ਆਈਆਈਟੀ ਨੇ “ਐਂਬੀਟੈਗ” ਵੈਕਸੀਨ ਟਰਾਂਸਪੋਰਟ ਦੇ ਲਈ ਵਿਕਸਿਤ ਕੀਤਾ

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਸਥਿਤ ਰੋਪੜ ਵਿੱਚ ਭਾਰਤੀ ਟੈਕਨੋਲੋਜੀ ਸੰਸਥਾਨ (ਆਈਆਈਟੀ, ਰੋਪੜ) ਨੇ ਆਪਣੀ ਤਰ੍ਹਾਂ ਦਾ ਇੱਕ ਪਹਿਲਾ ਐਂਬੀਟੈਗ (AmbiTag) ਨਾਮ ਦਾ ਆਈਓਟੀ (IoT) ਉਪਕਰਨ ਵਿਕਸਿਤ ਕੀਤਾ ਹੈ, ਜੋ ਖਰਾਬ ਹੋਣ ਵਾਲੇ ਉਤਪਾਦਾਂ, ਟੀਕਿਆਂ, ਇੱਥੇ ਤੱਕ ਕਿ ਸ਼ਰੀਰ ਦੇ ਅੰਗਾਂ ਅਤੇ ਖੂਨ ਦੇ ਟ੍ਰਾਂਸਪੋਰਟ ਦੌਰਾਨ ਰੀਅਲ ਟਾਈਮ ਦੇ ਪਰਿਵੇਸ਼ ਦੇ ਤਾਪਮਾਨ ਨੂੰ ਰਿਕਾਰਡ ਕਰਦਾ ਹੈ। ਰਿਕਾਰਡ ਕੀਤਾ ਗਿਆ ਤਾਪਮਾਨ ਇਹ ਜਾਣਨ ਵਿੱਚ ਮਦਦ ਕਰਦਾ ਹੈ ਕਿ ਕੀ ਦੁਨੀਆ ਵਿੱਚ ਕਿਤੋਂ ਵੀ ਲਿਜਾਣ ਵਾਲੀ ਇਹ ਵਿਸ਼ੇਸ਼ ਵਸਤੂ ਹੁਣ ਵੀ ਪ੍ਰਯੋਗ ਕਰਨ ਯੋਗ ਹੈ ਜਾਂ ਤਾਪਮਾਨ ਭਿੰਨਤਾ ਦੇ ਕਾਰਨ ਨਸ਼ਟ ਹੋ ਗਈ ਹੈ। ਇਹ ਜਾਣਕਾਰੀ ਕੋਵਿਡ-19 ਵੈਕਸੀਨ, ਅੰਗਾਂ ਤੇ ਖੂਨ ਟ੍ਰਾਂਸਪੋਰਟ ਸਮੇਤ ਟੀਕਿਆਂ ਦੇ ਬਾਰੇ ਵਿੱਚ ਵਿਸ਼ੇਸ਼ ਰੂਪ ਨਾਲ ਮਹੱਤਵਪੂਰਨ ਹੈ।

ਪ੍ਰੋਜੈਕਟ ਕੋਆਰਡੀਨੇਟਰ, ਡਾ. ਸੁਮਨ ਕੁਮਾਰ ਨੇ ਕਿਹਾ ਕਿ USB ਡਿਵਾਈਸ ਦੇ ਆਕਾਰ ਦਾ ਦਿਖਣ ਵਾਲਾ AmbiTag ਲਗਾਤਾਰ ਪੂਰੇ 90 ਦਿਨਾਂ ਲਈ ਇੱਕ ਵਾਰ ਚਾਰਜ ਕਰਨ ‘ਤੇ ਆਪਣੇ ਆਸ-ਪਾਸ ਦੇ ਤਾਪਮਾਨ ਨੂੰ “-40 ਤੋਂ +80 ਡਿਗਰੀ ਤੱਕ ਕਿਸੇ ਵੀ ਸਮੇਂ ਖੇਤਰ ਵਿੱਚ ਰਿਕਾਰਡ ਕਰਦਾ ਹੈ। ਅੰਤਰਰਾਸ਼ਟਰੀ ਬਜ਼ਾਰ ਵਿੱਚ ਉਪਲੱਬਧ ਜ਼ਿਆਦਾਤਰ ਸਮਾਨ ਉਪਕਰਣ ਕੇਵਲ 30-60 ਦਿਨਾਂ ਦੀ ਅਵਧੀ ਲਈ ਡੇਟਾ ਰਿਕਾਰਡ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਤਾਪਮਾਨ ਪੂਰਵ-ਨਿਰਧਾਰਿਤ ਸੀਮਾ ਤੋਂ ਅਧਿਕ ਹੋ ਜਾਂਦਾ ਹੈ ਤਾਂ ਇਹ ਅਲਰਟ ਪੈਦਾ ਕਰਦਾ ਹੈ। USB ਨੂੰ ਕਿਸੇ ਵੀ ਕੰਪਿਊਟਰ ਨਾਲ ਕਨੈਕਟ ਕਰਕੇ ਰਿਕਾਰਡ ਕੀਤੇ ਗਏ ਡੇਟਾ ਨੂੰ ਫਿਰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਉਪਕਰਨ ਨੂੰ ਟੈਕਨੋਲੋਜੀ ਇਨੋਵੇਸ਼ਨ ਕੇਂਦਰ AWaDH (ਖੇਤੀਬਾੜੀ ਤੇ ਜਲ ਟੈਕਨੋਲੋਜੀ ਦੇ ਵਿਕਾਸ ਹਬ) ਅਤੇ ਇਸ ਦੇ ਸਟਾਰਟ ਅਪ ਸਕ੍ਰੈਚ ਤਹਿਤ ਵਿਕਸਿਤ ਕੀਤਾ ਗਿਆ ਹੈ। AWaDH, ਭਾਰਤ ਸਰਕਾਰ ਦਾ ਇੱਕ ਪ੍ਰੋਜੈਕਟ ਹੈI ਪ੍ਰੋ. ਕੁਮਾਰ ਨੇ ਕਿਹਾ ਕਿ ਉਪਕਰਨ SO 13485:2016, EN 12830:2018, CE ਅਤੇ ROHS ਤੋਂ ਪ੍ਰਮਾਣਿਤ ਹੈ।

ਸਬਜ਼ੀਆਂ ਮਾਸ ਅਤੇ ਡੇਅਰੀ ਉਤਪਾਦਾਂ ਸਮੇਤ ਖਰਾਬ ਹੋਣ ਵਾਲੀਆਂ ਵਸਤਾਂ ਦੇ ਇਲਾਵਾ ਇਹ ਟ੍ਰਾਂਸਪੋਰਟ ਦੇ ਦੌਰਾਨ ਪਸ਼ੂ ਸਪਰਮ ਦੇ ਤਾਪਮਾਨ ਦੀ ਨਿਗਰਾਨੀ ਵੀ ਕਰ ਸਕਦਾ ਹੈ। ਅਮਿਤ ਭੱਟੀ ਜੋ ਸਕ੍ਰੈਚ ਨੇਸਟ ਦੇ ਸੰਸਾਥਾਪਕਾਂ ਅਤੇ ਨਿਦੇਸ਼ਕਾਂ ਵਿੱਚੋਂ ਇੱਕ ਹਨ, ਨੇ ਕਿਹਾ ਕਿ “ਹੁਣ ਤੱਕ, ਇਸ ਤਰ੍ਹਾਂ ਦੇ ਉਪਕਰਨਾਂ ਨੂੰ ਸਿੰਗਾਪੁਰ, ਹਾਂਗਕਾਂਗ, ਆਇਰਲੈਂਡ ਅਤੇ ਚੀਨ ਵਰਗੇ ਹੋਰ ਦੇਸ਼ਾਂ ਤੋਂ ਭਾਰੀ ਮਾਤਰਾ ਵਿੱਚ ਭਾਰਤ ਦੁਆਰਾ ਆਯਾਤ ਕੀਤਾ ਜਾ ਰਿਹਾ ਹੈ।“

ਖੇਤੀਬਾੜੀ ਅਤੇ ਜਲ ਟੈਕਨੋਲੋਜੀ ਵਿਕਾਸ ਹਬ ਪ੍ਰੋਜੈਕਟ ਡਾਇਰੈਕਟਰ, ਪ੍ਰੋ. ਪੁਸ਼ਪੇਂਦ੍ਰ ਪੀ. ਸਿੰਘ ਨੇ ਦੱਸਿਆ ਕਿ ਆਈਆਈਟੀ ਰੋਪੜ ਟੈਕਨੋਲੋਜੀ ਇਨੋਵੇਸ਼ਨ ਕੇਂਦਰ ਐਂਬੀਟੈਗ ਦੇ ਵੱਡੇ ਪੈਮਾਨੇ ‘ਤੇ ਉਤਪਾਦਨ ਲਈ ਕਮਰ ਕੱਸ ਰਿਹਾ ਹੈ। “ਇਹ ਉਪਕਰਨ ਦੇਸ਼ ਵਿੱਚ ਉਤਪਾਦਨ ਸੁਵਿਧਾਵਾਂ ਤੋਂ ਲੈ ਕੇ ਅੰਤਿਮ ਮੀਲ ਟੀਕਾਕਰਣ ਕੇਂਦਰਾਂ ਤੱਕ ਕੋਵਿਡ ਵੈਕਸੀਨ ਟ੍ਰਾਂਸਪੋਰਟ ਵਿੱਚ ਸ਼ਾਮਿਲ ਸਾਰੀਆਂ ਕੰਪਨੀਆਂ ਨੂੰ ਉਤਪਾਦਨ ਲਾਗਤ ‘ਤੇ 400 ਰੁਪਏ ਵਿੱਚ ਉਪਲੱਬਧ ਕਰਵਾਇਆ ਜਾਵੇਗਾ। ਪ੍ਰੋ. ਸਿੰਘ ਨੇ ਕਿਹਾ ਕਿ ਇਹ ਉਪਕਰਣ ਰਾਸ਼ਟਰ ਨੂੰ ਕੋਰੋਨਾ ਵਰਗੀ ਭਿਆਨਕ ਮਹਾਮਾਰੀ ਤੋਂ ਬਾਹਰ ਲਿਆਉਣ ਅਤੇ ਆਤਮਨਿਰਭਰ ਭਾਰਤ ਵੱਲ ਵਧਣ ਲਈ ਸਾਡਾ ਛੋਟਾ ਜਿਹਾ ਯੋਗਦਾਨ ਹੈ”।

- Advertisement -

Share this Article
Leave a comment