ਕਿਸਾਨਾਂ ਨੂੰ ਜੈਵਿਕ ਸਰ੍ਹੋਂ ਦੀ ਸਫ਼ਲ ਕਾਸ਼ਤ ਕਰਨ ਵਾਸਤੇ ਮੁੱਲਵਾਨ ਜਾਣਕਾਰੀ

TeamGlobalPunjab
5 Min Read

-ਚਰਨਜੀਤ ਸਿੰਘ ਔਲਖ ਅਤੇ ਅਮਨਦੀਪ ਸਿੰਘ ਸਿੱਧੂ

ਖਪਤਕਾਰਾਂ ਦੀ ਸਿਹਤ ਸਬੰਧੀ ਜਾਗਰੂਕਤਾ ਜੈਵਿਕ ਉਤਪਾਦਾਂ ਦੀ ਮੰਗ ਨੂੰ ਵਧਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਰਹੀ ਹੈ। ਕਰੋਨਾ ਮਹਾਂਮਾਰੀ ਦਗ਼ਰਾਨ ਲੋਕਾਂ ਦਾ ਸਭ ਤੋਂ ਵੱਧ ਧਿਆਨ ਚੰਗੀ ਖੁਰਾਕ ਵੱਲ ਹੀ ਰਿਹਾ ਹੈ ਅਤੇ ਇਸ ਨੇ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੇ ਸੁਰੱਖਿਅਤ ਹੋਣ ਦੀ ਜ਼ਰੂਰਤ ਨੂੰ ਮਜਬੂਤ ਕੀਤਾ ਹੈ। ਖਾਣ ਵਾਲਾ ਤੇਲ ਵੀ ਇੱਕ ਅਜਿਹੀ ਵਸਤੂ ਹੈ ਜਿਸ ਦੀ ਹਰ ਘਰ ਵਿੱਚ ਰੋਜ਼ਾਨਾ ਵਰਤੋਂ ਹੁੰਦੀ ਹੈ। ਰਿਫਾਇੰਡ ਤੇਲ ਦੇ ਪ੍ਰਚਾਰੇ ਜਾ ਰਹੇ ਮਾੜੇ ਪ੍ਰਭਾਵਾਂ ਕਰਕੇ ਲੋਕਾਂ ਦਾ ਕੁਦਰਤੀ ਤੇਲਾਂ ਵੱਲ ਰੁਝਾਨ ਮੁੜਿਆ ਹੈ, ਖਾਸ ਕਰਕੇ ਜਦੋਂ ਤੋਂ ਕਨੋਲਾ ਤੇਲ ਮੰਡੀ ਵਿੱਚ ਆਇਆ ਹੈ। ਇਨ੍ਹਾਂ ਤੇਲਾਂ ਦੀ ਲੋੜ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧਣ ਦੀ ਸੰਭਾਵਨਾ ਹੈ ਕਿਉਂਕਿ ਸ਼ਹਿਰੀ ਆਬਾਦੀ ਵੈਗਨ (Vegan) ਭੋਜਨ ਵੱਲ ਝੁਕਾਅ ਕਰ ਰਹੀ ਹੈ। ਇਸ ਭੋਜਨ ਵਿੱਚ ਪਸ਼ੂਆਂ ਤੋਂ ਮਿਲਣ ਵਾਲੇ ਕਿਸੇ ਵੀ ਪਦਾਰਥ (ਦੁੱਧ, ਘਿਉ, ਮੀਟ ਆਦਿ) ਦੀ ਵਰਤੋਂ ਨਹੀਂ ਕੀਤੀ ਜਾਂਦੀ। ਜਦੋਂ ਕੁਦਰਤੀ ਤੇਲਾਂ ਦੀ ਗੱਲ ਆਉਂਦੀ ਹੈ ਤਾਂ ਕਨੋਲਾ ਗੋਭੀ ਸਰ੍ਹੋਂ ਦਾ ਤੇਲ ਸਭ ਤੋਂ ਪਹਿਲਾਂ ਆਉਂਦਾ ਹੈ। ਜੇ ਇਹ ਤੇਲ ਆਰਗੈਨਿਕ ਹੋਵੇ ਤਾਂ ਹੋਰ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਆਰਗੈਨਿਕ ਕਨੋਲਾ ਤੇਲ ਲਈ ਸਾਨੂੰ ਗੋਭੀ ਸਰ੍ਹੋਂ ਦੀ ਕਾਸ਼ਤ ਜੈਵਿਕ ਮਿਆਰਾਂ ਅਨੁਸਾਰ ਕਰਨੀ ਹੋਵੇਗੀ। ਗੋਭੀ ਸਰ੍ਹੋਂ ਦੀ ਜੈਵਿਕ ਕਾਸ਼ਤ ਕਰਨ ਲਈ ਕੁਝ ਜ਼ਰੂਰੀ ਨੁਕਤੇ ਇਸ ਤਰ੍ਹਾਂ ਹਨ:

