ਅੰਗਰੇਜ਼ਾਂ ਦੇ ਲੋਕ ਮਾਰੂ ਕ਼ਾਨੂੰਨ ਖਿਲਾਫ ਸੰਘਰਸ਼ ਕਰਨ ਵਾਲੀ – ਬੀਬੀ ਗੁਲਾਬ ਕੌਰ

TeamGlobalPunjab
4 Min Read

-ਅਵਤਾਰ ਸਿੰਘ 

 

ਗਦਰੀਆਂ ਦੀ ਭੈਣ ਬੀਬੀ ਗੁਲਾਬ ਕੌਰ ਦਾ ਜਨਮ ਇਕ ਕਿਸਾਨ ਪਰਿਵਾਰ ਵਿੱਚ 1890 ਨੂੰ ਪਿੰਡ ਬਖ਼ਸੀਵਾਲਾ, ਸੰਗਰੂਰ ਵਿੱਚ ਹੋਇਆ। ਉਨ੍ਹਾਂ ਪਿੰਡ ਦੇ ਮਹੰਤ ਕੋਲੋਂ ਪੰਜਾਬੀ ਪੜਨੀ ਤੇ ਲਿਖਣੀ ਸਿੱਖੀ। ਛੋਟੀ ਉਮਰ ਵਿੱਚ ਹੀ ਉਨ੍ਹਾਂ ਦਾ ਬਾਲ ਵਿਆਹ ਜਖੇਪਲ ਦੇ ਮਾਨ ਸਿੰਘ ਨਾਲ ਹੋਇਆ। ਅੰਗਰੇਜ਼ ਸਰਕਾਰ ਨੇ ਦੇਸ਼ ਨੂੰ ਬਰਬਾਦ ਕਰਨ ਲਈ ਜ਼ਮੀਨ ਦੀ ਨਿਜੀ ਮਾਲਕੀ ਦਾ ਕਾਨੂੰਨ ਬਣਾ ਦਿੱਤਾ ਤੇ ਮਾਲੀਆ ਜਿਨਸ ਦੀ ਥਾਂ ਨਗਦੀ ਵਿੱਚ ਵਸੂਲਣਾ ਸ਼ੁਰੂ ਕਰ ਦਿੱਤਾ ਸੀ।

ਗਰੀਬੀ ਤੇ ਕੁਦਰਤੀ ਆਫਤਾਂ ਸੋਕਾ, ਕਾਲ ਤੇ ਪਲੇਗ ਵਰਗੀਆਂ ਬਿਮਾਰੀਆਂ ਹੋਣ ਕਰਕੇ ਲੋਕ ਵਿਦੇਸ਼ਾਂ ਵਿਚ ਭੱਜਣ ਲੱਗੇ। ਅਮਰੀਕਾ ਤੇ ਕੈਨੇਡਾ ਵਿੱਚ ਭਾਰਤੀਆਂ ਦੇ ਦਾਖਲੇ ‘ਤੇ ਰੋਕ ਹੋਣ ਕਰਕੇ ਗੁਲਾਬ ਕੌਰ ਆਪਣੇ ਪਤੀ ਨਾਲ ਫਿਲਪਾਈਨ ਚਲੀ ਗਈ। ਉਥੇ ਗਦਰੀ ਹਾਫਿਜ਼ ਅਬਦੁਲਾ ਉਥੋਂ ਦੀ ਗਦਰ ਪਾਰਟੀ ਦੇ ਪ੍ਰਧਾਨ ਤੇ ਜੀਵਨ ਸਿੰਘ ਦੌਲਾ ਨਾਲ ਮੇਲ ਹੋਇਆ।

