ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵੱਲੋਂ ਭਾਰਤ ਬੰਦ ਨੂੰ ਲੈ ਕੇ ਪ੍ਰਦਰਸ਼ਨ

TeamGlobalPunjab
4 Min Read

ਚੰਡੀਗੜ੍ਹ:  ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ ਅੱਜ ਪੰਜਾਬ ਦੇ ਕਿਸਾਨਾਂ ਦੀਆਂ 10 ਜਥੇਬੰਦੀਆਂ ਵੱਲੋਂ “ਪੇਂਡੂ ਭਾਰਤ ਬੰਦ” ਦੇ ਸੱਦੇ ਨੂੰ ਲਾਗੂ ਕਰਦਿਆਂ, ਪੂਰੇ ਪੰਜਾਬ ਵਿੱਚ 1-00 ਵਜੇ ਤੋਂ ਲੈ ਕੇ 3-00 ਵਜੇ ਦੁਪਹਿਰ ਤੱਕ ਸੜਕੀ ਆਵਾਜਾਈ ਪੂਰਨ ਤੌਰ ਤੇ ਬੰਦ ਕਰ ਦਿੱਤੀ ਅਤੇ ਅੰਮ੍ਰਿਤਸਰ ਅਤੇ ਮਾਨਸਾ ਵਿਖੇ ਰੇਲਵੇ ਆਵਾਜਾਈ ਵੀ ਰੋਕੀ ਰੱਖੀ।

 

ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਨੁਮਾਇੰਦਿਆਂ ਨੇ ਅੱਗੇ ਦੱਸਿਆ ਕਿ ਅੱਜ ਸਵੇਰੇ ਸਵੇਰੇ ਪਹਿਲਾਂ ਪਿੰਡਾਂ ਤੋਂ ਦੁੱਧ, ਚਾਰਾ, ਸਬਜ਼ੀਆਂ ਅਤੇ ਫਲਾਂ ਆਦਿ ਵਸਤੂਆਂ ਦੀ ਸ਼ਹਿਰਾਂ ਵੱਲ ਨੂੰ ਢੋਆ ਢੁਆਈ ਰਾਤ 12.00 ਵਜੇ ਤੋਂ ਬੰਦ ਰੱਖੀ ਗਈ, ਉੱਥੇ ਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਜਾਣ ਵਾਲੀਆਂ ਵਸਤੂਆਂ ਨੂੰ ਵੀ ਨਹੀਂ ਜਾਣ ਦਿੱਤਾ ਗਿਆ।

 

- Advertisement -

ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਇਕੱਠੀ ਕੀਤੀ ਰਿਪੋਰਟ ਦੇ ਮੁਤਾਬਿਕ ਸਾਰੇ ਪੰਜਾਬ ਦੇ ਕੌਮੀ ਅਤੇ ਰਾਜ ਮਾਰਗਾਂ ਅਤੇ ਛੋਟੀਆਂ ਸੜਕਾਂ ਨੂੰ ਵੀ ਜਿੱਥੇ ਬੰਦ ਰੱਖਿਆ ਗਿਆ ਉੱਥੇ ਉਨ੍ਹਾਂ ਸੜਕਾਂ ਦੇ ਉੱਤੇ ਲੱਗੇ ਵੱਡੇ ਧਰਨਿਆਂ ਨੂੰ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਤੇ ਹੋਰ ਸਹਿਯੋਗੀ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਆਰਥਿਕ-ਰਾਜਨੀਤਕ ਸਥਿਤੀ ਬਹੁਤ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੀ ਹੈ। ਹਰ ਰੋਜ਼ ਲੋਕ ਵਿਰੋਧੀ, ਕਿਸਾਨ ਵਿਰੋਧੀ ਅਤੇ ਮਜ਼ਦੂਰ ਵਿਰੋਧੀ ਕਾਨੂੰਨ ਪਾਸ ਕੀਤੇ ਜਾ ਰਹੇ ਹਨ। ਬੇਰੁਜ਼ਗਾਰੀ ਹੱਦਾਂ ਬੰਨੇ ਟੱਪ ਚੁੱਕੀ ਹੈ ਅਤੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ।

 

ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੇ ਬੁਨਿਆਦੀ, ਠੋਸ ਅਤੇ ਜ਼ਰੂਰੀ ਮਸਲੇ ਜਿਵੇਂ ਕਿ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਦੇਣ, ਸਾਰੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜ਼ਿਆਂ ਤੋਂ ਮੁਕਤੀ, ਕਿਸਾਨਾਂ ਨੂੰ ਕਿਸਾਨ 10,000 ਪ੍ਰਤੀ ਮਹੀਨਾਂ ਪੈਨਸ਼ਨ, ਕਿਸਾਨਾਂ ਦੀਆਂ ਫ਼ਸਲਾਂ ਦਾ ਸਰਕਾਰਾਂ ਦੁਆਰਾ ਬੀਮਾ ਕਰਨ, ਅਵਾਰਾ ਪਸ਼ੂਆਂ ਦਾ ਪੱਕਾ ਹੱਲ ਅਤੇ ਕਿਸਾਨ ਮੈਨੀਫੈਸਟੋ ਵਿੱਚ ਦਰਜ ਹੋਰ ਮੰਗਾਂ ਪ੍ਰਤੀ ਸਰਕਾਰ ਸੰਜੀਦਗੀ ਨਾਲ ਧਿਆਨ ਨਹੀਂ ਦਿੰਦੀ ਉਦੋਂ ਤੱਕ ਸੰਘਰਸ਼ ਹੋਰ ਤਿੱਖੇ ਅਤੇ ਵਿਸ਼ਾਲ ਹੁੰਦੇ ਰਹਿਣਗੇ, ਜਿਸ ਵਾਸਤੇ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ 250 ਜਥੇਬੰਦੀਆਂ ਦੇ ਮੁੱਖ ਆਗੂਆਂ ਦੀ 15 ਤਾਰੀਖ਼ ਨੂੰ ਵਿਸ਼ੇਸ਼ ਅਤੇ ਐਮਰਜੈਂਸੀ ਦੋ ਰੋਜ਼ਾ ਮੀਟਿੰਗ ਮੁੰਬਈ ਵਿਖੇ ਬੁਲਾ ਲਈ ਹੈ ।

 

ਵੱਖ ਵੱਖ ਧਰਨਿਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਵੱਡੇ ਪੂੰਜੀਪਤੀ ਘਰਾਣਿਆਂ ਨੂੰ ਵੇਚਣ ਦੇ ਮਨਸੂਬਿਆਂ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਵਿਢਣ ਦੀ ਚਿਤਾਵਨੀ ਦਿੱਤੀ ਅਤੇ ਨਾਲ ਹੀ ਬਿਜਲੀ ਦੇ ਬਿਲਾਂ ਵਿੱਚ ਕੀਤੇ ਗਏ ਅਥਾਹ ਵਾਧੇ ਦੀ ਨਿਖੇਧੀ ਕਰਦਿਆਂ ਉਸ ਨੂੰ ਫੌਰੀ ਵਾਪਸ ਲੈਣ ਦੀ ਮੰਗ ਵੀ ਕੀਤੀ। ਆਗੂਆਂ ਨੇ ਪੰਜਾਬ ਦੇ ਕਿਸਾਨਾਂ ਖਿਲਾਫ਼ ਪਰਾਲੀ ਸਾੜਨ ਦੇ ਸਬੰਧ ਵਿੱਚ ਦਰਜ ਕੀਤੇ ਗਏ ਕੇਸਾਂ ਨੂੰ ਵਾਪਸ ਲੈਣ ਅਤੇ ਕਿਸਾਨਾਂ ਨੂੰ ਲਾਏ ਜੁਰਮਾਨਿਆਂ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ। ਅੱਜ ਦੇ ਇਸ “ਪੇਂਡੂ ਭਾਰਤ ਬੰਦ” ਨੂੰ ਦੋਧੀ ਡੇਅਰੀ ਯੂਨੀਅਨ ਪੰਜਾਬ ਅਤੇ ਹੋਰ ਬਹੁਤ ਸਾਰੀਆਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਲੋਕਾਂ ਦੀਆਂ ਜਥੇਬੰਦੀਆਂ ਵੱਲੋਂ ਜੋ ਸਹਿਯੋਗ ਦਿੱਤਾ ਗਿਆ, ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕੀਤਾ ਗਿਆ।

