ਕੈਪਟਨ ਸਰਕਾਰ ਦੇ ਤੁਗ਼ਲਕੀ ਫ਼ਰਮਾਨ ਵਿਰੁੱਧ ਮੁਲਾਜ਼ਮ ਵਰਗ ਨਾਲ ਡਟੀ ‘ਆਪ’

TeamGlobalPunjab
4 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ‘ਤੇ ਥੋਪੇ ‘ਕੰਮ ਨਹੀਂ ਤਨਖ਼ਾਹ ਨਹੀਂ’  ਤੁਗ਼ਲਕੀ ਫ਼ਰਮਾਨ ਦਾ ਸਖ਼ਤ ਵਿਰੋਧ ਕੀਤਾ ਹੈ।
‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਸਿਆਸੀ ਰਿਵਿਊ ਕਮੇਟੀ ਦੇ ਚੇਅਰਮੈਨ ਤੇ ਬੁਲਾਰੇ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਇੱਕ ਤਾਨਾਸ਼ਾਹ ਸ਼ਾਸਕ ਵਾਂਗ ਕੈਪਟਨ ਅਮਰਿੰਦਰ ਸਿੰਘ ਸਰਕਾਰੀ ਜਬਰ-ਜ਼ੁਲਮ, ਬੇਇਨਸਾਫ਼ੀਆਂ, ਵਾਅਦਾ ਖਿਲਾਫੀਆਂ ਵਿਰੁੱਧ ਹੱਕ ਸੱਚ ਲਈ ਉੱਠਣ ਵਾਲੀ ਹਰ ਆਵਾਜ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾਉਣ ਦੀ ਨੀਤੀ ‘ਤੇ ਉਤਰ ਆਏ ਹਨ। ਲੋਕਤੰਤਰਿਕ ਕਦਰਾਂ-ਕੀਮਤਾਂ ਅਤੇ ਜਮਹੂਰੀ ਅਧਿਕਾਰਾਂ ਅਨੁਸਾਰ ਅਜਿਹੀ ਲੋਕ ਵਿਰੋਧੀ ਨੀਤੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਇਸ ਲਈ ਆਪਣੇ ਗਿਰੇਬਾਨ ‘ਚ ਝਾਕਦੇ ਹੋਏ ਕੈਪਟਨ ਅਮਰਿੰਦਰ ਸਿੰਘ ਇਸ ਮੁਲਾਜ਼ਮ ਵਰਗ ਵਿਰੋਧੀ ਫ਼ਰਮਾਨ ਤੁਰੰਤ ਵਾਪਸ ਲੈਣ।
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਕੰਮ ਨਹੀਂ ਤਨਖ਼ਾਹ ਨਹੀਂ’ ਫ਼ਾਰਮੂਲਾ ਪਹਿਲਾ ਖ਼ੁਦ ਅਤੇ ਆਪਣੇ ਸਾਰੇ ਮੰਤਰੀਆਂ ਤੇ ਸਲਾਹਕਾਰਾਂ ਦੀ ਫ਼ੌਜ ‘ਤੇ ਲਾਗੂ ਕਰਨ। ‘ਆਪ’ ਨੇਤਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਤਿੰਨ ਸਾਲਾ ਕਾਰਗੁਜ਼ਾਰੀ ‘ਜ਼ੀਰੋ’ ਰਹੀ ਹੈ। ਮੁੱਖ ਮੰਤਰੀ ਆਪਣੇ ਤਿੰਨ ਸਾਲਾ ਸ਼ਾਸਨ ਦਾ ਰਿਪੋਰਟ ਕਾਰਡ ਲੈ ਕੇ ਲੋਕ ਕਚਹਿਰੀ ‘ਚ ਦੱਸਣ ਕਿ ਕਾਂਗਰਸ ਦੇ 129 ਪੰਨਿਆਂ ਦੇ ਮੈਨੀਫੈਸਟੋ ‘ਚ ਕਿੰਨੇ ਵਾਅਦੇ ਪੂਰੇ ਕਰ ਸਕੇ ਹਨ? ਕੀ ਜ਼ੀਰੋ ਰਿਪੋਰਟ ਕਾਰਡ ਵਾਲੀ ਕੈਪਟਨ ਸਰਕਾਰ ਤਨਖ਼ਾਹ ਅਤੇ ਹੋਰ ਅਣਗਿਣਤ ਸਰਕਾਰੀ ਸਹੂਲਤਾਂ ਭੋਗਣ ਦੀ ਹੱਕਦਾਰ ਹੈ?
ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਵਾਅਦਾ-ਖਿਲਾਫੀਆਂ ਵਿਰੁੱਧ ਅੱਜ ਸਿਰਫ਼ ਮੁਲਾਜ਼ਮ ਵਰਗ ਨਹੀਂ ਸਗੋਂ ਕਿਸਾਨ ਖੇਤ ਮਜ਼ਦੂਰ, ਬੇਰੁਜ਼ਗਾਰ, ਵਪਾਰੀ-ਕਾਰੋਬਾਰੀ ਅਤੇ ਪੂਰਾ ਗ਼ਰੀਬ ਅਤੇ ਦਲਿਤ ਵਰਗ ਥਾਂ-ਥਾਂ ‘ਤੇ ਰੋਸ ਪ੍ਰਦਰਸ਼ਨਾਂ ਲਈ ਮਜਬੂਰ ਹੈ। ਇਸ ਲਈ ਜ਼ਿੰਮੇਵਾਰ ਕੋਈ ਹੋਰ ਨਹੀਂ ਸਗੋਂ ਖ਼ੁਦ ਕੈਪਟਨ ਅਮਰਿੰਦਰ ਸਿੰਘ ਸਰਕਾਰ ਜ਼ਿੰਮੇਵਾਰ ਹੈ।
ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਬਾਦਲ ਪਰਿਵਾਰ ਵਾਂਗ ਕੈਪਟਨ ਅਮਰਿੰਦਰ ਸਿੰਘ ਵੀ ਸਰਕਾਰੀ ਅਤੇ ਪਬਲਿਕ ਸੈਕਟਰ ਨੂੰ ਤਬਾਹ ਕਰਕੇ ਪ੍ਰਾਈਵੇਟ ਸੈਕਟਰ ਨੂੰ ਉਤਸ਼ਾਹਿਤ ਕਰਨ ਵਾਲੀਆਂ ਲੋਕ ਮਾਰੂ ਨੀਤੀਆਂ ‘ਤੇ ਪਹਿਰਾ ਦੇ ਰਹੇ ਹਨ।
ਬਰਸਟ ਨੇ ਕਿਹਾ ਕਿ ਮੁਲਾਜ਼ਮ ਅਤੇ ਬਾਕੀ ਵਰਗ ਸੜਕਾਂ, ਟੈਂਕੀਆਂ ਅਤੇ ਚੌਂਕ-ਚੁਰਾਹਿਆਂ ‘ਚ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ।  ਪੁਲਸ ਦੀਆਂ ਡਾਂਗਾਂ ਅਤੇ ਮੰਤਰੀਆਂ ਦੀਆਂ ਗਾਲ੍ਹਾਂ ਖਾ ਰਹੇ ਹਨ। ਸੰਵਿਧਾਨਿਕ ਅਧਿਕਾਰਾਂ ਅਤੇ ਮਾਣ ਮਰਿਆਦਾ ਮੁਤਾਬਿਕ ਹੜਤਾਲਾਂ ਅਤੇ ਭੁੱਖ ਹੜਤਾਲਾਂ ‘ਤੇ ਬੈਠਦੇ ਹਨ। ਇਹ ਸਾਰੇ ਰੋਸ-ਮੁਜ਼ਾਹਰੇ ਉਹ ਆਪਣੇ ਸ਼ੌਕ ਦੀ ਪੂਰਤੀ ਲਈ ਨਹੀਂ ਕਰ ਰਹੇ, ਸਗੋਂ ਸਰਕਾਰੀ ਬੇਇਨਸਾਫ਼ੀ ਅਤੇ ਨਜਰਅੰਦਾਜੀ ਕਾਰਨ ਮਜਬੂਰੀ ‘ਚ ਕਰ ਰਹੇ ਹਨ ਤਾਂ ਕਿ ਜਨਤਾ ਦੀਆਂ ਦੁੱਖ ਤਕਲੀਫ਼ਾਂ ਅਤੇ ਜੀਵਨ ਨਿਰਬਾਹ ਨਾਲ ਜੁੜੇ ਸਰੋਕਾਰਾਂ ਤੋਂ ਬੇਮੁਖ ਹੋ ਕੇ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾ ਸਕੇ।
‘ਆਪ’ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਧਰਨਿਆਂ ਅਤੇ ਰੋਸ ਮੁਜ਼ਾਹਰਿਆਂ ਲਈ ਮਜਬੂਰ ਕੀਤੇ ਸਾਰੇ ਵਰਗ ਨਾਲ ਡਟ ਕੇ ਖੜੀ ਹੈ। ਮੁੱਖ ਵਿਰੋਧੀ ਧਿਰ ਵਜੋਂ ‘ਆਪ’ ਸਾਰੇ ਵਰਗਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਸੜਕ ਤੋਂ ਲੈ ਕੇ ਸਦਨ ਤੱਕ ਉਠਾਉਂਦੀ ਆਈ ਹੈ ਅਤੇ ਭਵਿੱਖ ‘ਚ ਉਠਾਉਂਦੀ ਰਹੇਗੀ। ਜੇਕਰ ਫਿਰ ਵੀ ਸਰਕਾਰ ਨਹੀਂ ਜਾਗਦੀ ਤਾਂ 2022 ‘ਚ ਸੱਤਾ ਦਾ ਮੌਕਾ ਮਿਲਣ ‘ਤੇ ਇਹ ਸਾਰੇ ਲੰਬਿਤ ਮਸਲੇ ਅਤੇ ਮੰਗਾਂ ਪਹਿਲ ਦੇ ਆਧਾਰ ‘ਤੇ ਪੂਰੇ ਕੀਤੇ ਜਾਣਗੇ।

Share this Article
Leave a comment