-ਜੁਪਿੰਦਰ ਕੌਰ, ਪ੍ਰਤਿਭਾ ਵਯਾਸ ਅਤੇ ਸੁਮਨ ਕੁਮਾਰੀ;
ਪੰਜਾਬ ਵਿੱਚ ਕਣਕ ਅਨਾਜ ਦੀ ਮੁੱਖ ਫ਼ਸਲ ਹੈ। ਕਣਕ ਦੀ ਫਸਲ, ਸਿਰਫ ਭੋਜਨ ਦਾ ਸਰੋਤ ਹੀ ਨਹੀਂ ਬਲਕਿ ਪੰਜਾਬ ਦੇ ਕਿਸਾਨਾਂ ਲਈ ਕਮਾਈ ਦਾ ਸਾਧਨ ਵੀ ਹੈ। ਇਸ ਦੀ ਕਾਸ਼ਤ ਸਾਲ 2018-19 ਦੌਰਾਨ 35.20 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਗਈ ਜਿਸ ਤੋਂ ਕੁੱਲ ਪੈਦਾਵਾਰ 182.62 ਲੱਖ ਟਨ ਹੋਈ ਅਤੇ ਇਸ ਦਾ ਔਸਤ ਝਾੜ 51.88 ਕੁਇੰਟਲ ਪ੍ਰਤੀ ਹੈਕਟੇਅਰ (21.0 ਕੁਇੰਟਲ ਪ੍ਰਤੀ ਏਕੜ) ਰਿਹਾ।ਕਣਕ ਦੀ ਫਸਲ ਦਾ ਵਧੀਆ ਝਾੜ ਲੈਣ ਲਈ, ਇਸ ਫਸਲ ਦੀ ਖ਼ੁਰਾਕੀ ਤੱਤ ਦੀ ਪੂਰਤੀ ਬਹੁਤ ਜਰੂਰੀ ਹੈ।ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਤਿੰਨ ਅਜਿਹੇ ਮੁੱਖ ਖ਼ੁਰਾਕੀ ਤੱਤ ਹਨ ਜੋ ਪੌਦੇ ਦੇ ਵਿਕਾਸ ਵਿੱਚ ਸਹਾਇਤਾ ਕਰਦੇ ਹਨ। ਇਹਨਾਂ ਦੀ ਵਰਤੋਂ ਨਾਲ ਫ਼ਸਲਾਂ ਦੀ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ। ਫ਼ਸਲਾਂ ਦੇ ਵੱਧ ਝਾੜ ਲੈਣ ਲਈ, ਇਹਨਾਂ ਰਸਾਇਣਕ ਖਾਦਾਂ ਦੀ ਵਰਤੋਂ ਅਕਸਰ ਹੀ ਸਿਫਾਰਿਸ਼ ਕੀਤੀ ਗਈ ਮਾਤਰਾ ਤੋਂ ਵੱਧ ਕੀਤੀ ਜਾਂਦੀ ਹੈ।ਲੋੜ ਤੋਂ ਵੱਧ ਰਸਾਇਣਕ ਖਾਦਾਂ ਦੀ ਵਰਤੋਂ ਨਾਲ ਮਿੱਟੀ ਦੀ ਸਿਹਤ ਵਿੱਚ ਗਿਰਾਵਟ ਹੁੰਦੀ ਹੈ ਅਤੇ ਪਾਣੀ ਪ੍ਰਦੂਸ਼ਣ ਦੀ ਸਮੱਸਿਆ ਵੀ ਵੱਧਦੀ ਹੈ। ਨਾਈਟ੍ਰੋਜਨ ਖਾਦਾਂ ਦੇ ਨਾਈਟ੍ਰੇਟਸ, ਪਾਣੀ ਵਿੱਚ ਘੁਲ ਕੇ ਪਾਣੀ ਨੂੰ ਜ਼ਹਰੀਲਾ ਕਰਦੇ ਹਨ। ਜ਼ਮੀਨ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਅਤੇ ਫਸਲਾਂ ਦੇ ਵਧੀਆ ਝਾੜ ਲੈਣ ਲਈ ਰਸਾਇਣਕ ਖਾਦਾਂ ਦੀ ਵਰਤੋਂ ਤੇ ਨਿਯੰਤਰਣ ਕਰਨਾ ਬਹੁਤ ਜਰੂਰੀ ਹੈ।ਜੈਵਿਕ, ਜੀਵਾਣੂ ਅਤੇ ਰਸਾਇਣਕ ਖਾਦਾਂ ਦੇ ਸੁਮੇਲ ਦੀ ਵਰਤੋਂ ਨਾਲ ਅਸੀਂ ਰਸਾਇਣਿਕ ਖਾਦਾਂ ਦੀ ਵਰਤੋਂ ਨੂੰ ਨਿਯੰਤਰਣ ਕਰ ਸਕਦੇ ਹਾਂ।
ਜੀਵਾਣੂ ਖਾਦਾਂ: ਜੀਵਾਣੂ ਖਾਦ, ਉਹ ਖਾਦ ਹੁੰਦੀ ਹੈ, ਜਿਸ ਵਿੱਚ ਲਾਭਦਾਇਕ ਸੂਖਮ ਜੀਵ ਹੁੰਦੇ ਹਨ ਜੋ ਪੌਦਿਆਂ ਨੂੰ ਪੋਸ਼ਟਿਕ ਤੱਤ ਮੁਹੱਈਆ ਕਰਵਾਉਣ ਵਿੱਚ ਮਦਦ ਕਰਦੇ ਹਨ।ਜਦੋਂ ਅਸੀਂ ਜੀਵਾਣੂ ਖਾਦਾਂ ਨੂੰ ਬੀਜ, ਪਨੀਰੀ ਜਾਂ ਮਿੱਟੀ ਵਿੱਚ ਲਗਾਉਂਦੇ ਹਾਂ ਤਾਂ ਇਹ ਜੀਵਾਣੂ, ਪੌਦਿਆਂ ਦੇ ਖ਼ੁਰਾਕੀ ਤੱਤ (ਨਾਈਟ੍ਰੋਜਨ, ਫਾਸਫੋਰਸ ਆਦਿ) ਦੀ ਪੂਰਤੀ ਕਰਦੇ ਹਨ ਅਤੇ ਪੌਦੇ ਦੇ ਵਿਕਾਸ ਵਿੱਚ ਵੀ ਸਹਾਇਤਾ ਕਰਦੇ ਹਨ। ਇਹਨਾਂ ਦੀਆਂ ਪ੍ਰਕਿਰਿਆਵਾਂ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਦੇ ਨਾਲ-ਨਾਲ, ਫ਼ਸਲਾਂ ਦੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ।ਜੀਵਾਣੂ ਖਾਦਾਂ ਵੱਖ-ਵੱਖ ਕਿਸਮਾਂ ਦੀਆਂ ਹੁੰਦੀਆਂ ਹਨ ਜੋ ਕਿ ਜੀਵਾਣੂ ਦੁਆਰਾ ਕੀਤੇ ਜਾਣ ਵਾਲੇ ਕੰਮ ਦੇ ਆਧਾਰ ਤੇ ਬਣਾਈਆਂ ਜਾਂਦੀਆਂ ਹਨ।