- Advertisement -

 

ਪੰਜਾਬ ਭਰ ਵਿੱਚ ਹੋਏ ਇਹਨਾਂ ਧਰਨਿਆਂ ਨੂੰ, ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਜੋ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਿੱਚ ਸ਼ਾਮਲ ਹਨ ਦੇ ਆਗੂਆਂ ਜਿਨ੍ਹਾਂ ਵਿੱਚ ਜਮਹੂਰੀ ਕਿਸਾਨ ਸਭਾ, ਪੰਜਾਬ ਦੇ ਜਨਰਲ ਸਕੱਤਰ, ਕੁਲਵੰਤ ਸਿੰਘ ਸੰਧੂ; ਭਾਰਤੀ ਕਿਸਾਨ ਯੂਨੀਅਨ, ਏਕਤਾ (ਡਕੌਂਦਾ) ਦੇ ਪ੍ਰਧਾਨ ਬੁਟਾ ਸਿੰਘ ਬੁਰਜਗਿੱਲ; ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ) ਦੇ ਪ੍ਰਧਾਨ ਭੁਪਿੰਦਰ ਸਿੰਘ ਸਾਂਭਰ; ਕੁੱਲ ਹਿੰਦ ਕਿਸਾਨ ਸਭਾ, ਪੰਜਾਬ ਦੇ ਜਨਰਲ ਸਕੱਤਰ, ਮੇਜ੍ਹਰ ਸਿੰਘ ਪੁੰਨਾਂਵਾਲ, ਪੰਜਾਬ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ; ਕਿਰਤੀ ਕਿਸਾਨ ਯੂਨੀਅਨ,ਪੰਜਾਬ ਦੇ ਸੂਬੇ ਦੇ ਪ੍ਰਧਾਨ ਨਿਰਭੈ ਸਿੰਘ ਢੁਡੀਕੇ; ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਦੇ ਸੂਬਾ ਆਗੂ ਡਾ: ਦਰਸ਼ਨ ਪਾਲ; ਕਿਸਾਨ ਸੰਘਰਸ਼ ਕਮੇਟੀ ਪੰਜਾਬ, ਦੇ ਪ੍ਰਧਾਨ ਇੰਦਰਜੀਤ ਕੋਟਬੁੱਢਾ; ਅਜਾਦ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਅਤੇ ਗੁਰਬਖ਼ਸ਼ ਸਿੰਘ ਬਰਨਾਲਾ, ਪ੍ਰਧਾਨ, ਜੈ ਕਿਸਾਨ ਅੰਦੋਲਨ,ਪੰਜਾਬ ਸ਼ਾਮਲ ਹਨ, ਨੇ ਸੰਬੋਧਨ ਕੀਤਾ। ਬੰਦ ਦੇ ਇਸ ਸੱਦੇ ਨੂੰ ਰੋਪੜ ਤੋਂ ਲੈ ਕੇ ਫਾਜ਼ਿਲਕਾ ਤੱਕ ਅਤੇ ਗੁਰਦਾਪੁਰ ਤੋਂ ਲੈ ਕੇ ਮਾਨਸਾ ਤੱਕ ਭਰਪੂਰ ਹੁੰਗਾਰਾ ਮਿਲਿਆ।

Share this Article
Leave a comment