ਚੰਡੀਗੜ੍ਹ: ਕੈਨੇਡੀਅਨ ਸਰਕਾਰ ਵੱਲੋਂ ਅੱਤਵਾਦ ‘ਤੇ ਆਪਣੀ 2018 ਦੀ ਰਿਪੋਰਟ ‘ਚ ਖ਼ਾਲਿਸਤਾਨੀ ਕੱਟੜਵਾਦ ਨੂੰ ਆਪਣੀ ਖ਼ਤਰਿਆਂ ਦੀ ਸੂਚੀ ‘ਚੋਂ ਹਟਾਉਣ ‘ਤੇ ਵਿਰੋਧ ਜਤਾਇਆ ਹੈ। ਕੈਪਟਨ ਅਮਰਿੰਦਰ ਦਾ ਕਹਿਣਾ ਹੈ ਕਿ ਟਰੂਡੋ ਸਰਕਾਰ ਦਾ ਇਹ ਚੋਣ ਸਟੰਟ ਹੈ ਤੇ ਜਸਟਿਨ ਟਰੂਦੋ ਅੱਗ ਨਾਲ ਖੇਲ ਰਹੇ ਹਨ। ਕੈਪਟਨ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਦੇ ਇਸ ਫੈਸਲੇ ਦਾ ਅਸਰ ਨਾ ਸਿਰਫ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਬਲਕਿ ਪੂਰੀ ਦੁਨੀਆ ‘ਤੇ ਹੋਵੇਗਾ।
ਟੋਰਾਂਟੋ ਦੀ ਸਮਾਚਾਰ ਏਜੰਸੀ ਦੇ ਹਵਾਲੇ ਤੋਂ ਖਬਰ ਦਿੱਤੀ ਗਈ ਹੈ ਕਿ ‘2018 ਰਿਪੋਰਟ ਆਨ ਟੈਰਰਿਜ਼ਮ ਥਰੈਟ ਟੂ ਕੈਨੇਡਾ’ ਦੀ ਤਾਜ਼ੀ ਰਿਪੋਰਟ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ। ਕੈਪਟਨ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਦਾ ਇਹ ਫੈਸਲਾ ਪੂਰੀ ਦੁਨੀਆ ਵਿੱਚ ਸ਼ਾਂਤੀਪਸੰਦ ਲੋਕਾਂ ਲਈ ਨਾ ਮੁਆਫੀਯੋਗ ਹੈ। ਉਨ੍ਹਾਂ ਕਿਹਾ ਕਿ ਟਰੂਡੋ ਸਰਕਾਰ ਨੇ ਚੋਣ ਵਰ੍ਹੇ ਦੌਰਾਨ ਆਪਣੇ ਸਿਆਸੀ ਮੁਫਾਦ ਪੂਰੇ ਕਰਨ ਲਈ ਅਜਿਹਾ ਕਦਮ ਚੁੱਕ ਲਿਆ।
ਕੈਪਟਨ ਨੇ ਕਿਹਾ ਕਿ ਆਪਣੀ ਭਾਰਤ ਫੇਰੀ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਗੱਲ ਦੇ ਸਬੂਤ ਦਿੱਤੇ ਸਨ ਕਿ ਕੈਨੇਡਾ ਦੀ ਧਰਤੀ ਖ਼ਾਲਿਸਤਾਨੀ ਸੋਚ ਵਾਲੇ ਵੱਖਵਾਦੀਆਂ ਵੱਲੋਂ ਵਰਤੀ ਜਾ ਰਹੀ ਹੈ। ਟਰੂਡੋ ਸਰਕਾਰ ਅਜਿਹੇ ਫੈਸਲੇ ਕਰਕੇ ਅੱਗ ਨਾਲ ਖੇਡ ਰਹੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਨੂੰ ਦਹਿਸ਼ਤੀ ਖ਼ਤਰਿਆਂ ਬਾਰੇ ਰਿਪੋਰਟ ਵਿੱਚ ਸੋਧ ਕਰਕੇ ਪੀਐਮ ਜਸਟਿਨ ਟਰੂਡੋ ਨੇ ਬੀਤੇ ਸ਼ੁੱਕਰਵਾਰ ਜਾਰੀ ਕੀਤਾ ਸੀ।
ਟਰੂਡੋ ਦੇ ਇਸ ਕਦਮ ਨਾਲ ਭਾਰਤ ਹੈਰਾਨ ਹੈ ਤੇ ਭਾਰਤੀ ਅਧਿਕਾਰੀਆਂ ਨੇ ਇਸ ਨੂੰ ਕੈਨੇਡਾ ਦੇ ਕੁਝ ਗੁੱਟਾਂ ਵੱਲੋਂ ਪਾਏ ਦਬਾਅ ਦਾ ਨਤੀਜਾ ਦੱਸਿਆ ਹੈ। ਕੈਨੇਡਾ ਨੇ ਪੁਰਾਣੀ ਰਿਪੋਰਟ ਵਿੱਚ ਸਿੱਖ ਕੱਟੜਵਾਦ ਦੇ ਅੱਠ ਹਵਾਲਿਆਂ ਨੂੰ ਹਟਾ ਦਿੱਤਾ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕੈਨੇਡਾ ਸਰਕਾਰ ਖ਼ਿਲਾਫ਼ ਬੋਲਣ ਲੱਗੇ ਹਨ।
ਦੱਸ ਦੇਈਏ ਅੱਤਵਾਦ ‘ਤੇ 2018 ਦੀ ਰਿਪੋਰਟ ਨੂੰ ਪਿਛਲੇ ਸਾਲ ਦਸੰਬਰ ‘ਚ ਜਾਰੀ ਕੀਤਾ ਗਿਆ ਸੀ। ਉਸ ਵੇਲੇ ਸਿੱਖ ਭਾਈਚਾਰੇ ਨੇ ਇਸ ਦਾ ਵਿਰੋਧ ਕੀਤਾ ਸੀ ਕਿਉਂਕਿ ਰਿਪੋਰਟ ਵਿੱਚ ਪਹਿਲੀ ਵਾਰ ਸਿੱਖ ਖ਼ਾਲਿਸਤਾਨੀ ਕੱਟੜਵਾਦ ਨੂੰ ਕੈਨੇਡਾ ਦੇ ਸਭ ਤੋਂ ਵੱਡੇ ਖਤਰੇ ਵਿੱਚੋਂ ਇੱਕ ਦੱਸਿਆ ਗਿਆ ਸੀ ।