ਕਪੂਰਥਲਾ ਮੌਬ ਲਿੰਚਿੰਗ ਮਾਮਲਾ: CM ਚੰਨੀ ਨੇ ਕਿਹਾ- ਬੇਅਦਬੀ ਨਹੀਂ ਹੋਈ, ਗੁਰਦੁਆਰੇ ਦੇ ਮੁੱਖ ਪ੍ਰਬੰਧਕ ਸਮੇਤ ਦੋ ਗ੍ਰਿਫਤਾਰ

TeamGlobalPunjab
3 Min Read

ਚੰਡੀਗੜ੍:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮੰਨਿਆ ਕਿ ਕਪੂਰਥਲਾ ਵਿੱਚ ਬੇਅਦਬੀ ਦੇ ਦੋਸ਼ ਵਿੱਚ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਸੀ। ਇਸ ਮਾਮਲੇ ‘ਚ ਹੁਣ ਤੱਕ ਅਜਿਹਾ ਕੋਈ ਸਬੂਤ ਨਹੀਂ ਹੈ ਕਿ ਕੋਈ ਤੋੜ-ਭੰਨ ਹੋਈ ਸੀ।ਦਸ ਦਈਏ ਕਿ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬਾਦਸ਼ਾਹਪੁਰ ਨੇੜਲੇ ਗੁਰਦੁਆਰਾ ਨਿਜ਼ਾਮਪੁਰ ਸਾਹਿਬ ਵਿਖੇ 19 ਦੰਸਬਰ ਨੂੰ ਤਕੜੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਘਟਨਾ ਵਿੱਚ ਬੇਅਦਬੀ ਕਰਨ ਵਾਲੇ ਨੌਜਵਾਨ ਦੀ ਗੁੱਸੇ ਵਿੱਚ ਆਏ ਲੋਕਾਂ ਨੇ ਕੁੱਟਮਾਰ ਕੀਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐਫਆਈਆਰ ਵਿੱਚ ਸੋਧ ਕੀਤੀ ਜਾਵੇਗੀ। ਹੁਣ ਕਤਲ ਦੀ ਐਫਆਈਆਰ ਦਰਜ ਕੀਤੀ ਜਾਵੇਗੀ। ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਕਪੂਰਥਲਾ ਪੁਲਿਸ ਹਰਕਤ ਵਿੱਚ ਆਈ ਅਤੇ ਇਸ ਮਾਮਲੇ ਵਿੱਚ ਗੁਰਦੁਆਰੇ ਦੇ ਮੁੱਖ ਪ੍ਰਬੰਧਕ ਅਮਰਜੀਤ ਸਿੰਘ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਬਾ ਅਮਰਜੀਤ ਸਿੰਘ ਨੂੰ ਇਸ ਸਬੰਧੀ ਧਾਰਾ 302 ਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੇ ਗਏ ਕੇਸ ਵਿਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ।

ਚੰਨੀ ਨੇ ਕਿਹਾ ਕਿ ਉੱਥੇ ਬੇਅਦਬੀ ਨਹੀਂ  ਹੋਈ । ਅਮਰਜੀਤ ਸਿੰਘ ਦੇ ਸੀਨੀਅਰ ਪੁਲਿਸ ਅਧਿਕਾਰੀ ਨਾਲ ਵੀ ਬੜੇ ਗੂੜੇ ਸਬੰਧ ਰਹੇ ਹਨ। ਜ਼ਿਕਰਯੋਗ ਹੈ ਕਿ ਐੱਸਐੱਸਪੀ ਹਰਕੰਵਲਪ੍ਰੀਤ ਸਿੰਘ ਖੱਖ ਨੇ ਘਟਨਾ ਵਾਲੇ ਦਿਨ ਦੱਸਿਆ ਸੀ ਕਿ ਮਾਰੇ ਗਏ ਨੌਜਵਾਨ ਵਿਰੁੱਧ ਬੇਅਦਬੀ ਦੀ ਕੋਸ਼ਿਸ਼ ਅਤੇ ਉਸ ਦੇ ਕਤਲ ਦਾ ਕੇਸ ਦਰਜ ਕੀਤਾ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਨਿਜ਼ਾਮਪੁਰ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਅਮਰਜੀਤ ਸਿੰਘ ਨੇ ਘਟਨਾ ਵਾਲੇ ਦਿਨ ਫੇਸਬੁੱਕ ਉਤੇ ਲਾਈਵ ਹੋ ਕੇ ਦੱਸਿਆ ਕਿ ਇੱਕ ਨੌਜਵਾਨ ਨੇ ਨਿਸ਼ਾਨ ਸ਼ਾਹਿਬ ਦੀ ਬੇਅਦਬੀ ਕੀਤੀ ਹੈ। ਉਸ ਨੂੰ ਮੌਕੇ ਉੱਤੇ ਹੀ ਫੜ ਲਿਆ ਗਿਆ ਸੀ ਅਤੇ ਉਸ ਦੀਆਂ ਬਾਹਾਂ ਬੰਨ੍ਹੀਆਂ ਹੋਈਆਂ ਸਨ। ਭਾਈ ਅਮਰਜੀਤ ਸਿੰਘ ਨੇ ਸਪੱਸ਼ਟ ਤੌਰ ਉੱਤੇ ਕਿਹਾ ਕਿ ਨੌਜਵਾਨ ਨੂੰ ਪੁਲਿਸ ਹਵਾਲੇ ਨਹੀਂ ਕੀਤਾ ਜਾਵੇਗਾ ਕਿਉਂਕਿ ਪੁਲਿਸ ਉਸ ਨੂੰ ਪਾਗਲ ਕਹਿ ਕੇ ਛੱਡ ਦੇਵੇਗੀ। ਉਸ ਨੇ ਜਥੇਬੰਦੀਆਂ ਨੂੰ ਵੱਡੀ ਗਿਣਤੀ ਵਿੱਚ ਗੁਰਦੁਆਰੇ ਪਹੁੰਚਣ ਦੀ ਅਪੀਲ ਵੀ ਕੀਤੀ ਸੀ। ਇਸ ਅਪੀਲ ਤੋਂ ਬਾਅਦ ਲੋਕ ਵੱਡੀ ਗਿਣਤੀ ਵਿੱਚ ਘਟਨਾ ਵਾਲੀ ਥਾਂ ਉਤੇ ਪਹੁੰਚ ਗਏ ਸਨ।

ਐਤਵਾਰ ਨੂੰ ਪਿੰਡ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੇ ਸ਼ੱਕ ‘ਚ ਮਰਨ ਵਾਲੇ ਮ੍ਰਿਤਕ ਦੇ ਪੋਸਟਮਾਰਟਮ ‘ਚ ਤੇਜ਼ਧਾਰ ਹਥਿਆਰਾਂ ਨਾਲ 30 ਤੋਂ ਵੱਧ ਕੱਟਾਂ ਅਤੇ ਕਈ ਸੱਟਾਂ ਦੇ ਨਿਸ਼ਾਨ ਮਿਲੇ ਹਨ। ਮ੍ਰਿਤਕ ਦਾ ਕੋਈ ਵਾਕਫ਼ ਨਾ ਮਿਲਣ ਅਤੇ ਫਿੰਗਰ ਪ੍ਰਿੰਟ ਰਾਹੀਂ ਆਧਾਰ ਕਾਰਡ ਨਾਲ ਮੇਲ ਨਾ ਹੋਣ ਕਾਰਨ ਪੁਲਿਸ ਨੇ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਮੁਰਦਾਘਰ ਵਿੱਚ ਰੱਖਣ ਦੀ ਕਾਰਵਾਈ ਕਰਦਿਆਂ ਵੀਰਵਾਰ ਨੂੰ ਲਾਸ਼ ਨੂੰ ਅੰਤਿਮ ਸੰਸਕਾਰ ਲਈ ਨਗਰ ਨਿਗਮ ਹਵਾਲੇ ਕਰ ਦਿੱਤਾ। ਨਿਗਮ ਨੇ ਉਸ ਦਾ ਸਸਕਾਰ ਕਰ ਦਿੱਤਾ ਹੈ।

- Advertisement -

 

Share this Article
Leave a comment