ਕੰਸੌਰਸ਼ੀਅਮ ਜੀਵਾਣੂ ਖਾਦ: ਕੰਸੌਰਸ਼ੀਅਮ ਜੀਵਾਣੂ ਖਾਦ ਦੋ ਜਾਂ ਦੋ ਤੋਂ ਵੱਧ ਲਾਭਦਾਇਕ ਜੀਵਾਣੂਆਂ ਦਾ ਸਮੂਹ ਹੁੰਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀ ਕੰਸੌਰਸ਼ੀਅਮ ਜੀਵਾਣੂ ਖਾਦ, ਤਿੰਨ ਅਲੱਗ-ਅਲੱਗ ਜੀਵਾਣੂਆਂ ਦਾ ਮਿਸ਼ਰਣ ਹੈ (ਬੈਸੀਲਸ, ਅਜ਼ੋਟੋਬੈਕਟਰ, ਸੂਡੋਮੋਨਾਸ), ਜੋ ਵੱਖ-ਵੱਖ ਕੰਮ ਕਰਦੇ ਹਨ (ਚਿੱਤਰ 1)। ਕੰਸੌਰਸ਼ੀਅਮ ਜੀਵਾਣੂ ਖਾਦ, ਵੱਖ-ਵੱਖ ਕੰਮ ਕਰਨ ਵਾਲੇ ਜੀਵਾਣੂਆਂ ਦਾ ਸਮੂਹ ਹੋਣ ਕਾਰਨ, ਇਕੱਲੇ ਜੀਵਾਣੂ ਖਾਦ ਨਾਲੋਂ ਵਧੀਆ ਕੰਮ ਕਰਦੀ ਹੈ ਅਤੇ ਫਸਲਾਂ ਦਾ ਝਾੜ ਵਧਾਉਂਦੀ ਹੈ।ਕੰਸੌਰਸ਼ੀਅਮ ਜੀਵਾਣੂ ਖਾਦਾਂ ਵਿਚਲੇ ਇਹ ਜੀਵਾਣੂ, ਹੇਠ ਦਰਸਾਏ ਗਏ ਕੰਮ ਕਰਦੇ ਹਨ:
1) ਫਾਸਫੋਰਸ ਮੁਹੱਈਆ ਕਰਵਾਉਣਾ: ਫਸਲਾਂ ਨੂੰ ਫਾਸਫੋਰਸ ਮੁੱਖ ਤੌਰ ਤੇ ਡੀ. ਏ. ਪੀ. ਜਾਂ ਸਿੰਗਲ ਸੁਪਰ ਫਾਸਫੇਟ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ। ਰਸਾਇਣਿਕ ਖਾਦਾਂ ਦੁਆਰਾ ਮੁਹੱਈਆ ਕਰਵਾਈ ਫਾਸਫੋਰਸ ਦਾ ਵੱਡਾ ਹਿੱਸਾ, ਅਘੱੁਲਣਸ਼ੀਲ ਰੂਪ ਵਿੱਚ ਜ਼ਮੀਨ ਵਿੱਚ ਰਹਿ ਜਾਂਦਾ ਹੈ, ਜਿਸ ਨੂੰ ਪੌਦੇ ਆਪਣੇ ਵਿਕਾਸ ਲਈ ਵਰਤ ਨਹੀਂ ਪਾਉਂਦੇ। ਇਸ ਅਣਘੁੱਲੀ ਫਾਸਫੋਰਸ ਨੂੰ ਘੁੱਲਣਸ਼ੀਲ ਰੂਪ ਵਿੱਚ ਬਦਲ ਕੇ ਪੌਦੇ ਦੇ ਵਿਕਾਸ ਵਿੱਚ ਸਹਾਇਤਾ ਦਾ ਕੰਮ ਫਾਸਫੋਰਸ ਨੂੰ ਘੋਲਣ ਵਾਲੇ ਜੀਵਾਣੂ ਕਰਵਾਉਂਦੇ ਹਨ।ਕੰਸੌਰਸ਼ੀਅਮ ਖਾਦਾਂ ਵਿਚਲੇ ਫਾਸਫੋਰਸ ਘੋਲਣ ਵਾਲੇ ਜੀਵਾਣੂ (ਬੈਸੀਲਸ),ੂ ਵੱਖ-ਵੱਖ ਵਿਧੀਆਂ ਰਾਹੀਂ ਅਣਘੁੱਲੀ ਫਾਸਫੋਰਸ ਨੂੰ ਪੌਦਿਆਂ ਲਈ ਮੁਹੱਈਆ ਕਰਵਾ ਕੇ ਫਸਲ ਉਤਪਾਦਨ ਵਿੱਚ ਵਾਧਾ ਕਰਦੇ ਹਨ।
