-ਅਮਰਜੀਤ ਸਿੰਘ ਸੰਧੂ;
ਸਬਜ਼ੀਆਂ ਦੀ ਕਾਸ਼ਤ ਕਰਨ ਸਮੇਂ ਖੇਤਾਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ‘ਚੋਂ ਨਦੀਨ ਕਈ ਵਾਰ ਕੀੜਿਆਂ ਅਤੇ ਬਿਮਾਰੀਆਂ ਨਾਲੋਂ ਵੀ ਜ਼ਿਆਦਾ ਨੁਕਸਾਨਦੇਹ ਸਾਬਤ ਹੁੰਦੇ ਹਨ।ਜੇਕਰ ਨਦੀਨ ਸਹੀ ਸਮੇਂ ਕਾਬੂ ਨਾ ਕੀਤੇ ਜਾਣ ਤਾਂ ਕਈ ਵਾਰੀ ਫ਼ਸਲ ਪੂਰੀ ਤਰਾਂ ਬਰਬਾਦ ਹੋ ਜਾਂਦੀ ਹੈ।ਸਬਜ਼ੀਆਂ ਦੀਆਂ ਫ਼ਸਲਾਂ ਦਾ ਕੱਦ ਘੱਟ ਹੋਣ ਕਾਰਨ, ਜ਼ਿਆਦਾ ਪਾਣੀ ਦੀ ਜ਼ਰੂਰਤ ਹੋਣ ਕਾਰਨ ਅਤੇ ਜ਼ਿਆਦਾ ਫ਼ਾਸਲੇ ਤੇ ਬੀਜੀਆਂ ਹੋਣ ਕਰਕੇ ਇਹਨਾਂ ਫ਼ਸਲਾਂ ਵਿੱਚ ਨਦੀਨਾਂ ਦੀ ਸਮੱਸਿਆ ਜਿਆਦਾ ਹੁੰਦੀ ਹੈ।ਆਮ ਤੌਰ ਤੇ ਸਰਦ ਰੁੱਤ ਦੀਆਂ ਸਬਜ਼ੀਆਂ ਵਿੱਚ ਉਗਣ ਵਾਲੇ ਨਦੀਨ ਇਟਸਿਟ (ਅਗੇਤੀ ਗੋਭੀ ਮੂਲੀ ਅਤੇ ਗਾਜਰ), ਬਿੱਲੀ ਬੂਟੀ, ਬੂੰਂਈ, ਪਿਆਜ਼ੀ, ਬਾਥੂ, ਕਾਸ਼ਨੀ, ਪਿੱਤ ਪਾਪੜਾ, ਮਟਰੀ, ਹਾਲੋ, ਮੈਣਾ, ਜੰਗਲੀ ਸਰੋਂ, ਸੇਂਜੀ, ਗੁੱਲੀ ਡੰਡਾ, ਜੰਗਲੀ ਪਾਲਕ, ਦੋਧਕ, ਮੈਣੀ ,ਪਿਆਜੀ ਅਤੇ ਰਵਾੜੀ ਆਦਿ ਹਨ। ਸਬਜ਼ੀਆਂ ਦੀਆਂ ਫ਼ਸਲਾਂ ਵਿੱਚ ਨਦੀਨ ਖ਼ੁਰਾਕੀ ਤੱਤਾਂ, ਪਾਣੀ, ਜਗ੍ਹਾ ਅਤੇ ਸੂਰਜੀ ਰੋਸਨੀ ਲਈ ਮੁਕਾਬਲਾ ਕਰਦੇ ਹਨ, ਜਿਸ ਨਾਲ ਫ਼ਸਲ ਤੇ ਮਾੜਾ ਅਸਰ ਪੈਂਦਾ ਹੈ ਅਤੇ ਝਾੜ ਕਾਫ਼ੀ ਹੱਦ ਤੱਕ ਘੱਟ ਜਾਂਦਾ ਹੈ ਅਤੇ ਫ਼ਸਲ ਦੀ ਗਣਵਤਾ ਤੇ ਵੀ ਮਾੜਾ ਅਸਰ ਪੈਂਦਾ ਹੈ। ਨਦੀਨਾਂ ਦੀਆਂ ਕੁਝ ਕਿਸਮਾਂ ਫ਼ਸਲਾਂ ਤੇ ਕੀੜੇ ਅਤੇ ਬਿਮਾਰੀਆਂ ਨੂੰ ਵੀ ਸੱਦਾ ਦਿੰਦੀਆਂ ਹਨ। ਫ਼ਸਲ ਦੇ ਝਾੜ ਦਾ ਘਟਣਾ ਨਦੀਨ ਦੀ ਕਿਸਮ, ਗਿਣਤੀ ਅਤੇ ਫ਼ਸਲ ਦੇ ਵਾਧੇ ਦੀ ਅਵਸਥਾ ਤੇ ਨਿਰਭਰ ਕਰਦਾ ਹੈ। ਜੇਕਰ ਨਦੀਨਾਂ ਨੂੰ ਸਬਜ਼ੀਆਂ ਵਿੱਚਂੋ ਸਹੀ ਸਮਂੇ ਤੇ ਖਤਮ ਨਾ ਕੀਤਾ ਜਾਵੇ ਤਾਂ ਫ਼ਸਲਾ ਦੇ ਝਾੜ ਤੇ ਬਹੁਤ ਮਾੜਾ ਅਸਰ ਪੈਂਦਾ ਹੈ।ਕਈ ਵਾਰ ਇਹ ਦੇਖਣ ਵਿੱਚ ਆਉਂਦਾ ਹੈ ਕਿ ਬਹੁਤ ਜਿਆਦਾ ਨਦੀਨ ਹੌਣ ਦੀ ਹਾਲਤ ਵਿੱਚ ਫ਼ਸਲ ਨੂੰ ਦਿੱਤੀਆਂ ਹੋਈਆਂ ਖਾਦਾਂ ਵਿੱਚੋ 25-75% ਤੱਕ ਹਿੱਸਾ ਨਦੀਨ ਹੀ ਲੈ ਜਾਂਦੇ ਹਨ। ਆਮ ਤੌਰ ਤੇ ਨਦੀਨਾਂ ਦਾ ਵਾਧਾ ਅਤੇ ਨੁਕਸਾਨ ਸ਼ੁਰੂ ਵਿੱਚ ਹੌਲੀ ਵਧਣ ਵਾਲੀਆਂ ਫਸਲਾਂ ( ਗਾਜਰ ) ਵਿੱਚ ਜ਼ਿਆਦਾ ਹੁੰਦਾ ਹੈ।ਇਸ ਲਈ ਸਬਜ਼ੀਆਂ ਦੀਆਂ ਫ਼ਸਲਾਂ ਦਾ ਪੂਰਾ ਝਾੜ ਲੈਣ ਲਈ ਇਹਨਾਂ ਬੇਲੋੜੇ ਪੌਦਿਆਂ ਨੂੰ ਸਹੀ ਸਮੇਂ ਤੇ ਕੱਢਣਾ ਬਹੁਤ ਜ਼ਰੂਰੀ ਹੈ।ਸਬਜੀਆਂ ਦੀਆਂ ਫਸਲਾਂ ਵਿੱਚੋ ਨਦੀਨਾਂ ਦੀ ਰੋਕਥਾਮ ਕਰਨ ਦੇ ਢੰਗ ਹੇਠ ਲਿਖੇ ਹਨ ।
1. ਮਸ਼ੀਨੀ ਢੰਗ :-
ਨਦੀਨਾਂ ਦੀ ਰੋਕਥਾਮ ਦੇ ਇਸ ਢੰਗ ਵਿੱਚ ਫ਼ਸਲਾਂ ਨੂੰ ਗੋਡੀ ਕਰਕੇ, ਟਰੈਕਟਰ ਨਾਲ ਚੱਲਣ ਵਾਲੇ ਸੰਦਾਂ ਨਾਲ ਜਾਂ ਅਲੱਗ-ਅਲੱਗ ਤਰੀਕਿਆਂ ਦੇ ਹੈਰੋ ਫੇਰ ਕੇ ਨਦੀਨ ਮੁਕਤ ਰੱਖਿਆ ਜਾਂਦਾ ਹੈ।ਜਿਆਦਾ ਫ਼ਾਸਲੇ ਤੇ ਬੀਜੀਆਂ ਜਾਣ ਵਾਲੀਆਂ ਕਈ ਸਬਜ਼ੀਆਂ ਜਿਵੇ ਆਲੂ, ਟਮਾਟਰ ਆਦਿ ਵਿੱਚ ਨਦੀਨਾਂ ਦੀ ਰੋਕਥਾਮ ਲਈ ਟਰੈਕਟਰ ਨਾਲ ਚੱਲਣ ਵਾਲੇ ਸੰਦਾਂ ਦੀ ਵਰਤੋ ਵਧੀਆ ਤਰੀਕੇ ਨਾਲ ਕੀਤੀ ਜਾ ਸਕਦੀ ਹੈ ।
2. ਕਾਸ਼ਤ ਕਰਨ ਦੇ ਢੰਗ :-