ਕਿਸਮ ਅਤੇ ਬੀਜ ਦੀ ਚੋਣ: ਗੋਭੀ ਸਰ੍ਹੋਂ ਦੀਆਂ ਸਿਫਾਰਸ਼ ਕੀਤੀਆਂ ਕਨੋਲਾ ਕਿਸਮਾਂ (ਜੀ.ਐਸ.ਸੀ. 7, ਜੀ.ਐਸ.ਸੀ. 6 ਅਤੇ ਹਿਉਲਾ ਪੀ.ਏ.ਸੀ. 401) ਵਿੱਚੋਂ ਕੋਈ ਵੀ ਕਿਸਮ ਬੀਜੀ ਜਾ ਸਕਦੀ ਹੈ। ਬੀਜ ਜੈਵਿਕ ਹੋਣਾ ਚਾਹੀਦਾ ਹੈ। ਪਰ ਜੇ ਇਹ ਉਪਲਬਧ ਨਾ ਹੋਵੇ ਤਾਂ ਆਮ ਬੀਜ ਵੀ ਵਰਤਿਆ ਜਾ ਸਕਦਾ ਹੈ, ਪਰ ਇਹ ਕਿਸੇ ਕੀਟ ਨਾਸ਼ਕ ਜਾਂ ਉੱਲੀ ਨਾਸ਼ਕ ਨਾਲ ਨਾ ਸੋਧਿਆ ਹੋਵੇ।

ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ: ੧.੫ ਕਿਲੋ ਬੀਜ ਪ੍ਰਤੀ ਏਕੜ ਵਰਤੋਂ। ਕਤਾਰ ਤੋਂ ਕਤਾਰ ਦਾ ਫ਼ਾਸਲਾ 67.5 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 10 ਸੈਂਟੀਮੀਟਰ ਰੱਖੋ.

- Advertisement -

ਖੁਰਾਕ: ਬਿਜਾਈ ਵੇਲੇ 4.0 ਟਨ ਗਲੀ ਸੜੀ ਸੁੱਕੀ ਰੂੜੀ ਦੀ ਖਾਦ (1 ਪ੍ਰਤੀਸ਼ਤ ਨਾਈਟ੍ਰੋਜਨ) ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਤਿਆਰ ਕਰਨ ਵੇਲੇ ਪਾਉ। ਬਿਜਾਈ ਤੋਂ 50 ਦਿਨਾਂ ਬਾਅਦ 15 ਦਿਨਾਂ ਦੇ ਵਕਫ਼ੇ ਤੇ ਨਿੰਮ ਯੁਕਤ ਰੂੜੀ ਦੇ ਅਰਕ ਦੇ ਤਿੰਨ ਛਿੜਕਾਅ ਕਰੋ। ਛਿੜਕਾਅ ਲਈ ਇੱਕ ਹਿੱਸਾ ਰੂੜੀ ਦਾ ਅਰਕ ਅਤੇ ਦੋ ਹਿੱਸੇ ਪਾਣੀ ਦੀ ਵਰਤੋਂ ਕਰੋ। ਰੂੜੀ ਖਾਦ ਦੀ ਮਾਤਰਾ ਉਸ ਵਿੱਚ ਮੌਜ਼ੂਦ ਨਾਈਟ੍ਰੋਜਨ ਤੱਤ ਦੇ ਹਿਸਾਬ ਨਾਲ ਵਧਾਈ ਜਾਂ ਘਟਾਈ ਜਾ ਸਕਦੀ ਹੈ।

ਨਿੰਮ ਯੁਕਤ ਰੂੜੀ ਦਾ ਅਰਕ ਬਣਾਉਣ ਦਾ ਤਰੀਕਾ : ਪਲਾਸਟਿਕ ਦੇ ਡਰੰਮ ਵਿੱਚ 30 ਲਿਟਰ ਪਾਣੀ ਵਿੱਚ 10 ਕਿਲੋ ਰੂੜੀ ਦੀ ਖਾਦ ਪਾਉ। ਇਸ ਵਿੱਚ ਤਿੰਨ ਕਿੱਲੋ ਨਿੰਮ ਦੇ ਪੱਤੇ ਪਾਉ ਅਤੇ ਘੋਲ ਨੂੰ 15-20 ਦਿਨ ਲਈ ਛਾਂਵੇ ਰੱਖੋ ਅਤੇ ਹਰ ਦੋ ਦਿਨਾਂ ਬਾਅਦ ਹਿਲਾਉਂਦੇ ਰਹੋ। 15-20 ਦਿਨਾਂ ਬਾਅਦ ਇਸ ਘੋਲ ਨੂੰ ਪੁਣ ਲਵੋ ਅਤੇ 2 ਹਿੱਸੇ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ।

