੇ ਖਿਲਾਫ ਕਾਰਵਾਈ ਕਰੇ : ਡਾ. ਚੀਮਾ

TeamGlobalPunjab
3 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸੂਬੇ ਦੇ ਆਪ ਆਗੂਆਂ ਵੱਲੋਂ ਕੀਤੇ ਖੁਲਾਸੇ ਨੇ ਸਾਬਤ ਕਰ ਦਿੱਤਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਜੁੰਡਲੀ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀਆਂ ਟਿਕਟਾਂ ਵੇਚ ਕੇ ਪੈਸੇ ਬਣਾ ਰਹੇ ਹਨ। ਪਾਰਟੀ ਨੇ ਮੰਗ ਕੀਤੀ ਕਿ ਚੋਣ ਕਮਿਸ਼ਨ ਇਸ ਭ੍ਰਿਸ਼ਟ ਗਤੀਵਿਧੀ ਦਾ ਨੋਟਿਸ ਲਵੇ ਅਤੇ ਮਾਮਲੇ ਵਿਚ ਢੁਕਵਾਂ ਕੇਸ ਦਰਜ ਕਰਨ ਦੀ ਹਦਾਇਤ ਕਰੇ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਪ ਅਤੇ ਕੇਜਰੀਵਾਲ ਇਹਨਾਂ ਸੀਨੀਅਰ ਆਗੂਆਂ ਦੇ ਖੁਲਾਸੇ ਨਾਲ ਚੰਗੀ ਤਰ੍ਹਾਂ ਬੇਨਕਾਬ ਹੋ ਗਏ ਹਨ। ਇਹਨਾਂ ਆਗੂਆਂ ਨੇ ਹੀ ਸਬੂਤ ਦਿੱਤੇ ਹਨ ਕਿ 56 ਹਲਕਿਆਂ ਵਿਚ ਪਾਰਟੀ ਦੀਆਂ ਟਿਕਟਾਂ ਵੇਚੀਆਂ ਗਈਆਂ। ਉਹਨਾਂ ਕਿਹਾ ਕਿ ਕੇਜਰੀਵਾਲ ਪਹਿਲੇ ਸਿਆਸਤਦਾਨ ਹਨਟ ਜਿਹਨਾਂ ਨੇ ਸ਼ਰ੍ਹੇਆਮ ਰਿਸ਼ਵਤਾਂ ਲੈ ਕੇ ਦੇਸ਼ ਦੀ ਚੋਣ ਪ੍ਰਣਾਲੀ ਦਾ ਅਪਰਾਧੀਕਰਨ ਕੀਤਾ ਹੈ। ਉਹਨਾਂ ਕਿਹਾ ਕਿ ਹਾਲੇ ਕੱਲ੍ਹ ਹੀ ਪਾਰਟੀ ਨੇ ਪਰਚੇ ਵੰਡ ਕੇ ਲੋਕਾਂ ਨੁੰ ਆਖਿਆ ਸੀ ਕਿ ਉਹ ਹੋਰ ਪਾਰਟੀਆਂ ਤੋਂ ਪੈਸੇ ਲੈ ਲੈਣ ਪਰ ਵੋਟ ਆਪ ਨੁੰ ਪਾਉਣ।
ਡਾ. ਚੀਮਾ ਨੇ ਕਿਹਾ ਕਿ ਇਹ ਹੁਣ ਸਪਸ਼ਟ ਹੋ ਗਿਆ ਹੈ ਕਿ ਕੇਜਰੀਵਾਲ ਟਿਕਟਾਂ ਵੇਚ ਕੇ ਧਨਾਢ ਹੋ ਰਹੇ ਹਨ। ਉਹਨਾਂ ਕਿਹਾ ਕਿ ਆਪ ਹੋਰ ਜਿਹਨਾਂ ਰਾਜਾਂ ਵਿਚ ਚੋਣਾਂ ਹੋਦੀਆਂ ਹਨ, ਉਥੇ ਹੀ ਵੀ ਇਹੀ ਮਾਡਲ ਅਪਣਾ ਕੇ ਭ੍ਰਿਸ਼ਟ ਗਤੀਵਿਧੀਆਂ ਕਰ ਰਿਹਾ ਹੋਣਾ ਹੈ। ਉਹਨਾਂ ਕਿਹਾ ਕਿ ਸਿਰਫ ਉਚ ਪੱਧਰੀ ਜਾਂਚ ਹੀ ਇਸ ਸਾਰੇ ਘੁਟਾਲੇ ਨੂੰ ਬੇਨਕਾਬ ਕਰ ਸਕਦੀ ਹੈ ਜੋ ਕਿ ਕਰੋੜਾਂ ਰੁਪਏ ਦਾ ਘੁਟਾਲਾ ਹੈ।

ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਕੇਜਰੀਵਾਲ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਝੂਠੇ ਅਤੇ ਸ਼ਰਾਰਤ ਭਰੇ ਦੋਸ਼ ਲਾਉਣ ਵਾਸਤੇ ਤਕਨਾਲੋਜੀ ਦੀ ਦੁਰਵਰਤੋਂ ਕਰ ਕੇ ਗੰਦੀ ਰਾਜਨੀਤੀ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਜਾਣਦੇ ਹਨ ਕਿ ਉਹਨਾਂ ਕੋਲ ਪੰਜਾਬ ਵਿਚ ਲੋਕਾਂ ਨੁੰ ਵਿਖਾਉਣ ਲਈ ਕੁਝ ਨਹੀਂ ਹੈ ਕਿਉਂਕਿ ਉਹਨਾਂ ਦਾ ਦਿੱਲੀ ਮਾਡਲ ਪੂਰੀ ਤਰ੍ਹਾਂ ਫੇਲ੍ਹ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਉਹ ਵਿਧਾਨ ਸਭਾ ਚੋਣਾਂ ਜਿੱਤਣ ਵਾਸਤੇ ਪੈਸੇ ’ਤੇ ਨਿਰਭਰ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਲਾਜ਼ਮੀ ਤੌਰ ’ਤੇ ਫੇਲ੍ਹ ਹੋ ਜਾਣਗੇ ਕਿਉਂਕਿ ਪੰਜਾਬੀਆ ਨੇ ਉਹਨਾਂ ਦੇ ਝੂਠ ਤੇ ਫਰੇਬ ਫੜ ਲਏ ਹਨ ਤੇ ਉਹ ਕਦੇ ਵੀ ਉਹਨਾਂ ’ਤੇ ਮੁੜ ਵਿਸਾਹ ਨਹੀਂ ਕਰਨਗੇ।

Share This Article
Leave a Comment