ਆਸਟ੍ਰੀਆ ‘ਚ ਸਿੱਖ ਧਰਮ ਰਜਿਸਟਰਡ ਕਰਵਾਉਣ ਵਾਲੇ ਸਿੱਖ ਨੌਜਵਾਨ ਸਨਮਾਨਿਤ

Prabhjot Kaur
2 Min Read

ਅੰਮ੍ਰਿਤਸਰ: ਆਸਟ੍ਰੀਆ ’ਚ ਸਿੱਖ ਧਰਮ ਰਜਿਸਟਰਡ ਕਰਵਾਉਣ ਦੇ ਯਤਨ ਕਰਨ ਵਾਲੇ ਸਿੱਖ ਨੌਜਵਾਨਾਂ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਧਰਮ ਰਜਿਸਟਰਡ ਕਮੇਟੀ ਆਸਟ੍ਰੀਆ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਉੱਦਮ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਮੈਂਬਰ ਭਾਈ ਗੁਰਬਖ਼ਸ਼ ਸਿੰਘ ਖਾਲਸਾ ਵੀ ਮੌਜੂਦ ਸਨ।

ਇਥੇ ਪੁੱਜੇ ਸਿੱਖ ਧਰਮ ਰਜਿਸਟਰਡ ਕਮੇਟੀ ਆਸਟ੍ਰੀਆ ਦੇ ਮੁੱਖ ਸੇਵਾਦਾਰ ਭਾਈ ਹਰਮਨ ਸਿੰਘ ਨੇ ਦੱਸਿਆ ਕਿ ਆਸਟ੍ਰੀਆ ਸਿੱਖ ਧਰਮ ਰਜਿਸਟਰਡ ਕਰਨ ਵਾਲਾ ਯੂਰਪ ਦਾ ਪਹਿਲਾ ਦੇਸ਼ ਹੈ। ਇਥੇ ਹੁਣ ਸਿੱਖ ਬੱਚਿਆਂ ਜਨਮ ਦੇ ਪ੍ਰਮਾਣ ਪੱਤਰ ਵਿਚ ਸਿੱਖੀ ਨੂੰ ਧਰਮ ਵਜੋਂ ਲਿਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ, ਕਿਉਂਕਿ ਲੋੜੀਂਦੇ ਦਸਤਵੇਜ਼ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਆਸਟ੍ਰੀਆ ਅੰਦਰ ਵੱਸਦੇ ਸਿੱਖਾਂ ਦੇ ਮਾਮਲਿਆਂ ਪ੍ਰਤੀ ਉਨ੍ਹਾਂ ਦੀ ਜਥੇਬੰਦੀ ਨਿਰੰਤਰ ਕਾਰਜਸ਼ੀਲ ਰਹਿੰਦੀ ਹੈ। ਭਾਈ ਹਰਮਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦਾ ਮਨੋਰਥ ਸਿੱਖੀ ਨੂੰ ਦੇਸ਼ ਅੰਦਰ ਪ੍ਰਭਾਸ਼ਤ ਕਰਨਾ ਹੈ ਅਤੇ ਇਸ ਸਬੰਧ ਵਿਚ ਉਥੋਂ ਦੇ ਮੂਲ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦਾ ਸਨਮਾਨ ਅਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਧਰਮ ਗਲੋਬਲ ਪੱਧਰ ’ਤੇ ਆਪਣੀ ਪਛਾਣ ਨਿਰਧਾਰਤ ਕਰ ਚੁੱਕਾ ਹੈ ਅਤੇ ਉਦਮੀ ਸਿੱਖ ਨੌਜੁਆਨ ਮੌਜੂਦਾ ਸਮੇਂ ਪੂਰੀ ਦੁਨੀਆਂ ਅੰਦਰ ਆਪੋ-ਆਪਣੇ ਯਤਨਾਂ ਨਾਲ ਸਿੱਖੀ ਦੀਆਂ ਰੀਤਾਂ ਰਸਮਾਂ ਅਤੇ ਮਰਯਾਦਾ ਨੂੰ ਉਭਾਰਨ ਵਿਚ ਕਾਰਜਸ਼ੀਲ ਹਨ। ਆਸਟ੍ਰੀਆ ਅੰਦਰ ਸਿੱਖ ਨੌਜਵਾਨਾਂ ਦਾ ਕਾਰਜ ਬੇਹੱਦ ਸ਼ਲਾਘਾਯੋਗ ਹੈ ਅਤੇ ਸ਼੍ਰੋਮਣੀ ਕਮੇਟੀ ਇਨ੍ਹਾਂ ਨੂੰ ਹਰ ਪੱਧਰ ’ਤੇ ਸਹਿਯੋਗ ਕਰਨ ਲਈ ਵਚਨਬੱਧ ਹੈ।

Share this Article
Leave a comment