ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਪਾਕਿਸਤਾਨ ਸਥਿਤ ਪਵਿੱਤਰ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਰਾਰਤੀ ਭੀੜ ਵੱਲੋਂ ਕੀਤੀ ਗਈ ਪੱਥਰ ਬਾਜ਼ੀ ਪਿੱਛੇ ਡੂੰਘੀ ਫ਼ਿਰਕੂ ਸਾਜ਼ਿਸ਼ ਹੋਣ ਦਾ ਸੰਦੇਹ ਪ੍ਰਗਟ ਕਰਦਿਆਂ ਇਸ ਮਾਮਲੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਧਾ ਦਖ਼ਲ ਮੰਗਿਆ ਹੈ।
‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ‘ਆਪ’ ਆਗੂਆਂ ਨੇ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਥਲ ਸ੍ਰੀ ਨਨਕਾਣਾ ਸਾਹਿਬ ਵਿਖੇ ਅਜਿਹੀ ਘਟਨਾ ਕਿਸੇ ਡੂੰਘੀ ਸਾਜ਼ਿਸ਼ ਬਗੈਰ ਨਹੀਂ ਵਾਪਰ ਸਕਦੀ। ਇਹ ਉੱਚ ਪੱਧਰੀ ਨਿਰਪੱਖ ਅਤੇ ਸਮਾਂਬੱਧ ਜਾਂਚ ਦਾ ਸੰਵੇਦਨਸ਼ੀਲ ਮਸਲਾ ਹੈ, ਜਿਸ ਨੇ ਦੁਨੀਆ ਭਰ ‘ਚ ਵੱਸਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਨਿਰਾਸ਼ ਅਤੇ ਚਿੰਤਤ ਕੀਤਾ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਾਰਤ ਆਪਣੀ ਕੂਟਨੀਤਕ ਪਹੁੰਚ ਰਾਹੀਂ ਪਾਕਿਸਤਾਨ ‘ਤੇ ਲੋੜੀਂਦਾ ਦਬਾਅ ਪਾਵੇ ਅਤੇ ਇਸ ਘਟਨਾ ਪਿੱਛੇ ਸਾਜ਼ਿਸ਼ ਨੂੰ ਬੇਨਕਾਬ ਕਰਵਾਏ। ਇਹ ਪਾਕਿਸਤਾਨ ‘ਚ ਵੱਸਦੇ ਘੱਟ ਗਿਣਤੀ ਹਿੰਦੂ-ਸਿੱਖ ਭਾਈਚਾਰੇ ਦਰਮਿਆਨ ਫ਼ਿਰਕੂ ਜ਼ਹਿਰ ਘੋਲਣ ਦੀ ਨਿੰਦਾ ਜਨਕ ਹਰਕਤ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਇਸ ਘਟਨਾ ਦੀ ਆਪਣੀ ਨਿਗਰਾਨੀ ਥੱਲੇ ਜਾਂਚ ਕਰਾਉਣੀ ਚਾਹੀਦੀ ਹੈ ਅਤੇ ਸਖ਼ਤ ਸੰਦੇਸ਼ ਦੇਣਾ ਚਾਹੀਦਾ ਹੈ ਕਿ ਪਾਕਿਸਤਾਨ ‘ਚ ਘੱਟ ਗਿਣਤੀ ਹਿੰਦੂ ਅਤੇ ਸਿੱਖਾਂ ਵੱਲ ਕੋਈ ਸ਼ਰਾਰਤੀ ਅਨਸਰ ਜਾਂ ਕੱਟੜਵਾਦੀ ਅੱਖ ਉਠਾ ਕੇ ਨਾ ਦੇਖ ਸਕੇ।
ਵਿਧਾਇਕ ਬਿਲਾਸਪੁਰ ਅਤੇ ਪੰਡੋਰੀ ਨੇ ਕਿਹਾ ਕਿ ਸਰਬ-ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਰਾਹੀਂ ਹੀ ਹਿੰਸਾ, ਨਫ਼ਰਤ,ਕੱਟੜਪੰਥੀ ਅਤੇ ਫ਼ਿਰਕਾਪ੍ਰਸਤੀ ਨੂੰ ਨੱਥ ਪਾਈ ਜਾ ਸਕਦੀ ਹੈ। ਉਨ੍ਹਾਂ ਦੁਨੀਆ ਭਰ ‘ਚ ਵੱਸਦੇ ਐਨਆਰਆਈ ਪੰਜਾਬੀਆਂ ਅਤੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪੋ-ਆਪਣੇ ਦੇਸ਼ਾਂ ਦੀਆਂ ਅੰਬੈਸੀਆਂ ਰਾਹੀਂ ਪਾਕਿਸਤਾਨ ਉੱਪਰ ਹਿੰਦੂਆਂ, ਸਿੱਖਾਂ, ਈਸਾਈਆਂ ਸਮੇਤ ਸਾਰੀਆਂ ਘੱਟ ਗਿਣਤੀਆਂ ਦੇ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੂਟਨੀਤਕ ਦਬਾਅ ਪਾਉਣ।
ਆਪ’ ਵੱਲੋਂ ਮੋਦੀ ਅਤੇ ਇਮਰਾਨ ਖ਼ਾਨ ਦੇ ਸਿੱਧੇ ਦਖ਼ਲ ਦੀ ਮੰਗ, ਸੰਧਵਾਂ, ਬਿਲਾਸਪੁਰ ਤੇ ਪੰਡੋਰੀ ਨੇ ਡੂੰਘੀ ਸਾਜ਼ਿਸ਼ ਦੇ ਸ਼ੰਕੇ ਜਤਾਏ
Leave a Comment
Leave a Comment