ਚੀਨ ਨੂੰ ਇੱਕ ਹੋਰ ਝਟਕਾ, ਕੈਨੇਡਾ ਨੇ ਵੀ ਵਿੰਟਰ ਓਲੰਪਿਕ ਦੇ ਡਿਪਲੋਮੈਟਿਕ ਬਾਈਕਾਟ ਦਾ ਕੀਤਾ ਐਲਾਨ

TeamGlobalPunjab
1 Min Read

ਓਟਾਵਾ: ਅਮਰੀਕਾ ਅਤੇ ਆਸਟ੍ਰੇਲੀਆ ਤੋਂ ਬਾਅਦ ਕੈਨੇਡਾ ਨੇ ਵੀ ਚੀਨ ਦੀ ਰਾਜਧਾਨੀ ਪੇਈਚਿੰਗ ‘ਚ ਹੋਣ ਵਾਲੀਆਂ 2022 ਬੀਜਿੰਗ ਓਲੰਪਿਕ ਅਤੇ ਪੈਰਾਲੰਪਿਕ ਵਿੰਟਰ ਗੇਮਜ਼  ਦਾ ਡਿਪਲੋਮੈਟਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਇਹ ਜਾਣਕਾਰੀ ਦਿੱਤੀ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਚੀਨ ਵਿੱਚ ਲਗਾਤਾਰ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਡੂੰਘੀ ਚਿੰਤਾ ਵਿੱਚ ਹੈ। ਇਸ ਦੇ ਵਿਰੋਧ ‘ਚ ਅਸੀਂ ਪੇਈਚਿੰਗ ‘ਚ ਹੋਣ ਵਾਲੀਆਂ ਵਿੰਟਰ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ‘ਚ ਕੋਈ ਡਿਪਲੋਮੈਟਿਕ ਪ੍ਰਤੀਨਿਧੀ ਨਹੀਂ ਭੇਜਾਂਗੇ।ਜਸਟਿਨ ਟਰੂਡੋ ਨੇ ਅੱਗੇ ਕਿਹਾ ਕਿ ਅਸੀਂ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਆਪਣੇ ਖਿਡਾਰੀਆਂ ਦਾ ਪੂਰਾ ਸਮਰਥਨ ਕਰਾਂਗੇ।

ਕੈਨੇਡਾ ਤੋਂ ਪਹਿਲਾਂ ਮੰਗਲਵਾਰ ਨੂੰ ਆਸਟ੍ਰੇਲੀਆ ਅਤੇ ਉਸ ਤੋਂ ਪਹਿਲਾਂ ਅਮਰੀਕਾ ਨੇ ਵੀ ਬੀਜਿੰਗ ‘ਚ ਹੋਣ ਜਾ ਰਹੀਆਂ ਸਰਦ ਰੁੱਤ ਓਲੰਪਿਕ ਖੇਡਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ।ਇਸ ਦੇ ਪਿੱਛੇ ਚੀਨ ਦੇ ਸ਼ਿਨਜਿਆਂਗ ਸੂਬੇ ‘ਚ ਉਇਗਰ ਮੁਸਲਮਾਨਾਂ ‘ਤੇ ਅੱਤਿਆਚਾਰ ਅਤੇ ਕਈ ਹੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਹਵਾਲਾ ਦਿੱਤਾ ਗਿਆ ਹੈ। ਦੋਵਾਂ ਦੇਸ਼ਾਂ ਨੇ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਆਪਣੇ ਅਥਲੀਟਾਂ ਨੂੰ ਆਪਣਾ ਸਮਰਥਨ ਦਿੱਤਾ ਹੈ, ਪਰ ਆਪਣੇ ਕਿਸੇ ਵੀ ਡਿਪਲੋਮੈਟ ਨੂੰ ਨਾ ਭੇਜਣ ਦਾ ਫੈਸਲਾ ਕੀਤਾ ਹੈ।

Share this Article
Leave a comment