ਚੰਡੀਗੜ੍ਹ : ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਸ਼ਰਾਬ ਛੱਡਣ ਤੋਂ ਬਾਅਦ ਸੂਬਾ ਸਰਕਾਰ ਦੇ ਖਿਲਾਫ ਹਮਲਾਵਰ ਰੁੱਖ ਅਖ਼ਤਿਆਰ ਕਰ ਲਿਆ ਹੈ। ਮਾਨ ਨੇ ਇੱਕ ਪੱਤਰਕਾਰ ਸੰਮੇਲਨ ਕਰਕੇ ਪੰਜਾਬ ਸਰਕਾਰ ਨੂੰ 20 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ ਕਿ ਉਹ ਇਸ ਸਮੇਂ ਦੇ ਦੌਰਾਨ ਸੂਬੇ ਅੰਦਰ ਵਧਾਈਆਂ ਗਈਆਂ ਬਿਜਲੀ ਦੀਆਂ ਦਰਾਂ ਦਾ ਵਾਧਾ ਵਾਪਿਸ ਲਵੇ ਨਹੀਂ ਤਾਂ ਉਹ ਪੰਜਾਬ ਸਰਕਾਰ ਦੇ ਖ਼ਿਲਾਫ ਤਿੱਖਾ ਸੰਘਰਸ਼ ਕਰਨਗੇ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮਾਨ ਨੇ ਕਿਹਾ ਕਿ ਪੂਰੇ ਹਿੰਦੁਸਤਾਨ ਸਿਰਫ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ ਜਿੱਥੇ ਬਿਜਲੀ ਸਭ ਤੋਂ ਮਹਿੰਗੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਣ ਤੋਂ ਬਾਅਦ ਬਿਜਲੀ ਦਰਾਂ ਵਿੱਚ ਪਿਛਲੇ 2 ਸਾਲਾਂ ਵਿੱਚ ਚਾਰ ਵਾਰ ਬਿਜਲੀ ਦੇ ਰੇਟ ਵਧਾਏ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਜਬਾਨ ਦੇ ਪੱਕੇ ਨਹੀਂ ਹਨ। ਜਿੰਨ੍ਹਾਂ ਨੇ ਪਿਛਲੀ ਬਾਦਲ ਸਰਕਾਰ ਦੇ ਨਿੱਜੀ ਕੰਪਨੀਆਂ ਨਾਲ ਮਹਿੰਗੀਆਂ ਦਰਾਂ ‘ਤੇ ਕੀਤੇ ਸਮਝੌਤੇ ਰੱਦ ਕਰਕੇ ਨਵੇਂ ਸਸਤੇ ਸਮਝੌਤੇ ਕਰਨ ਦੀ ਬਜਾਏ ਸਰਕਾਰੀ ਥਰਮਲ ਪਲਾਂਟ ਵੀ ਬੰਦ ਕਰਨ ਨੂੰ ਤਰਜ਼ੀਹ ਦਿੱਤੀ। ਜਿਸ ਦਾ ਨਤੀਜਾ ਇਹ ਨਿੱਕਲਿਆ ਕਿ ਸੂਬੇ ‘ਚ ਬਿਜਲੀ ਲਗਾਤਾਰ ਮਹਿੰਗੀ ਹੁੰਦੀ ਚਲੀ ਗਈ।
ਭਗਵੰਤ ਮਾਨ ਨੇ ਕੈਪਟਨ ਸਰਕਾਰ ਨੂੰ ਇਹ ਵਾਧਾ ਵਾਪਸ ਲੈਣ ਲਈ 20 ਦਿਨ ਦਾ ਸਮਾਂ ਦਿੱਤਾ ਤੇ ਕਿਹਾ ਕਿ ਜੇਕਰ ਇਸ ਦੌਰਾਨ ਵਧਾਏ ਗਏ ਬਿਜਲੀ ਦੇ ਰੇਟ ਵਾਪਸ ਨਾ ਲਏ ਗਏ ਤਾਂ ਆਮ ਆਦਮੀ ਪਾਰਟੀ ਸੂਬੇ ਦੇ ਲੋਕਾਂ ਨੂੰ ਰਾਹਤ ਦਵਾਉਣ ਲਈ ਸਰਕਾਰ ਖ਼ਿਲਾਫ ਸੰਘਰਸ਼ ਛੇੜੇਗੀ ਤੇ ਇਸ ਲੜਾਈ ਨੂੰ ਹਰ ਉਸ ਮੁਕਾਮ ਤੱਕ ਪਹੁੰਚਾਇਆ ਜਾਵੇਗਾ ਜਿਸ ਰਾਹੀਂ ਇਨ੍ਹਾਂ ਵਧੀਆਂ ਦਰਾਂ ਤੋਂ ਛੁਟਕਾਰਾ ਮਿਲ ਸਕੇ।
ਦੱਸ ਦਈਏ ਕਿ ਪਿਛਲੇ ਮਹੀਨੇ ਗਲੋਬਲ ਪੰਜਾਬ ਟੀ.ਵੀ. ਵੱਲੋਂ ਸੂਬੇ ਅੰਦਰ ਵਧੀਆਂ ਬਿਜਲੀ ਦੀਆਂ ਦਰਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ ਸੀ ਤੇ ਗਲੋਬਲ ਪੰਜਾਬ ਟੀ.ਵੀ. ਦੇ ਯੂਟੀਊਬ ਚੈਨਲ ‘ਤੇ ਇੱਕ ਵਿਸ਼ੇਸ਼ ਇੰਟਰਵੀਊ ਦੌਰਾਨ ਇਹ ਖੁਲਾਸਾ ਕੀਤਾ ਗਿਆ ਸੀ ਕਿ ਕਿਵੇਂ ਪੰਜਾਬ ਦੇ ਲੋਕਾਂ ਦੇ ਬਿਜਲੀ ਦੇ ਬਿੱਲ ਕਾਲੇ ਤੋਂ ਇਲੈੱਕਟ੍ਰੋਨਿਕ ਮੀਟਰਾਂ ‘ਚ ਤਬਦੀਲ ਹੋਣ ਤੋਂ ਬਾਅਦ ਕਈ ਗੁਣਾਂ ਵੱਧ ਗਏ ਤੇ ਉਸ ਵਿਚਲੀ ਘੁੰਡੀ ਕੀ ਸੀ। ਚੋਣਾਂ ਨੇੜੇ ਹੀ ਸਹੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਇਹ ਇੱਕ ਅਜਿਹਾ ਮੁੱਦਾ ਚੁੱਕਿਆ ਜੋ ਕਿ ਹਰ ਇੱਕ ਸੂਬਾ ਵਾਸੀ ਦੀ ਦੁੱਖਦੀ ਰਗ਼ ਹੈ ਤੇ ਜੇਕਰ ਇਹ ਮਸਲਾ ਹੱਲ ਕਰਾਉਣ ‘ਚ ਪਾਰਟੀ ਸਫਲ ਰਹਿੰਦੀ ਹੈ ਤਾਂ ਆਪ ਵਾਲਿਆਂ ਦੀ ਬੱਲੇ-ਬੱਲੇ ਹੋਣੀ ਲਾਜ਼ਮੀ ਹੈ।