- Advertisement -

1914 ਵਿਚ ਅਮਰੀਕਾ ਤੋਂ ਆ ਰਹੇ 70 ਗਦਰੀਆਂ ਦਾ ਇਕ ਜਥਾ ਐਸ ਐਸ ਕੋਰੀਆ ਜਹਾਜ਼ ਰਾਂਹੀ ਮਨੀਲਾ ਪੁੱਜਾ। ਉਥੋਂ ਦੇ ਗੁਰਦੁਆਰੇ ਵਿੱਚ ਭਾਰੀ ਇਕੱਠ ਕਰਕੇ ਗਦਰ ਕਰਨ ਵਾਸਤੇ ਦੇਸ਼ ਵਾਪਸ ਪਹੁੰਚਣ ਲਈ ਕੀਤੇ ਭਾਸ਼ਣਾਂ ਦਾ ਗੁਲਾਬ ਕੌਰ ਤੇ ਮਾਨ ਸਿੰਘ ਉਤੇ ਕਾਫੀ ਪ੍ਰਭਾਵ ਪਿਆ। ਮਾਨ ਸਿੰਘ ਵੱਲੋਂ ਵਾਪਸ ਦੇਸ਼ ਜਾਣ ਤੋਂ ਨਾਂਹ ਕਰਨ ‘ਤੇ ਗੁਲਾਬ ਕੌਰ ਨੇ ਆਪਣੀਆਂ ਚੂੜੀਆਂ ਲਾਹ ਕੇ ਉਸ ਵੱਲ ਵਗਾਹ ਮਾਰੀਆਂ ਤੇ ਕਿਹਾ, “ਤੂੰ ਇਹ ਪਾ ਕੇ ਅੰਦਰ ਬੈਠ ਜਾਈ, ਪਰ ਮੈਂ ਨਹੀ ਰੁਕਣ ਵਾਲੀ।” ਉਹ ਜਹਾਜ਼ ਵਿਚ 179 ਸਵਾਰੀਆਂ ਵਿੱਚ ਇਕੱਲੀ ਔਰਤ ਸੀ ਜੋ ਜਹਾਜ਼ ਵਿੱਚ ਹੋਣ ਵਾਲੀ ਬਹਿਸ ਵਿੱਚ ਹਿੱਸਾ ਲੈਂਦੀ ਰਹੀ।

ਹਾਂਗਕਾਗ ਵਿੱਚ ਜਹਾਜ਼ ਦੀ ਤਲਾਸ਼ੀ ਸਮੇਂ ਸਵਾਰੀਆਂ ਗੁਰਦੁਆਰੇ ਚਲੇ ਗਈਆਂ ਤੇ ਉਸਨੇ ਉਥੇ ਆਜ਼ਾਦੀ ਬਾਰੇ ਜੋਸ਼ੀਲਾ ਭਾਸ਼ਣ ਦਿੱਤਾ। ਰਾਹ ਵਿੱਚ ਸਿੰਗਾਪੁਰ, ਪੀਨਾਂਗ, ਰੰਗੂਨ ਵਿਖੇ ਭਾਸ਼ਨ ਤੇ ਕਵਿਤਾਵਾਂ ਪੜੀਆਂ। ਉਹ ਗਦਰੀਆਂ ਨਾਲ 28/10/1914 ਨੂੰ ਕਲਕੱਤੇ ਬੰਦਰਗਾਹ ਤੇ ਜੀਵਨ ਸਿੰਘ ਦੌਲਾ ਦੀ ਫਰਜ਼ੀ ਪਤਨੀ ਬਣ ਕੇ ਪੁਲੀਸ ਨੂੰ ਧੋਖਾ ਦਿੰਦੀ ਹੋਈ ਗਦਰੀ ਬੰਤਾ ਸਿੰਘ ਸੰਗੋਵਾਲ ਦੇ ਪਿੰਡ ਪਹੁੰਚ ਗਈ। ਉਸ ਕੋਲ ਇਕ ਘੱਗਰਾ ਤੇ ਟੋਕਰੀ ਹੁੰਦੀ ਜਿਸ ਵਿੱਚ ਹੇਠਾਂ ਹਥਿਆਰ ਉਪਰ ਕਾਗਜ਼ ਰੱਖ ਕੇ ਗਦਰੀਆਂ ਕੋਲ ਜਾਂਦੀ, ਫਿਰ ਉਹ ਗਦਰੀ ਅਮਰ ਸਿੰਘ ਦੇ ਘਰ ਰਹਿ ਕੇ ਪਿੰਡਾਂ ‘ਚ ਗਦਰੀਆਂ ਦੇ ਸੁਨੇਹੇ ਪਹੁੰਚਾਉਦੀ।

