ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੀ ਸਥਾਪਨਾ ਦੇ 100 ਵਰ੍ਹੇ ਪੂਰੇ ਹੋਣ ’ਤੇ ਮੋਗਾ ਵਿੱਚ ਕੀਤੀ ਜਾ ਰਹੀ ਇਤਿਹਾਸਕ ਰੈਲੀ ਵਿੱਚ 2 ਲੱਖ ਤੋਂ ਜ਼ਿਆਦਾ ਲੋਕ ਭਾਗ ਲੈਣਗੇ ਅਤੇ ਇਹ ਰੈਲੀ ਸਰਕਾਰ ਬਦਲਣ ਤੇ ਪੰਜਾਬ ਦੇ ਸਰਵ ਪੱਖੀ ਵਿਕਾਸ ਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਦੌਰ ਦੀ ਸ਼ੁਰੂਆਤ ਦਾ ਮੁੱਢ ਬੰਨੇਗੀ। ਹਲਕਾ ਲੰਬੀ ਤੋਂ ਜ਼ਿਲ੍ਹਾਂ ਯੂਥ ਪ੍ਰਧਾਨ ਅਕਾਸ਼ਦੀਪ ਸਿੰਘ ਮਿਡੂਖੇੜਾ ਦੀ ਅਗਵਾਈ ਵਿਚ ਸੋਮਵਾਰ ਸੈਕੜਿਆਂ ਦੇ ਰੂਪ ਵਿਚ ਯੂਥ ਵਰਕਰਾ ਦਾ ਕਾਫਲਾ ਲੰਬੀ ਦੇ ਗੁਰੂਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਬੱਸਾਂ ਰਾਹੀਂ ਜੈਕਾਰੇ ਲਾਉਂਦੇ ਹੋਏ ਮੋਗਾ ਲਈ ਰਿਵਾਨਾ ਹੋਏ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੈਲੀ ਦੀਆਂ ਤਿਆਰੀਆਂ ਦੀ ਸਮੀਖਿਆ ਨਿੱਜੀ ਤੌਰ ’ਤੇ ਕੀਤੀ ਅਤੇ ਕਿਹਾ ਕਿ ਮੋਗਾ ਵਿਚ ਮਨੁੱਖਤਾ ਦਾ ਸਮੁੰਦਰ ਨਜ਼ਰ ਆਵੇਗਾ ਤੇ ਭ੍ਰਿਸ਼ਟ, ਘੁਟਾਲਿਆਂ ਭਰੀ ਕਾਂਗਰਸ ਸਰਕਾਰ ਜਿਸਨੇ ਸਮਾਜ ਦੇ ਹਰ ਵਰਗ ਨਾਲ ਧੋਖਾ ਕੀਤਾ ਤੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਗਈ, ਦੀ ਪੁੱਠੀ ਗਿਣਤੀ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦਾ ਰੌਂਅ ਸਪਸ਼ਟ ਹੈ। ਲੋਕ ਜਵਾਬਦੇਹ ਸਰਕਾਰ ਚਾਹੁੰਦੇ ਹਨ ਜੋ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲੇ ਅਤੇ ਫਿਰਕੂ ਸਦਭਾਵਨਾ ਤੇ ਕਾਨੂੰਨ ਦਾ ਰਾਜ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਲੋਕਾਂ ਨੇ ਅਕਾਲੀ ਦਲ ਤੇ ਬਸਪਾ ਗਠਜੋੜ ਨੂੰ ਸਰਕਾਰ ਬਣਾਉਣ ਵਾਸਤੇ ਚੁਣਨ ਦਾ ਫੈਸਲਾ ਕੀਤਾ ਹੈ।