-ਅਸ਼ੋਕ ਕੁਮਾਰ ਗਰਗ;
ਪੰਜਾਬ ਵਿੱਚ ਕਣਕ ਹਾੜ੍ਹੀ ਰੁੱਤ ਦੀ ਇੱਕ ਪ੍ਰਮੁੱਖ ਫਸਲ ਹੈ। ਜੋ ਕਿ ਸਾਲ 2019-20 ਦੌਰਾਨ 35.20 ਲੱਖ ਹੈਕਟੇਅਰ ਰਕਬੇ ਵਿੱਚ ਬੀਜੀ ਗਈ ਜਿਸ ਤੋਂ ਕੁੱਲ ਪੈਦਾਵਾਰ 176.20 ਲੱਖ ਟਨ ਹੋਈ ਅਤੇ ਇਸ ਦਾ ਔਸਤ ਝਾੜ 20.30 ਕੁਇੰਟਲ ਪ੍ਰਤੀ ਏਕੜ ਰਿਹਾ। ਫ਼ਸਲਾਂ ਵਿੱਚ ਬੇਲੋੜੀਆਂ ਅਤੇ ਬੇਵਕਤੀ ਖਾਦਾਂ ਦੀ ਵਰਤੋਂ ਨਾਲ ਜਿੱਥੇ ਫਸਲ ਦੀ ਉਤਪਾਦਨ ਲਾਗਤ ਵਧਦੀ ਹੈ ਉੱਥੇ ਸਮਰੱਥਾ ਮੁਤਾਬਕ ਪੂਰਾ ਝਾੜ ਨਾ ਮਿਲਣ ਕਰਕੇ ਸ਼ੁੱਧ ਆਮਦਨ ਵੀ ਘਟਦੀ ਹੈ ਅਤੇ ਭੂਮੀ ਦੀ ਸਿਹਤ ‘ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਸੇ ਕਰਕੇ ਰਸਾਇਣਕ ਖਾਦਾਂ ਦੀ ਸੁੱਚਜੀ ਅਤੇ ਸੰਤੁਲਿਤ ਵਰਤੋਂ ਦੇ ਨਾਲ-ਨਾਲ ਜੈਵਿਕ ਖਾਦਾਂ ਨੂੰ ਵੀ ਤਰਜ਼ੀਹ ਦੇਣੀ ਚਾਹੀਦੀ ਹੈ ਤਾਂ ਜੋ ਜ਼ਮੀਨ ਦੀ ਰਸਾਇਣਕ ਅਤੇ ਜੈਵਿਕ ਸਿਹਤ ਨੂੰ ਕਾਇਮ ਰੱੱਖਿਆ ਜਾ ਸਕੇ। ਆਮ ਤੌਰ ਤੇ ਦੇਖਣ ਵਿੱਚ ਆਉਂਦਾ ਹੈ ਕਿ ਜੈਵਿਕ ਖਾਦਾਂ ਜਿਵੇਂ ਕਿ ਦੇਸੀ ਰੂੜੀ, ਹਰੀ ਖਾਦ ਜਾਂ ਹੋਰ ਬਾਇਉ-ਖਾਦਾਂ ਦੀ ਲੋੜੀਂਦੀ ਮਾਤਰਾ ਵਿੱਚ ਉਪਲੱਬਧਤਾ ਨਾ ਹੋਣਾ, ਵੱਧ ਖਰਚਾ ਅਤੇ ਖੁਰਾਕੀ ਤੱਤਾਂ ਦੀ ਤੁਰੰਤ ਉਪਲੱਬਧਤਾ ਨਾ ਹੋਣਾ ਵਰਗੇ ਕਾਰਣਾਂ ਕਰਕੇ ਬਹੁਤੇ ਕਿਸਾਨ ਵੀਰ ਮਿੱਟੀ ਦੀ ਰਸਾਇਣਿਕ ਸਿਹਤ ਵੱਲ ਹੀ ਜ਼ਿਆਦਾ ਧਿਆਨ ਦਿੰਦੇ ਹਨ। ਪਰ ਇੱਥੇ ਇਹ ਖਾਸਤੌਰ ‘ਤੇ ਜ਼ਿਕਰਯੋਗ ਹੈ ਕਿ ਫਸਲ ਦੀ ਚੰਗੀ ਪੈਦਾਵਾਰ ਅਤੇ ਜ਼ਮੀਨ ਦੀ ਸਰਵਪੱਖੀ ਸਿਹਤ ਨੂੰ ਬਰਕਰਾਰ ਰੱਖਣ ਲਈ ਮਿੱਟੀ ਦੀ ਰਸਾਇਣਕ ਸਿਹਤ ਦੇ ਨਾਲ-ਨਾਲ ਜੈਵਿਕ ਸਿਹਤ ਦੀ ਸੰਭਾਲ ਕਰਨਾ ਬਹੁਤ ਜ਼ਰੂਰੀ ਹੈ। ਉਦਾਹਰਣ ਦੇ ਤੌਰ ਤੇ ਰਸਾਇਣਿਕ ਖਾਦ, ਯੂਰੀਆ ਮਿੱਟੀ ਵਿੱਚ ਪਾਉਣ ਤੋਂ ਬਾਅਦ ਤੇਜ਼ੀ ਨਾਲ ਯੂਰੀਏਜ਼ ਨਾਂ ਦੇ ਇਨਜ਼ਾਈਅਮ ਦੁਆਰਾ ਅਮੋਨੀਅਮ ਦੇ ਰੂਪ ਵਿੱਚ ਬਦਲ ਦਿੱਤੀ ਜਾਂਦੀ ਹੈ ਜੋ ਕਿ ਬਾਅਦ ਵਿੱਚ ਨਾਈਟ੍ਰੇਟ ਦੇ ਰੂਪ ਵਿੱਚ ਜ਼ਿਆਦਾਤਰ ਬੂਟੇ ਗ੍ਰਹਿਣ ਕਰ ਲੈਂਦੇ ਹਨ। ਇਹ ਯੂਰੀਏਜ਼ ਇਨਜ਼ਾਈਅਮ ਵੱਖ-ਵੱਖ ਤਰਾਂ੍ਹ ਦੇ ਬੈਕਟੀਰੀਆ, ਉੱਲ੍ਹੀਆਂ, ਫੰਫੂਦ ਵਿੱਚ ਪਾਇਆ ਜਾਂਦਾ ਹੈ। ਇਸ ਲਈ ਰਸਾਇਣਕ ਖਾਦਾਂ ਦੇ ਨਾਲ-ਨਾਲ ਜੈਵਿਕ ਖਾਦਾਂ ਦਾ ਸੁਮੇਲ ਕਰਕੇ ਮਿੱਟੀ ਵਿੱਚਲੇ ਜੀਵਾਣੂੰਆਂ ਦੀ ਗਿਣਤੀ ਵਧਾਉਣ ਨਾਲ ਖੁਰਾਕੀ ਤੱਤਾਂ ਦੀ ਉਪਲਬਧੱਤਾ ਨੂੰ ਘੱਟ ਖਰਚੇ ਵਿੱਚ ਵਧਾ ਕੇ ਫਸਲਾਂ ਦਾ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕਤਾ ਹੈ। ਕਣਕ ਲਈ ਜੀਵਾਣੂੰ ਅਤੇ ਰਸਾਇਣਕ ਖਾਦਾਂ ਦੀ ਸੁਮੇਲ ‘ਚ ਵਰਤੋਂ ਦੇ ਨੁਕਤੇ ਹੇਠ ਲਿਖੇ ਅਨੁਸਾਰ ਹਨ:
ੳ) ਜੀਵਾਣੂੰ ਖਾਦ ਦੀ ਵਰਤੋਂ ਜ਼ਮੀਨ ਦੀ ਜੈਵਿਕ ਸਿਹਤ ਬਰਕਰਾਰ ਰੱਖਣ ਲਈ ਅਤੇ ਚੰਗਾ ਝਾੜ ਪ੍ਰਾਪਤ ਕਰਨ ਲਈ ਰਸਾਇਣਕ ਖਾਦਾਂ ਦੇ ਨਾਲ-ਨਾਲ ਜੀਵਾਣੂੰਆਂ ਦਾ ਪ੍ਰਯੋਗ ਕਰਨਾ ਵੀ ਅਤਿ ਲੋੜੀਂਦਾ ਹੈ। ਇਸ ਲਈ ਪੀ ਏ ਯੂ, ਲੁਧਿਆਣਾ ਵੱਲੋਂ ਤਿਆਰ ਕੀਤਾ ਜੀਵਾਣੂੰ ਖਾਦ ਦਾ ਟੀਕਾ ਜਿਸ ਦੇ ਇੱਕ ਅੱਧਾ ਕਿੱਲੋ ਦੇ ਪੈਕਟ (ਕੰਨਸੋਰਸ਼ੀਅਮ) ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ ਇੱਕ ਏਕੜ ਲਈ ਲੌੜੀਂਦੇ ਕਣਕ ਦੇ 40 ਕਿੱਲੋ ਬੀਜ ਨੂੰ ਲਗਾਇਆ ਜਾ ਸਕਦਾ ਹੈ। ਸੋਧੇ ਬੀਜ ਨੂੰ ਪੱਕੇ ਫ਼ਰਸ਼ ‘ਤੇ ਖਿਲਾਰ ਕੇ ਛਾਵੇਂ ਸੁਕਾਉਣ ਤੋਂ ਬਾਅਦ ਛੇਤੀ ਬੀਜ ਦੇਣਾ ਚਾਹੀਦਾ ਹੈ। ਬੀਜ ਨੂੰ ਜੀਵਾਣੂੰ ਖਾਦ ਦਾ ਟੀਕਾ ਲਾਉਣ ਨਾਲ 1.0-1.5% ਤੱਕ ਝਾੜ ਵੀ ਵੱਧਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ। ਇਹ ਟੀਕੇ ਵੱਖ-ਵੱਖ ਜੀਵਾਣੂੰਆਂ ਦੇ ਸੁਮੇਲ ਨਾਲ ਬਣਾਏ ਜਾਂਦੇ ਹਨ ਜਿਨ੍ਹਾਂ ਨੂੰ ਬੀਜ ਨਾਲ ਲਗਾਉਣ ਨਾਲ ਖੁਰਾਕੀ ਤੱਤਾਂ ਖਾਸ ਤੌਰ ‘ਤੇ ਨਾਈਟ੍ਰੋਜਨ ਤੱਤ ਦੀ ਹਵਾ ਵਿਚੋਂ ਉਪਲਬੱਧਤਾ, ਫਾਸਫੋਰਸ ਤੱਤ ਨੂੰ ਵਧੇਰੇ ਘੁਲਣਸ਼ੀਲ ਬਣਾ ਕੇ ਮਿੱਟੀ ‘ਚੋਂ ਉਪਲਬੱਧਤਾ ਨੂੰ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਸੂਖਮ-ਜੀਵ ਮਿੱਟੀ ਵਿੱਚ ਆਪਣੀਆਂ ਕ੍ਰਿਆਵਾਂ ਕਰਕੇ ਹਾਰਮੋਨ ਬਣਾਉਂਦੇ ਹਨ ਜੋ ਕਿ ਬੂਟਿਆਂ ਦੇ ਵੱਧਣ-ਫੁੱਲਣ ਵਿੱਚ ਸਹਾਈ ਹੁੰਦੇ ਹਨ। ਇਹਨਾਂ ਦੀ ਵਰਤੋਂ ਨਾਲ ਘੱਟ ਖਰਚੇ ਵਿੱਚ ਬੂਟੇ ਨੂੰ ਪੌਸ਼ਣ ਮਿਲਦਾ ਹੈ ਅਤੇ ਫ਼ਸਲ ਦਾ ਝਾੜ ਵੀ ਵਧਦਾ ਹੈ। ਇਹ ਟੀਕਾ ਵੱਖ-ਵੱਖ ਜ਼ਿਲ੍ਹਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ, ਫਾਰਮ ਸਲਾਹਕਾਰ ਸੇਵਾ ਕੇਂਦਰਾਂ, ਖੇਤਰੀ ਖੋਜ ਕੇਂਦਰਾਂ ਅਤੇ ਪੀ ਼ਏ ਼ਯੂ. ਦੀ ਬੀਜਾਂ ਦੀ ਦੁਕਾਨ (ਗੇਟ ਨੰ: 1) ਤੋਂ ਸਿਰਫ 40/- ਰੁਪਏ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ। ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ (ਸੰਗਰੂਰ) ਨੂੰ ਇਸ ਸਾਲ 2021 ਦੌਰਾਨ ਕਣਕ ਲਈ ਬਾਇੳ-ਖਾਦ ਦੇ 25000 ਪੈਕਟ ਬਣਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜਿਸ ਸਦਕਾ ਜ਼ਿਲ੍ਹਾ ਸੰਗਰੂਰ ਅਤੇ ਨੇੜਲੇ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਲਾਭ ਪ੍ਰਾਪਤ ਹੋਵੇਗਾ। ਜੀਵਾਣੂੰ ਖਾਦ ਨੂੰ ਫਸਲ ਲਈ ਸਿਫਾਰਸ਼ ਮੁਤਾਬਿਕ ਹੀ ਵਰਤੋ। ਜੀਵਾਣੂੰ ਖਾਦ ਦਾ ਲਿਫਾਫਾ ਧੁੱਪ ਅਤੇ ਗਰਮੀ ਤੋਂ ਬਚਾ ਕੇ ਠੰਢੀ ਥਾਂ ‘ਤੇ ਹੀ ਰੱਖੋ ਅਤੇ ਬੀਜ ਨੂੰ ਲਗਾਉਣ ਵੇਲੇ ਹੀ ਖੋਲੋ। ਜੀਵਾਣੂੰ ਖਾਦ ਵਰਤਣ ਤੋਂ ਬਾਅਦ ਬੀਜ ਨੂੰ ਧੁੱਪ ਵਿੱਚ ਨਾ ਰੱਖੋ ਅਤੇ ਬਿਜਾਈ ਜ਼ਲਦੀ ਕਰ ਦਿਉ। ਕਣਕ ਦੇ ਜੀਵਾਣੂੰ ਖਾਦ ਦੇ ਟੀਕੇ ਦੀ ਮਿਆਦ 3 ਮਹੀਨੇ ਤੱਕ ਦੀ ਹੁੰਦੀ ਹੈ। ਇਸ ਲਈ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਟੀਕੇ ਦੀ ਵਰਤੋਂ ਕਰ ਲੈਣੀ ਚਾਹੀਦੀ ਹੈ। ਜੇਕਰ ਕੋਈ ਕੀਟਨਾਸ਼ਕ ਜਾਂ ਉਲੀਨਾਸ਼ਕ ਦਵਾਈ ਵੀ ਬੀਜ ਨੂੰ ਲਗਾਉਣੀ ਹੈ ਤਾਂ ਸਭ ਤੋਂ ਪਹਿਲਾਂ ਕੀਟਨਾਸ਼ਕ ‘ਤੇ ਸਭ ਤੋਂ ਅਖੀਰ ਵਿੱਚ ਜੀਵਾਣੂੰ ਖਾਦ ਦਾ ਟੀਕਾ ਲਗਾਉਣਾ ਚਾਹੀਦਾ ਹੈ।
(ਅ) ਰਸਾਇਣਕ ਖਾਦਾਂ ਦੀ ਵਰਤੋਂ
ਰਸਾਇਣਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ‘ਤੇ ਕਰਨੀ ਚਾਹੀਦੀ ਹੈ ਪਰ ਜੇਕਰ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 110 ਕਿਲੋ ਨਿੰਮ ਲਿਪਤ ਯੂਰੀਆ ਪ੍ਰਤੀ ਏਕੜ, 55 ਕਿਲੋ ਡੀ ਏ ਪੀ ਪ੍ਰਤੀ ਏਕੜ ਅਤੇ ਪੋਟਾਸ਼ ਤੱਤ ਦੀ ਘਾਟ ਵਾਲੀਆ ਜ਼ਮੀਨਾਂ ਵਿੱਚ 20 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਪਾਓ। ਕਲਰਾਠੀਆਂ ਜ਼ਮੀਨਾਂ ਵਿੱਚ ਖੁਰਾਕੀ ਤੱਤਾਂ ਦੀ ਉਪਲਬਧੱਤਾ ਘੱਟ ਹੋਣ ਕਰਕੇ ਇਨ੍ਹਾਂ ਵਿੱਚ ਬੀਜੀ ਜਾਣ ਵਾਲੀ ਕਣਕ ਨੂੰ 137.5 ਕਿਲੋ ਨਿੰਮ ਲਿਪਤ ਯੂਰੀਆ ਪ੍ਰਤੀ ਏਕੜ ਪਾਓ। ਦੂਜੇ ਪਾਸੇ ਪਛੇਤੀ ਕਣਕ ਭਾਵ ਅੱਧ ਦਸੰਬਰ ਤੋਂ ਬਾਅਦ ਬੀਜੀ ਜਾਣ ਵਾਲ਼ੀ ਕਣਕ ਨੂੰ ਕੇਵਲ 82.5 ਕਿਲੋ ਨਿੰਮ ਲਿਪਤ ਯੂਰੀਆ ਪ੍ਰਤੀ ਏਕੜ ਪਾਓ। ਸਾਉਣੀ ਦੀਆਂ ਫ਼ਸਲਾਂ ਦੇ ਮੁਕਾਬਲੇ, ਹਾੜ੍ਹੀ ਦੀ ਫਸਲ ਫ਼ਾਸਫ਼ੋਰਸ ਖਾਦ ਨੂੰ ਵਧੇਰੇ ਮੰਨਦੀ ਹੈ। ਇਸ ਕਰਕੇ ਫ਼ਾਸਫ਼ੋਰਸ ਵਾਲੀ ਰਸਾਇਣਕ ਖਾਦ ਕਣਕ ਨੂੰ ਪਾਓ ਅਤੇ ਅਗਲੀ ਸਾਉਣੀ ਦੀ ਫ਼ਸਲ ਨੂੰ ਫ਼ਾਸਫ਼ੋਰਸ ਖਾਦ ਪਾਉਣ ਦੀ ਲੋੜ ਨਹੀਂ ਹੁੰਦੀ। ਅਜਿਹਾ ਕਰਨ ਨਾਲ ਕਿਸਾਨ ਵੀਰ ਡੀ ਏ ਪੀ ਦੇ ਖਰਚੇ ਨੂੰ ਕਾਫੀ ਹੱਦ ਤੱਕ ਘਟਾ ਸਕਦੇ ਹਨ। ਪਿਛੇਤੀ ਜਾੜ ਮਾਰਨ ਅਤੇ ਪਿਛੇਤੀਆਂ ਗੰਢਾਂ ਬਣਨ ਸਮੇਂ ਨਾਈਟ੍ਰੋਜਨ ਤੱਤ ਦੀ ਘਾਟ ਨੂੰ ਪੂਰਾ ਕਰਨ ਲਈ 3% ਯੂਰੀਏ (9 ਕਿਲੋ ਯੂਰੀਆ 300 ਲਿਟਰ ਪਾਣੀ ਵਿੱਚ) ਦਾ ਦੋ ਪਾਸਾ ਛਿੜਕਾਅ ਕੀਤਾ ਜਾ ਸਕਦਾ ਹੈ। ਡੀ ਏ ਪੀ ਅਤੇ ਪੋਟਾਸ਼ ਖਾਦਾਂ ਨੂੰ ਬਿਜਾਈ ਵੇਲੇ ਪੋਰ ਦਿਓ। ਜੇ ਫ਼ਾਸਫੋਰਸ ਤੱਤ ਲਈ ਡੀ ਏ ਪੀ ਖਾਦ ਵਰਤਣੀ ਹੋਵੇ ਤਾਂ ਬਿਜਾਈ ਵੇਲੇ ਕੋਈ ਯੂਰੀਆ ਪਾਉਣ ਦੀ ਲੋੜ ਨਹੀਂ ਕਿਉਂਕਿ ਡੀ ਏ ਪੀ ਖਾਦ 18% ਨਾਈਟ੍ਰੋਜਨ ਤੱਤ ਵੀ ਪ੍ਰਦਾਨ ਕਰਦੀ ਹੈ। ਇਸ ਕਰਕੇ ਪ੍ਰਤੀ 50 ਕਿਲੋ ਡੀ ਏ ਪੀ ਪਿੱਛੇ 20 ਕਿਲੋ ਯੂਰੀਆ ਘੱਟ ਪਾਉ। ਇਸ ਤਰਾਂਹ ਦਰਮਿਆਨੀਆਂ ਜ਼ਮੀਨਾਂ ਵਿੱਚ ਸਮੇਂ ਸਿਰ ਬੀਜੀ ਕਣਕ ਨੂੰ 110 ਦੀ ਬਜਾਏ ਕੁੱਲ 90 ਕਿੱਲੋ ਨਿੰਮ ਲਿਪਤ ਯੂਰੀਆ ਪ੍ਰਤੀ ਏਕੜ ਪਹਿਲੇ ਅਤੇ ਦੂਜੇ ਪਾਣੀ ਨਾਲ 45-45 ਕਿਲੋ ਕਰਕੇ ਦੋ ਬਰਾਬਰ ਕਿਸ਼ਤਾਂ ਵਿੱਚ ਪਾਓ। ਪਿਛੇਤੀ ਕਣਕ ਲਈ ਇਹ ਕਿਸ਼ਤਾਂ 35-55 ਕਿਲੋ ਦੀਆਂ ਰੱਖੋ। ‘ਹੈਪੀ ਸੀਡਰ’ ਜਾਂ ‘ਪੀ ਏ ਯੂ ਸਮਾਰਟ ਸੀਡਰ’ ਨਾਲ ਬੀਜੀ ਕਣਕ ਵਿੱਚ 40 ਕਿਲੋ ਯੂਰੀਏ ਦੀਆਂ ਦੋ ਬਰਾਬਰ ਕਿਸ਼ਤਾਂ ਪਹਿਲੇ ਪਾਣੀ ਅਤੇ ਦੂਜੇ ਪਾਣੀ ਤੋਂ ਪਹਿਲਾਂ ਛੱਟੇ ਨਾਲ ਪਾਓ। ਪਰ ਡੀ ਏ ਪੀ ਦੀ ਮਾਤਰਾ 55 ਕਿਲੋ ਦੀ ਬਜਾਏ 65 ਕਿਲੋ ਪ੍ਰਤੀ ਏਕੜ ਪੋਰੋ ਤਾਂ ਜੋ ਝੋਨੇ ਦੀ ਪਰਾਲੀ ਨੂੰ ਜਲਦੀ ਗ਼ਲਣ ਵਿੱਚ ਮਦਦ ਹੋ ਸਕੇ ਅਤੇ ਕਣਕ ਨੂੰ ਪੀਲੇ ਪੈਣ ਤੋਂ ਵੀ ਬਚਾਇਆ ਜਾ ਸਕੇ। ਜਿੱਥੇ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਤਿੰਨ ਸਾਲਾਂ ਤੋਂ ਲਗਾਤਾਰ ਕੀਤੀ ਜਾ ਰਹੀ ਹੈ, ਉੱਥੇ ਚੋਥੇ ਸਾਲ ਤੋਂ ਕਣਕ ਵਿੱਚ 20 ਕਿਲੋ ਯੂਰੀਆ ਪ੍ਰਤੀ ਏਕੜ ਘਟਾਇਆ ਜਾ ਸਕਦਾ ਹੈ।
(ਲੇਖਕ ਅਸੋ਼ਕ ਕੁਮਾਰ ਗਰਗ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ (ਸੰਗਰੂਰ)
ਸੰਪਰਕ : 95018-55223