ਲਾਹੌਰ ਵਿੱਚ ਇੰਦਰ ਸਿੰਘ ਭਸੀਨ ਗਦਰੀ ਦੀ ਪਤਨੀ ਬਣ ਕੇ ਮਕਾਨ ਕਿਰਾਏ ‘ਤੇ ਲਿਆ ਜਿਥੇ ਛਾਪਾਖਾਨਾ ਲਾ ਕੇ ਗਦਰੀ ਅਖਬਾਰ ਗਦਰ ਛਾਪਦੇ ਰਹੇ।ਉਹ ਬਾਹਰ ਚਰਖਾ ਡਾਹ ਕੇ ਬੈਠ ਜਾਂਦੀ। ਉਹ ਕਪੜੇ ਸਿਉਣ ਵਾਲੀ ਮਸ਼ੀਨ ਲੈ ਕੇ ਗਦਰੀ ਝੰਡੇ ਬਣਾਉਦੀ। ਜਦੋਂ ਪੁਲਿਸ ਨੂੰ ਸ਼ੱਕ ਹੋਇਆ ਤਾਂ ਉਹ ਰੂਪੋਸ਼ ਹੋ ਗਈ। ਗਦਰ ਫ਼ੇਲ੍ਹ ਹੋਣ ‘ਤੇ ਸੱਜਣ ਸਿੰਘ ਨਾਰੰਗਵਾਲ ਨਾਲ ਪਤਨੀ ਬਣ ਕੇ ਜਲੰਧਰ ਗਈ। ਕਰਤਾਰ ਸਿੰਘ ਸਰਾਭੇ ਦੀ ਗ੍ਰਿਫਤਾਰੀ ਦੀ ਖਬਰ ਉਹ ਭੇਸ ਬਦਲ ਕੇ ਅੰਗਰੇਜ਼ ਪਿਠੂ ਸੁਖਦੇਵ ਸਿੰਘ ਸੋਢੀ ਦੇ ਘਰ ਇਕ ਚਿਠੀ ਉਸਨੇ ਉਸਦੀ ਲੜਕੀ ‘ਬੀਰੀ’ ਰਘਬੀਰ ਕੌਰ ਤਕ ਪਹੁੰਚਾਈ, ਜਿਸਨੇ ਗੰਡਾ ਸਿੰਘ ਰਸਾਲਦਾਰ ਨੂੰ ਮਾਰਿਆ ਕਿਉਕਿ ਉਸਨੇ ਸਰਾਭੇ ਤੇ ਸਾਥੀਆਂ ਨੂੰ ਫੜਾਇਆ ਸੀ। ਗਦਾਰ ਬੇਲਾ ਸਿੰਘ ਜਿਆਣ ਨੇ ਗੁਲਾਬ ਕੌਰ ਨੂੰ ਮੁਖਬਰੀ ਕਰਕੇ ਫੜਾ ਦਿੱਤਾ। ਪਾਰਟੀ ਦੇ ਭੇਤ, ਟਿਕਾਣੇ ਤੇ ਗਦਰੀਆਂ ਦੇ ਨਾਂ ਪੁੱਛਣ ਲਈ ਭਾਰੀ ਤਸੀਹੇ ਦਿੱਤੇ ਪਰ ਉਸਨੇ ਮੂੰਹ ਨਹੀਂ ਖੋਲ੍ਹਿਆ। ਕੁੱਟ ਨਾਲ ਛਾਤੀ ‘ਤੇ ਫੋੜਾ ਹੋ ਗਿਆ ਜੋ ਕੈਂਸਰ ਦਾ ਕਾਰਣ ਬਣਿਆ।

ਬੱਬਰ ਵੀ ਉਸ ਕੋਲ ਅਸ਼ੀਰਵਾਦ ਤੇ ਸਲਾਹ ਲੈਣ ਲਈ ਆਉਂਦੇ ਰਹੇ। 1931 ਵਿੱਚ ਸਰਕਾਰੀ ਸਬੂਤ ਨਾ ਹੋਣ ‘ਤੇ ਰਿਹਾਅ ਕਰ ਦਿੱਤਾ ਗਿਆ। ਗਦਰੀ ਅਮਰ ਸਿੰਘ ਦੇ ਪੋਤੇ ਮੁਤਾਬਿਕ ਉਸ ਦੀ ਮੌਤ ਕੈਂਸਰ ਨਾਲ 28 ਜੁਲਾਈ 1925 ਨੂੰ ਕੋਟ ਨੌਧ ਸਿੰਘ ਵਿਖੇ ਹੋਈ ਜਦਕਿ ਕੁਝ ਲੇਖਕਾਂ ਨੇ ਸਾਲ 1931 ਤੇ 1941 ਦੱਸਿਆ ਗਿਆ ਹੈ।

Share this Article
Leave a comment