ਕਾਸ਼ਤ ਕਰਨ ਦੇ ਨਵੇਂ ਢੰਗ ਅਪਣਾ ਕੇ ਵੀ ਸਬਜ਼ੀਆਂ ਵਿੱਚੋਂ ਕੁੱਝ ਹੱਦ ਤੱਕ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।ਇਸ ਤਰੀਕੇ ਰਾਹੀ ਬਿਜਾਈ ਦਾ ਸਮਾਂ ਬਦਲ ਕੇ, ਤੇਜੀ ਨਾਲ ਵਧਣ-ਫੁੱਲਣ ਵਾਲੀਆਂ ਸਬਜੀਆਂ ਦੀਆਂ ਕਿਸਮਾਂ ਦੀ ਕਾਸ਼ਤ ਕਰਕੇ, ਫ਼ਾਸਲਾ ਘੱਟ ਰੱਖਣ ਨਾਲ ਅਤੇ ਬੂਟਿਆਂ ਦੀ ਗਿਣਤੀ ਵਿੱਚ ਵਾਧਾ ਕਰਕੇ, ਖਾਦਾਂ ਦੀ ਸਹੀ ਜਗ੍ਹਾ ਵਰਤੋ ਕਰਕੇ, ਬਿਨਾਂ ਵਹਾਈ ਕਰੇ (ਜ਼ੀਰੋ ਟਿਲਿਜ), ਮਲਚਿੰਗ ਅਤੇ ਸਿੰਚਾਈ ਦੇ ਸੁਧਰੇ ਢੰਗ ਅਪਣਾ ਕੇ ਸਬਜ਼ੀਆਂ ਦੀਆਂ ਫ਼ਸਲਾਂ ਵਿੱਚੋ ਕੱੁਝ ਹੱਦ ਤੱਕ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਉਦਾਹਰਣ ਦੇ ਤੌਰ ‘ਤੇ ਸਰਦ ਰੁੱਤ ਦੀਆਂ ਸਬਜੀਆਂ ਜਿਵੇਂ ਗੋਭੀ, ਗਾਜਰ, ਮੂਲੀ, ਪਾਲਕ ਆਦਿ ਨੂੰ ਅਗੇਤਾ ਬੀਜਣ ਨਾਲ ਇਟਸਿਟ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ। ਸਰਦ ਰੁੱਤ ਦੀਆਂ ਸਬਜ਼ੀਆਂ ਵਿੱਚ ਲੋੜ ਤੋਂ ਜ਼ਿਆਦਾ ਪਾਣੀ ਦੇਣ ਨਾਲ ਸ੍ਹਿੱਲੀਆਂ ਥਾਵਾਂ ਤੇ ਕਾਸ਼ਤ ਕਰਨ ਨਾਲ ਸਬਜ਼ੀਆਂ ਵਿੱਚ ਬੂਈਂ ਦੀ ਸਮੱਸਿਆ ਬਹੁਤ ਗੰਭੀਰ ਹੋ ਜਾਂਦੀ ਹੈ।ਨਦੀਨਾਂ ਦੀ ਰੋਕਥਾਮ ਲਈ ਖਰਬੂਜਾ, ਤਰਬੂਜ, ਟਮਾਟਰ, ਬੈਂਗਣ ਅਤੇ ਸ਼ਿਮਲਾ ਮਿਰਚ ਆਦਿ ਵਿੱਚ ਪਲਾਸਟਿਕ ਮਲਚ ਜਦੋਂ ਕਿ ਲਸਣ , ਅਰਬੀ ,ਹਲਦੀ ਆਦਿ ਵਿੱਚ ਫਸਲੀ ਰਹਿੰਦ-ਖੂੰਦ ਮਲਚ ਬਹੁਤ ਕਾਰਗਰ ਹਨ।
3. ਰਸਾਇਣਕ ਢੰਗ :-
