ਰਿਸ਼ਵਤ ਦਾ ਕੇਸ ਫੜਾਉਣ ਵਾਲਾ ਵਿਅਕਤੀ ਉਸੇ ਕੇਸ ਨੂੰ ਨਿਪਟਾਉਣ ਲਈ ਮੰਗ ਰਿਹਾ ਸੀ ਲੱਖਾਂ ਰੁਪਏ

Rajneet Kaur
3 Min Read

ਚੰਡੀਗੜ੍ਹ: ਵਿਜੀਲੈਂਸ ਬਿਊਰੋ ਨੇ ਵਿਜੀਲੈਂਸ ਪੁਲਿਸ ਅਧਿਕਾਰੀ ਦੇ ਨਾਂ ‘ਤੇ ਇਕ ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਗਏ ਵਿਅਕਤੀ ਦੀ ਸ਼ਨਾਖ਼ਤ ਸੁਖਜਿੰਦਰ ਸਿੰਘ ਵਾਸੀ ਜਲਾਲਾਬਾਦ ਵਜੋਂ ਹੋਈ ਹੈ । ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ .32 ਦੀ ਰਿਵਾਲਵਰ, ਇੱਕ ਕਾਰ ਤੇ 2 ਮੋਬਾਈਲ ਫੋਨ ਬਰਾਮਦ ਹੋਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪ੍ਰਾਇਵੇਟ ਵਿਅਕਤੀ ਸੁਖਜਿੰਦਰ ਸਿੰਘ ਵਾਸੀ ਪਿੰਡ ਚੱਕ ਰੋੜੀਵਾਲਾ (ਤੰਬੂਵਾਲਾ), ਤਹਿਸੀਲ ਜਲਾਲਾਬਾਦ, ਜ਼ਿਲ੍ਹਾ ਫਾਜ਼ਿਲਕਾ ਨੂੰ ਸੰਦੀਪ ਸਿੰਘ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਦੋਸ਼ੀ ਸੁਖਜਿੰਦਰ ਸਿੰਘ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਐਫ.ਆਈ.ਆਰ ਨੰਬਰ 13, ਮਿਤੀ 04-08-2022 ਤਹਿਤ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਦਰਜ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਸ਼ਿਕਾਇਤਕਰਤਾ ਸੀ ਜੋ ਕਿ ਸਵਰਨ ਰਾਣੀ, ਜੂਨੀਅਰ ਇੰਜੀਨੀਅਰ, ਮਗਨਰੇਗਾ, ਫਾਜ਼ਿਲਕਾ ਵਿਰੁੱਧ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਸਵਰਨ ਰਾਣੀ ਨੂੰ ਇਸੇ ਪ੍ਰਾਈਵੇਟ ਵਿਅਕਤੀ ਤੋਂ 25,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਸੰਦੀਪ ਸਿੰਘ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਹੈ ਕਿ ਉਕਤ ਕੇਸ ਦੇ ਨਿਪਟਾਰੇ ਲਈ ਦੋਸ਼ੀ ਸੁਖਜਿੰਦਰ ਸਿੰਘ ਪੁਲਿਸ ਅਧਿਕਾਰੀਆਂ ਤਰਫ਼ੋਂ ਉਸ ਕੋਲੋਂ 15 ਲੱਖ ਰੁਪਏ ਰਿਸ਼ਵਤ ਵਜੋਂ ਮੰਗ ਰਿਹਾ ਸੀ ਪਰ ਸੌਦਾ 11 ਲੱਖ ਰੁਪਏ ‘ਚ ਤੈਅ ਹੋ ਗਿਆ। ਸ਼ਿਕਾਇਤਕਰਤਾ ਸੰਦੀਪ ਸਿੰਘ ਜੂਨੀਅਰ ਇੰਜੀਨੀਅਰ ਸਵਰਨ ਰਾਣੀ ਦਾ ਭਰਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਤੱਥਾਂ ਅਤੇ ਸਬੂਤਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ, ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਯੂ.), ਲੁਧਿਆਣਾ ਦੀ ਵਿਜੀਲੈਂਸ ਟੀਮ ਨੇ ਦੋਸ਼ੀ ਸੁਖਜਿੰਦਰ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਇੱਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਹੈ ਕਿਉਂਕਿ ਬਾਕੀ ਰਕਮ ਬਾਅਦ ਵਿੱਚ ਦਿੱਤੀ ਜਾਣੀ ਸੀ।

ਜੂਨੀਅਰ ਇੰਜੀਨੀਅਰ ਦੇ ਭਰਾ ਸੰਦੀਪ ਸਿੰਘ ਵਲੋਂ ਇਸ ਦੀ ਸੂਚਨਾ ਵਿਜੀਲੈਂਸ ਅਧਿਕਾਰੀਆਂ ਨੂੰ ਦਿੱਤੀ ਗਈ ਤਾਂ ਵਿਜੀਲੈਂਸ ਅਧਿਕਾਰੀਆਂ ਨੇ ਕਾਰਵਾਈ ਕਰਦਿਆਂ ਸੁਖਜਿੰਦਰ ਨੂੰ ਇਕ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਤਹਿਤ ਕਾਬੂ ਕਰ ਲਿਆ ਹੈ ਤੇ ਉਸ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਉਸ ਖ਼ਿਲਾਫ਼ ਲੁਧਿਆਣਾ ਵਿਜੀਲੈਂਸ ਦੀ ਅਪਰਾਧ ਸ਼ਾਖਾ ਵਿਚ ਕੇਸ ਦਰਜ ਕਰ ਲਿਆ ਗਿਆ ਹੈ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment