ਔਰਤਾਂ ਵਿਰੁੱਧ ਭੱਦੀ ਟਿੱਪਣੀ ਕਰਨੀ 20-20 ਲੱਖ ‘ਚ ਪਈ ਹਾਰਦਿਕ ਪੰਡਿਆ ਤੇ ਕੇ.ਐਲ. ਰਾਹੁਲ ਨੂੰ

TeamGlobalPunjab
3 Min Read

ਨਵੀਂ ਦਿੱਲੀ : ਔਰਤਾਂ ‘ਤੇ ਭੱਦੀ ਟਿੱਪਣੀ ਕਰਨ ਦੇ ਮਾਮਲੇ ‘ਚ ਪ੍ਰਸਿੱਧ ਕ੍ਰਿਕਟ ਖਿਡਾਰੀ ਹਾਰਦਿਕ ਪੰਡਿਆ ਅਤੇ ਲੋਕੇਸ਼ ਰਾਹੁਲ ‘ਤੇ ਜੁਰਮਾਨਾ ਲਗਾ ਦਿੱਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਲੋਕਪਾਲ ਡੀਕੇ ਜੈਨ ਨੇ ਦੋਨਾਂ ਖਿਡਾਰੀਆਂ ਨੂੰ ਡਿਊਟੀ ‘ਤੇ ਜਾਨ ਗਵਾਉਣ ਵਾਲੇ ਸੈਨਿਕ ਬਲਾਂ ਦੇ 10 ਸ਼ਹੀਦਾਂ ਦੀਆਂ ਪਤਨੀਆਂ ਨੂੰ ਇੱਕ ਇੱਕ ਲੱਖ ਰੁਪਏ ਦੇਣ ਲਈ ਕਿਹਾ ਹੈ। ਇੱਥੇ ਹੀ ਬੱਸ ਨਹੀਂ ਕ੍ਰਿਕਟ ਵਿਕਾਸ ਲਈ ਬਣਾਏ ਗਏ ਫੰਡ ‘ਚ 10-10 ਲੱਖ ਰੁਪਏ ਜਮਾਂ ਕਰਵਾਉਣ ਦੇ ਵੀ ਆਦੇਸ਼ ਦਿੱਤੇ ਹਨ।

ਦੱਸ ਦਈਏ ਕਿ ਲੋਕਪਾਲ ਨੇ ਇਹ ਆਦੇਸ਼ ਦਿੱਤੇ ਹਨ ਕਿ ਜੇਕਰ ਦੋਨੋਂ ਖਿਡਾਰੀ ਚਾਰ ਹਫਤਿਆਂ ਦੇ ਵਿੱਚ ਜੁਰਮਾਨੇ ਦੀ ਰਾਸ਼ੀ ਜਮਾਂ ਨਹੀਂ ਕਰਵਾਉਂਦੇ ਤਾਂ ਬੋਰਡ ਉਨ੍ਹਾਂ ਦੇ ਮੈਚ ਦੀ ਫੀਸ ਵਿੱਚੋਂ ਵੀ ਰੁਪਏ ਕੱਟ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ‘ਚ ਕ੍ਰਿਕਟਰ ਰੋਲ ਮਾਡਲ ਹੁੰਦੇ ਹਨ ਅਤੇ ਉਨ੍ਹਾਂ ਨੂੰ ਅਜਿਹੇ ਕੰਮ ਕਰਨੇ ਚਾਹੀਦੇ ਹਨ ਕਿ ਜਿਸ ਤੋਂ ਲੋਕਾਂ ਨੂੰ ਸੇਧ ਮਿਲੇ। ਇੱਥੇ ਇਹ ਵੀ ਦੱਸਣਯੋਗ ਹੈ, ਕਿ ਦੋਨਾਂ ਕ੍ਰਿਕਟ ਖਿਡਾਰੀਆਂ ਨੇ ਆਪਣੀ ਗਲਤੀ ਲਈ ਮਾਫੀ ਵੀ ਮੰਗ ਲਈ ਸੀ ਅਤੇ ਕਿਸੇ ਕਿਸਮ ਦੀ ਕਾਰਵਾਈ ਦਾ ਵਿਰੋਧ ਨਹੀਂ ਕੀਤਾ ਸੀ।

ਦਰਅਸਲ ਹਾਰਦਿਕ ਅਤੇ ਰਾਹੁਲ ਨੇ ਕਰਨ ਜੌਹਰ ਦੇ ਚੈਟ ਸ਼ੋਅ ‘ਕਾਫੀ ਵਿਦ ਕਰਣ” ‘ਚ ਔਰਤਾਂ ਵਿਰੁੱਧ ਭੱਦੀ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਸੋਸ਼ਲ ਮੀਡੀਆ ‘ਤੇ ਕਾਫੀ ਵਿਰੋਧ ਵੀ ਹੋਇਆ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਟ੍ਰੋਲ ਹੋਣ ਤੋਂ ਬਾਅਦ ਪੰਡਿਆ ਨੇ ਮਾਫੀ ਮੰਗਦਿਆਂ ਆਪਣੀ ਸਫਾਈ ਦਿੱਤੀ ਸੀ ਕਿ ਉਹ ਸ਼ੋਅ ‘ਚ ਪੂਰੀ ਤਰ੍ਹਾਂ ਘੁਲ ਮਿਲ ਗਏ ਸਨ ਅਤੇ ਉਨ੍ਹਾਂ ਦਾ ਇਰਾਦਾ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੋਸ ਪਹੁੰਚਾਉਣਾ ਨਹੀਂ ਸੀ। ਇਸ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਉਨ੍ਹਾਂ ਠੇਸ ਪਹੁੰਚੀ ਹੈ ਤਾਂ ਉਹ ਉਨ੍ਹਾਂ ਤੋਂ ਮਾਫੀ ਮੰਗਦੇ ਹਨ।

ਜਾਣਕਾਰੀ ਮੁਤਾਬਕ ਇਸ ਵਿਵਾਦ ਤੋਂ ਬਾਅਦ ਰਾਹੁਲ ਅਤੇ ਹਾਰਦਿਕ ਨੂੰ ਆਸ਼ਟ੍ਰੇਲੀਆ ਦੌਰੇ ਤੋਂ ਵੀ ਵਾਪਸ ਬੁਲਾ ਲਿਆ ਗਿਆ ਸੀ ਅਤੇ ਦੋਨਾਂ ਨੂੰ ਅਨਿਸ਼ਚਿਤ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਪਰ ਬਾਅਦ ਵਿੱਚ ਇਸ ਆਦੇਸ਼ ਨੂੰ ਵਾਪਸ ਲੈ ਲਿਆ ਗਿਆ ਸੀ ਅਤੇ ਉਨ੍ਹਾਂ ਨੂੰ ਇੰਗਲੈਂਡ ਅਤੇ ਵੇਲਸ ‘ਚ ਹੋਣ ਵਾਲੇ ਵਰਲਡ ਕੱਪ ਲਈ ਚੁਣੀ ਗਈ ਭਾਰਤੀ ਟੀਮ ‘ਚ ਵੀ ਸ਼ਾਮਲ ਕਰ ਲਿਆ ਸੀ।

- Advertisement -

Share this Article
Leave a comment