ਨਦੀਨਾਂ ਦੀ ਰੋਕਥਾਮ ਦਾ ਇਹ ਢੰਗ ਅੱਜ ਕਲ ਕਿਸਾਨਾਂ ਵਿੱਚ ਕਾਫ਼ੀ ਪ੍ਰਚੱਲਤ ਹੋ ਰਿਹਾ ਹੈ, ਕਿਉਂਕਿ ਇਸ ਤਰੀਕੇ ਨਾਲ ਘੱਟ ਲਾਗਤ ਅਤੇ ਅਸਰਦਾਰ ਤਰੀਕੇ ਨਾਲ ਨਦੀਨਾਂ ਤੇ ਕਾਬੂ ਪਾਇਆ ਜਾ ਸਕਦਾ ਹੈ। ਇਹਨਾਂ ਰਸਾਇਣਾਂ ਦੀ ਲੋੜ ਤੋਂ ਜ਼ਿਆਦਾ ਵਰਤੋਂ ਕਰਨ ਨਾਲ ਨਦੀਨਾਂ ਵਿੱਚ ਦਵਾਈ ਪ੍ਰਤੀ ਸਹਿਣਸ਼ੀਲਤਾ, ਨਵਂੇ ਨਦੀਨ ਦਾ ਪ੍ਰਗਟ ਹੋਣਾ ਅਤੇ ਵਾਤਾਵਰਨ ਦਾ ਗੰਦਲਾਪਣ ਵਧਣ ਦਾ ਖ਼ਦਸ਼ਾ ਹਮੇਸ਼ਾਂ ਬਣਿਆ ਰਹਿੰਦਾ ਹੈ। ਨਦੀਨ-ਨਾਸ਼ਕਾਂ ਦਾ ਮਾਰੂ ਅਸਰ ਜ਼ਮੀਨ, ਦਾਣਿਆਂ ਅਤੇ ਫ਼ਸਲ ਤੇ ਵੀ ਆ ਸਕਦਾ ਹੈ।ਇਸ ਲਈ ਇਹਨਾਂ ਦੀ ਨਦੀਨਨਾਸ਼ਕ ਜ਼ਹਿਰਾਂ ਦੀ ਯੋਗ ਅਤੇ ਲੋੜ ਅਨੁਸਾਰ ਸਹੀ ਸਮੇਂ ਤੇ ਵਰਤੋਂ ਕਰਕੇ ਨਦੀਨਾਂ ਤੇ ਕਾਬੂ ਪਾਉਣਾ ਚਾਹੀਦਾ ਹੈ।
ਸਰਦ ਰੁੱਤ ਦੀਆਂ ਸਬਜ਼ੀਆਂ ਵਿੱਚ ਨਦੀਨਾਂ ਦੀ ਰੋਕਥਾਮ ਦੇ ਢੰਗ
ਆਲੂ :-
ਆਲੂ ਦੀ ਫ਼ਸਲ ਵਿੱਚ ਨਦੀਨਾਂ ਦੇ ਜੰਮ ਤੋਂ ਪਹਿਲਾਂ ਅਤੇ ਪਹਿਲੇ ਪਾਣੀ ਤੋਂ ਬਾਅਦ 200 ਗ੍ਰਾਮ ਸੈਨਕੋਰ/ਤਨੌਸ਼ੀ 70 ਡਬਲਯੂ. ਪੀ. (ਮੈਟਰੀਬਿਊਜਨ) ਦੀ ਵਰਤੋਂ ਕਰ ਕੇ ਨਦੀਨਾਂ ਤੇ ਕਾਬੂ ਕਰੋ ਜਾਂ 500-750 ਮਿਲੀ ਲੀਟਰ ਗਰੈਮਕਸੋਨ/ਕਾਬੂਤੋ 24 ਐਸ. ਐਲ. (ਪੈਰਾਕੁਆਟ) ਜਦੋਂ ਆਲੂਆਂ ਦਾ ਜੰਮ 5-10 ਫ਼ੀਸਦੀ ਹੋ ਜਾਵੇ, ਤਾਂ ਸਪਰੇ ਕਰੋ।ਇਸ ਤੋਂ ਇਲਾਵਾ ਬਿਜਾਈ ਤੋਂ ਤੁਰੰਤ ਬਾਅਦ ਖੇਤ ਵਿੱਚ 25 ਕੁਇੰਟਲ ਝੋਨੇ ਦੀ ਪਰਾਲੀ ਪ੍ਰਤੀ ਏਕੜ ਦੇ ਹਿਸਾਬ ਵਿਛਾਉਣ ਨਾਲ ਨਦੀਨਾਂ ਦੀ ਚੰਗੀ ਰੋਕਥਾਮ ਕੀਤੀ ਜਾ ਸਕਦੀ ਹੈ।
ਟਮਾਟਰ:-