2) ਹਵਾ ਵਿਚਲੀ ਨਾਈਟ੍ਰੋਜਨ ਨੂੰ ਜਮ੍ਹਾਂ ਕਰਨਾ: ਸਾਡੇ ਵਾਯੂਮੰਡਲ ਵਿੱਚ ਤਕਰੀਬਨ 78% ਨਾਈਟ੍ਰੋਜਨ ਹੈ। ਪਰੰਤੂ ਪੌਦੇ ਇਸ ਹਵਾ ਵਿਚਲੀ ਨਾਈਟ੍ਰੋਜਨ ਨੂੰ ਵਰਤਣ ਦੇ ਅਸਮਰੱਥ ਹੁੰਦੇ ਹਨ। ਨਾਈਟ੍ਰੋਜਨ ਜਮ੍ਹਾਂ ਕਰਨ ਵਾਲੇ ਜੀਵਾਣੂ ਹਵਾ ਵਿਚਲੀ ਨਾਈਟ੍ਰੋਜਨ ਨੂੰ ਤਬਦੀਲ ਕਰਕੇ ਪੌਦਿਆਂ ਲਈ ਮੁਹੱਈਆ ਕਰਵਾਉਂਦੇ ਹਨ।ਕੰਸੌਰਸ਼ੀਅਮ ਖਾਦਾਂ ਵਿਚਲੇ ਅਜ਼ੋਟੋਬੈਕਟਰ ਜੀਵਾਣੂ, ਹਵਾ ਵਿਚਲੀ ਨਾਈਟ੍ਰੋਜਨ ਨੂੰ ਜਮਾਂ੍ਹ ਕਰਕੇ ਕਣਕ ਦੀ ਫਸਲ ਦੇ ਵੱਧ ਉਤਪਾਦਨ ਵਿੱਚ ਸਹਾਇਕ ਹੁੰਦੇ ਹਨ।
3) ਪੌਦੇ ਦੇ ਵਿਕਾਸ ਵਿੱਚ ਸਹਾਇਤਾ ਕਰਨਾ: ਕੰਸੌਰਸ਼ੀਅਮ ਖਾਦਾਂ ਵਿਚਲੇ ਪੀ. ਜੀ. ਪੀ. ਆਰ. ਜੀਵਾਣੂ (ਸੂਡੋਮੋਨਾਸ), ਪੌਦੇ ਦੇ ਵਿਕਾਸ ਵਿੱਚ ਸਹਾਇਕ ਹਾਰਮੋਨ ਜਿਵੇਂ ਕਿ ਇੰਡੋਲ ਐਸਟਿਕ ਐਸਿਡ (ੀਅਅ), ਜ਼ੀਬਰੈਲਿਕ ਐਸਿਡ (ਘਅ) ਆਦਿ ਬਣਾ ਕੇ ਪੌਦੇ ਦੇ ਵਿਕਾਸ ਵਿੱਚ ਸਹਾਇਤਾ ਕਰਦੇ ਹਨ।
ਕੰਸੌਰਸ਼ੀਅਮ ਜੀਵਾਣੂ ਖਾਦ ਵਰਤਣ ਦਾ ਢੰਗ: ਕਣਕ ਦੀ ਫਸਲ ਲਈ, ਕੰਸੌਰਸ਼ੀਅਮ ਜੀਵਾਣੂ ਖਾਦ, ਬੀਜ ਨੂੰ ਲਗਾ ਕੇ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਜੀਵਾਣੂ ਖਾਦ ਦੇ ਪੈਕਿਟ (500 ਗਰਾਮ, ਇਕ ਏਕੜ ਲਈ) ਨੂੰ ਅੱਧਾ ਲੀਟਰ ਪਾਣੀ ਵਿੱਚ ਚੰਗੀ ਤਰਾਂ ਮਿਲਾ ਕੇ ਇੱਕ ਘੋਲ ਬਣਾ ਲਵੋ। ਇਸ ਬਣੇ ਘੋਲ ਨੂੰ ਇੱਕ ਏਕੜ ਦੇ ਬੀਜ ਨਾਲ ਰਲਾ ਲਵੋ। ਇਹ ਕੰਮ ਪੱਕੇ ਸਾਫ ਫਰਸ਼ ਜਾਂ ਤਰਪਾਲ ਉੱਪਰ ਕਰੋ। ਬੀਜ ਨੂੰ ਛਾਵੇਂ ਸੁਕਾ ਕੇ ਖੇਤ ਵਿੱਚ ਜਲਦੀ ਬੀਜ ਦਿਉ।
ਕੰਸੌਰਸ਼ੀਅਮ ਜੀਵਾਣੂ ਖਾਦ ਵਰਤਣ ਦੇ ਫਾਇਦੇ:
ਕੰਸੌਰਸ਼ੀਅਮ ਖਾਦਾਂ ਵਿਚਲੇ ਜੀਵਾਣੂ, ਅਣਘੁੱਲੀ ਫਾਸਫੋਰਸ ਨੂੰ ਘੁੱਲਣਸ਼ੀਲ ਰੂਪ ਵਿੱਚ ਬਦਲ ਕੇ ਪੌਦੇ ਦੇ ਵਿਕਾਸ ਵਿੱਚ ਸਹਾਇਤਾ ਕਰਦੇ ਹਨ।
ਕੰਸੌਰਸ਼ੀਅਮ ਖਾਦਾਂ ਵਿਚਲੇ ਜੀਵਾਣੂ, ਹਵਾ ਵਿਚਲੀ ਨਾਈਟਰੋਜਨ ਨੂੰ ਜਮ੍ਹਾਂ ਕਰਕੇ ਪੌਦਿਆਂ ਲਈ ਮੁਹੱਈਆ ਕਰਵਾਉਂਦੇ ਹਨ।
ਕੰਸੌਰਸ਼ੀਅਮ ਖਾਦਾਂ ਦੀ ਵਰਤੋਂ ਨਾਲ ਫਸਲ ਦੇ ਝਾੜ ਵਿੱਚ ਵਾਧਾ ਹੁੰਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ।
ਕੰਸੌਰਸ਼ੀਅਮ ਜੀਵਾਣੂ ਖਾਦਾਂ ਘੱਟ ਮਾਤਰਾ ਵਿੱਚ ਵਰਤੀਆਂ ਜਾਣ ਕਰਕੇ ਕਾਸ਼ਤ ਦੀ ਲਾਗਤ ਘਟਦੀ ਹੈ।
ਕੰਸੌਰਸ਼ੀਅਮ ਜੀਵਾਣੂ ਖਾਦਾਂ ਵਿਚਲੇ ਸੂਖਮ ਜੀਵ ਆਪਣੀਆਂ ਕਿ੍ਰਆਵਾਂ ਨਾਲ ਵਿਕਾਸ ਵਾਲੇ ਕਈ ਹਾਰਮੋਨ ਬਣਾਂਉਂਦੇ ਹਨ ਜੋ ਕਿ ਪੌਦਿਆਂ ਦਾ ਵਿਕਾਸ ਕਰਨ ਵਿੱਚ ਸਹਾਈ ਹੁੰਦੇ ਹਨ।
ਕੰਸੌਰਸ਼ੀਅਮ ਜੀਵਾਣੂ ਖਾਦ ਵਰਤਣ ਸਮੇਂ ਸਾਵਧਾਨੀਆਂ:
ਜੀਵਾਣੂ ਖਾਦ ਵਾਲਾ ਲਿਫਾਫਾ ਧੁੱਪ ਅਤੇ ਗਰਮੀ ਤਂੋ ਦੂਰ ਠੰਢੀ ਥਾਂ ਤੇ ਰੱਖਣਾ ਚਾਹੀਦਾ ਹੈ।
ਜੀਵਾਣੂ ਖਾਦਾਂ ਨੂੰ ਮਿਆਦ ਪੁੱਗਣ ਤੋਂ ਪਹਿਲਾਂ ਵਰਤਣਾ ਚਾਹੀਦਾ ਹੈ।