ਨਦੀਨਾਂ ਦੀ ਰੋਕਥਾਮ: ਬਿਜਾਈ ਤੋਂ ਤਿੰਨ ਅਤੇ ਛੇ ਹਫਤੇ ਬਾਅਦ ਟਰੈਕਟਰ ਜਾਂ ਪਾਵਰ ਵੀਡਰ ਨਾਲ ਦੋ ਗੋਡੀਆਂ ਕਰੋ। ਲੋੜ ਪੈਣ ਤੇ ਬਚੇ ਨਦੀਨਾਂ ਨੂੰ ਗੋਡੀ ਨਾਲ ਕਾਬੂ ਕਰੋ।
ਸਿੰਚਾਈ : ਗੋਭੀ ਸਰ੍ਹੋਂ ਦੀ ਫ਼ਸਲ ਨੂੰ ਭਰਵੀਂ ਰਗ਼ਣੀ ਤੋਂ ਬਾਅਦ ਬੀਜੋ। ਪਹਿਲਾ ਪਾਣੀ ਬਿਜਾਈ ਦੇ 3 ਤੋਂ 4 ਹਫਤੇ ਬਾਅਦ ਲਾਉ। ਦੂਜਾ ਪਾਣੀ ਅਖੀਰ ਦਸੰਬਰ ਜਾਂ ਜਨਵਰੀ ਦੇ ਸ਼ੁਰੂ ਵਿੱਚ ਲਗਾਉ। ਤੀਜਾ ਅਤੇ ਅਖੀਰਲਾ ਪਾਣੀ ਫਰਵਰੀ ਦੇ ਦੂਜੇ ਪੰਦਰਵਾੜੇ ਵਿੱਚ ਲਗਾਉ। ਸਿੰਚਾਈ ਲਈ ਵਰਤਿਆ ਜਾਣ ਵਾਲਾ ਪਾਣੀ ਕਿਸੇ ਸਾਫ਼ ਸਰੋਤ ਤੋਂ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੇ ਹਾਨੀਕਾਰਕ ਪਦਾਰਥ ਨਹੀਂ ਮਿਲੇ ਹੋਣੇ ਚਾਹੀਦੇ।

ਕੀੜੇ-ਮਕੌੜਿਆਂ ਦੀ ਰੋਕਥਾਮ : ਇਸ ਫ਼ਸਲ ਤੇ ਮੁੱਖ ਤਗ਼ਰ ਤੇ ਤੇਲਾ ਹੀ ਆਉਂਦਾ ਹੈ ਅਤੇ ਜੈਵਿਕ ਫ਼ਸਲ ਵਿੱਚ ਮਿੱਤਰ ਕੀੜੇ ਇਸ ਨੂੰ ਕਾਬੂ ਹੇਠ ਰੱਖਦੇ ਹਨ। ਜੇ ਲੋੜ ਪਵੇ ਤਾਂ ਨਿੰਮ ਆਧਾਰਿਤ ਬਾਇਉ-ਕੀਟਨਾਸ਼ਕ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਮੰਡੀਕਰਣ: ਜੈਵਿਕ ਗੋਭੀ ਸਰ੍ਹੋਂ ਤੋਂ ਵਧੇਰੇ ਮੁਨਾਫਾ ਤਾਂ ਹੀ ਲਿਆ ਜਾ ਸਕਦਾ ਹੈ ਜੇ ਇਸ ਦਾ ਤੇਲ ਕਢਾ ਕੇ ਵੇਚਿਆ ਜਾਵੇ ਕਿਉਂਕਿ ਮੰਡੀ ਵਿੱਚ ਜੈਵਿਕ ਗੋਭੀ ਸਰ੍ਹੋਂ ਦਾ ਢੁੱਕਵਾਂ ਮੁੱਲ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ। ਸੰਗਠਿਤ ਮੰਡੀ ਦੀ ਅਣਹੋਂਦ ਕਾਰਨ ਸ਼ੁਰੂਆਤੀ ਦੌਰ ਵਿੱਚ ਥੋੜੇ ਰਕਬੇ ਤੇ ਕਾਸ਼ਤ ਕਰੋ ਅਤੇ ਮੰਗ ਦੇ ਹਿਸਾਬ ਨਾਲ ਰਕਬਾ ਵਧਾਉ। ਵਪਾਰਕ ਪੱਧਰ ਤੇ ਮੰਡੀਕਰਣ ਕਰਨ ਲਈ ਫਾਰਮ ਨੂੰ ਕਿਸੇ ਇੱਕ ਪ੍ਰਮਾਣੀਕਰਣ ਏਜੰਸ਼ੀ ਤੋਂ ਪ੍ਰਮਾਣਿਤ ਜ਼ਰੂਰ ਕਰਵਾਉ। ਪ੍ਰਮਾਣੀਕਰਣ ਏਜ਼ਸੀਆਂ ਦਾ ਵੇਰਵਾ ਅਪੀਡਾ ਦੀ ਵੈਬਸਾਈਟ www.apeda.gov.in ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਸਕੂਲ ਆਫ਼ ਆਰਗੈਨਿਕ ਫਾਰਮਿੰਗ, ਪੰਜਾਬ ਐਗਰੀਕਲਚਰਲ, ਯੂਨੀਵਰਸਿਟੀ ਨਾਲ 0161-2400439 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।##

- Advertisement -

(ਸਕੂਲ ਆਫ਼ ਆਰਗੈਨਿਕ ਫਾਰਮਿੰਗ, ਪੀ.ਏ.ਯੂ., ਲੁਧਿਆਣਾ)

Share this Article
Leave a comment