ਟਮਾਟਰ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਸੈਨਕੋਰ 70 ਡਬਲਯੂ. ਪੀ. 300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਰਤ ਕੇ ਛਿੜਕਾਅ ਕਰੋ। ਇਹ ਛਿੜਕਾਅ ਪਨੀਰੀ ਪੁੱਟ ਕੇ ਲਾਉਣ ਤੋਂ 3-4 ਦਿਨ ਪਹਿਲਾਂ ਤਿਆਰ ਕੀਤੇ ਖ਼ੇਤ ਵਿਚ (ਚੰਗੀ ਵੱਤਰ ਤੇ) ਕਰੋ ਅਤੇ ਮਗਰੋਂ ਇੱਕ ਗੋਡੀ ਕਰ ਦਿਉ।
ਪਿਆਜ ਅਤੇ ਲਸਣ :-
ਪਿਆਜ਼ ਅਤੇ ਲਸਣ ਵਿਚ ਨਦੀਨਾਂ ਦੀ ਰੋਕਥਾਮ ਗੋਡੀ ਕਰਨ ਦੇ ਨਾਲ-ਨਾਲ ਨਦੀਨ ਨਾਸ਼ਕ ਦਵਾਈਆਂ ਵਰਤ ਕੇ ਵੀ ਕੀਤੀ ਜਾ ਸਕਦੀ ਹੈ।ਪਿਆਜ਼ ਵਿੱਚ ਨਦੀਨਾਂ ਦੀ ਰੋਕਥਾਮ ਲਈ 3-4 ਗੋਡੀਆਂ ਜ਼ਰੁਰੀ ਹਨ। ਪਹਿਲੀ ਗੋਡੀ ਪਨੀਰੀ ਲਾਉਣ ਤੋਂ ਤਕਰੀਬਨ 3 ਹਫ਼ਤਿਆਂ ਮਗਰੋਂ ਕਰੋ, ਅਤੇ ਬਾਕੀ ਗੋਡੀਆਂ 15 ਦਿਨਾਂ ਦੇ ਵਰਕਫ਼ੇ ਤੇ ਕਰਦੇ ਰਹੋ। ਇਸ ਤੋਂ ਇਲਾਵਾ ਗੋਲ 23.5 ਈ. ਸੀ. (ਆਕਸੀਫ਼ਲੋਰੋਫਿਨ) 380 ਮਿਲੀ ਲੀਟਰ ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪਨੀਰੀ ਲਾਉਣ ਤੋ ਇੱਕ ਹਫ਼ਤੇ ਦੇ ਅੰਦਰ-ਅੰਦਰ ਛਿੜਕਾਅ ਕਰਨ ਅਤੇ 90-100 ਦਿਨਾਂ ਬਾਅਦ ਇਕ ਗੋਡੀ ਕਰਨ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।ਛਿੜਕਾਅ ਸਮੇਂ ਖੇਤ ਵਿੱਚ ਸਹੀ ਵੱਤਰ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇ ਲੋੜ ਪਵੇ ਤਾਂ ਪੌਦੇ ਲਗਾਉਣ ਤੋਂ 60 ਦਿਨਾਂ ਬਾਅਦ ਇੱਕ ਗੋਡੀ ਵੀ ਕੀਤੀ ਜਾ ਸਕਦੀ ਹੈ।ਲਸਣ ਵਿੱਚ ਨਦੀਨਾਂ ਦੀ ਰੋਕਥਾਂਮ ਲਈ 25 ਕੁਇੰਟਲ ਪਰਾਲੀ ਪ੍ਰਤੀ ਏਕੜ ਦੇ ਹਿਸਾਬ ਨਾਲ ਲਸਣ ਉਗਣ ਮਗਰੋਂ ਵਿਛਾ ਦਿਉ।
ਮਟਰ :-
ਫ਼ਸਲ ਉਗਣ ਤੋ ਮਹੀਨੇ ਬਾਅਦ ਪਹਿਲੀ ਗੋਡੀ ਕਰੋ। ਦੂਜੀ ਗੋਡੀ ਜ਼ਰੂਰਤ ਮੁਤਾਬਕ ਨਦੀਨਾਂ ਦੀ ਸਮੱਸਿਆ ਅਨੁਸਾਰ ਕਰੋ।
ਜੜ੍ਹ ਵਾਲੀਆਂ ਸਬਜੀਆਂ :-
ਇਹਨਾਂ ਸਬਜ਼ੀਆਂ ਵਿੱਚੋਂ ਗਾਜਰਾਂ ਸ਼ੁਰੂ ਵਿੱਚ ਹੌਲੀ-ਹੌਲੀ ਵਧਦੀਆਂ ਹਨ।ਜਿਸ ਕਰਕੇ ਸ਼ੁਰੂ ਵਿੱਚ ਨਦੀਨਾਂ ਦੀ ਸਮੱਸਿਆ ਆਮ ਹੋ ਸਕਦੀ ਹੈ। ਗਾਜਰਾਂ ਦੀ ਅਗੇਤੀ ਬਿਜਾਈ ਕਰਨ ਨਾਲ ਨਦੀਨਾਂ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ। ਇਸ ਲਈ ਇਸ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ।ਮੂਲੀ ਅਤੇ ਸਲਗਮ ਨੂੰ ਬਿਜਾਈ ਤੋਂ 2-3 ਹਫ਼ਤੇ ਬਾਅਦ ਗੋਡੀ ਕਰੋ ਅਤੇ ਗੋਡੀ ਤੋਂ ਤੁਰੰਤ ਬਾਅਦ ਮਿੱਟੀ ਚੜਾਉ। ਜਿਹੜੇ ਖੇਤਾਂ ਵਿੱਚ ਗਾਜਰ ਅਤੇ ਮੂਲੀ ਦੀ ਅਗੇਤੀ ਬਿਜਾਈ ਕਰਨੀ ਹੋਵੇ, ਉਹਨਾਂ ਖੇਤਾਂ ਵਿੱਚ ਫ਼ਸਲ ਬੀਜਣ ਤੋਂ ਪਹਿਲਾਂ ਇੱਕ ਦੋ ਵਾਰ ਪਾਣੀ ਦੇ ਕੇ ਨਦੀਨਾਂ ਨੂੰ ਉਗਾ ਲਉ ਅਤੇ ਖੇਤ ਵਾਹ ਦਿਉ। ਇਸ ਤਰਹਾਂ ਕਰਨ ਨਾਲ ਅਗੇਤੀ ਬੀਜੀ ਗਾਜਰ ਅਤੇ ਮੂਲੀ ਵਿੱਚ ਨਦੀਨਾਂ ਦੀ ਗਿਣਤੀ ਕਾਫ਼ੀ ਘਟਾਈ ਜਾ ਸਕਦੀ ਹੈ। ਨਦੀਨਾਂ ਦੀ ਰੋਕਥਾਮ ਲਈ ਇਹ ਤਰੀਕਾ ਅਗੇਤੀ ਗੋਭੀ ਵਿੱਚ ਵੀ ਕਾਫ਼ੀ ਕਾਰਗਰ ਸਾਬਤ ਹੁੰਦਾ ਹੈ।
ਹਰੇ ਪੱਤੇ ਵਾਲੀਆਂ ਸਬਜੀਆਂ :-
ਪਾਲਕ, ਮੇਥੀ, ਧਨੀਆਂ ਆਦਿ ਨੂੰ ਹਮੇਸ਼ਾਂ ਸਿਫ਼ਾਰਸ ਫ਼ਾਸਲੇ ਤੇ ਲਾਈਨਾਂ ਵਿੱਚ ਬੀਜੋ, ਤਾਂ ਕੇ ਲੋੜ ਪੈਣ ਤੇ ਨਦੀਨਾਂ ਦੀ ਰੋਕਥਾਮ ਲਈ ਗੋਡੀ ਕੀਤੀ ਜਾ ਸਕੇ। ਛੱਟੇ ਨਾਲ ਬੀਜੀਆਂ ਹੋਈਆਂ ਇਹਨਾਂ ਫ਼ਸਲਾਂ ਵਿੱਚਂੋ ਨਦੀਨਾਂ ਦੀ ਰੋਕਥਾਮ ਕਰਨੀ ਬਹੁਤ ਔਖੀ ਹੈ।