ਜੀਵਾਣੂ ਖਾਦ ਲਗਾਉਣ ਤਂੋ ਬਾਅਦ ਬਿਜਾਈ ਛੇਤੀ ਕਰ ਦੇਣੀ ਚਾਹੀਦੀ ਹੈ।
ਜੇਕਰ ਜੀਵਾਣੂ ਖਾਦਾਂ ਨੂੰ ਬੀਜ ਸੋਧਣ ਲਈ ਵਰਤੀਆਂ ਜਾਣ ਵਾਲੀਆਂ ਉੱਲੀਨਾਸ਼ਕ ਜਾਂ ਕੀਟਨਾਸ਼ਕ ਦਵਾਈਆਂ ਨਾਲ ਲਗਾਉਣਾ ਹੋਵੇੇ ਤਾਂ ਪਹਿਲਾਂ ਕੀਟਨਾਸ਼ਕ, ਫਿਰ ਉੱਲੀਨਾਸ਼ਕ ਅਤੇ ਬਾਅਦ ਵਿੱਚ ਜੀਵਾਣੂ ਖਾਦ ਲਗਾਉਣੀ ਚਾਹੀਦੀ ਹੈ।
ਜਿਸ ਫਸਲ ਲਈ ਜੋ ਜੀਵਾਣੂੰ ਖਾਦ ਸਿਫਾਰਿਸ਼ ਕੀਤੀ ਗਈ ਹੈੈ, ਉਸ ਫਸਲ ਲਈ ਹੀ ਵਰਤਣੀ ਚਾਹੀਦੀ ਹੈ। ਪੀ. ਏ. ਯੂ. ਵੱਲੋਂ ਇਹ ਕੰਸੌਰਸ਼ੀਅਮ ਜੀਵਾਣੂ ਖਾਦ ਕਣਕ, ਮੱਕੀ, ਗੰਨਾਂ, ਪਿਆਜ ਅਤੇ ਆਲੂ ਲਈ ਸਿਫਾਰਿਸ਼ ਕੀਤੀ ਗਈ ਹੈ।ਕੰਸੌਰਸ਼ੀਅਮ ਜੀਵਾਣੂ ਖਾਦ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਬੀਜਾਂ ਦੀ ਦੁਕਾਨ, ਗੇਟ ਨੰ:1 ਅਤੇ ਵੱਖੋ ਵੱਖਰੇ ਜਿਲ੍ਹਿਆਂ ਵਿੱਚ ਸਥਿਤ ਕਿ੍ਰਸ਼ੀ ਵਿਗਿਆਨ/ਫਾਰਮ ਸਲਾਹਕਾਰ ਕੇਂਦਰਾਂ ਤੋਂ ਮਿਲਦੀ ਹੈ।ਜੀਵਾਣੂ ਖਾਦਾਂ ਵਿੱਚ ਲਾਭਦਾਇਕ ਜੀਵਾਣੂ ਹੁੰਦੇ ਹਨ ਜੋ ਫ਼ਸਲਾਂ ਨੂੰ ਪੋਸ਼ਟਿਕ ਤੱਤ ਮੁਹੱਈਆ ਕਰਵਾ ਕੇ, ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਦੇ ਹਨ ਅਤੇ ਫ਼ਸਲਾਂ ਦੇ ਝਾੜ ਵਿੱਚ ਵੀ ਵਾਧਾ ਕਰਦੇ ਹਨ। ਜੀਵਾਣੂ ਖਾਦਾਂ ਰਵਾਇਤੀ ਖਾਦਾਂ ਤੋਂ ਵੱਖਰਾ ਵਿਕਲਪ ਪੇਸ਼ ਕਰਦੀਆਂ ਹਨ। ਇਹਨਾਂ ਦੀ ਵਰਤੋਂ ਸਥਾਈ ਖੇਤੀਬਾੜੀ ਦੇ ਮੰਤਵ ਨੂੰ ਵੀ ਪੂਰਾ ਕਰਦੀ ਹੈ।