ਜ਼ੀਰੇ ਨੂੰ ਲੱਗੇ ਮੁਅੱਤਲੀ ਦੇ ਤੜਕੇ ਤੋਂ ਡਰ ਕੇ ਬਗਾਵਤ ਦੀ ਦੌੜ ‘ਚ ਹੁਣ ਬਲਵਿੰਦਰ ਸਿੰਘ ਲਾਡੀ ਰਹਿ ਗਿਆ ਫਾਡੀ

Prabhjot Kaur
4 Min Read

ਚੰਡੀਗੜ੍ਹ : ਤੁਸੀਂ ਸਿਆਣਿਆਂ ਦੇ ਮੂੰਹੋਂ ਇਹ ਗੱਲ ਆਮ ਸੁਣੀ ਹੋਵੇਗੀ ਕਿ ਕਮਾਨ ‘ਚੋਂ ਨਿੱਕਲਿਆ ਤੀਰ ਅਤੇ ਜੁਬਾਨ ‘ਚੋਂ ਨਿੱਕਲੇ ਬੋਲ ਕਦੀ ਵਾਪਸ ਨਹੀਂ ਆਉਂਦੇ ਇਸ ਲਈ ਕੁਝ ਵੀ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਪਰ ਇੰਝ ਲਗਦਾ ਹੈ ਕਿ ਸਿਆਸੀ ਆਗੂਆਂ ਨੇ ਇਹ ਗੱਲ ਕਦੀ ਸੁਣੀ ਹੀ ਨਹੀਂ ਇਸ ਲਈ ਉਹ ਆਪਣੀਆਂ ਸਿਆਸੀ ਰੈਲੀਆਂ ‘ਚ ਹਰ ਦਿਨ ਪਹਿਲਾਂ ਤਾਂ ਬਿਨਾਂ ਹੋਸ਼-ਹਵਾਸ ਤੋਂ ਆਪਣਾ ਕੋਈ ਬਿਆਨ ਦੇ ਦਿੰਦੇ ਹਨ ਤੇ ਬਾਅਦ ‘ਚ ਮਾਫੀ ਮੰਗ ਲੈਂਦੇ ਹਨ। ਅਜਿਹਾ ਹੀ ਹੋਇਆ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨਾਲ ਜਿਸ ਨੇ ਪਹਿਲਾਂ ਤਾਂ ਪੰਜਾਬ ਦਾ ਮੁੰਖ ਮੰਤਰੀ ਬਦਲਣ ਦਾ ਬਿਆਨ ਦੇ ਦਿੱਤਾ ਤੇ ਜਦੋਂ ਚਾਰੇ ਪਾਸੇ ਕੁਝ ਬੱਲੇ-ਬੱਲੇ ਤੇ ਕੁਝ ਨਿੰਦਾ ਕਰਨ ਵਾਲੇ ਲੋਕ ਇਕੱਠੇ ਹੋ ਗਏ ਤਾਂ ਉਸ ਨੇ ਆਪਣੇ ਇਸ ਬਿਆਨ ਤੇ ਝੱਟ ਮਾਫੀ ਮੰਗ ਲਈ ।

ਦੱਸ ਦਈਏ ਕਿ ਕਾਂਗਰਸ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਪ੍ਰਤਾਪ ਸਿੰਘ ਬਾਜਵਾ ਅਤੇ ਫਤਹਿਜੰਗ ਸਿੰਘ ਬਾਜਵਾ ਦੀ ਹਾਜ਼ਰੀ ‘ਚ ਬੋਲਦਿਆਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜਿਵੇਂ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਹਾਈ ਕਮਾਡ ਨਾਲ ਹੋਈ ਮੀਟਿੰਗ ਦੌਰਾਨ ਪੰਜਾਬ ਦੇ ਮੁੱਦਿਆਂ ਨੂੰ ਉਭਾਰਿਆ ਹੈ ਉਸ ਨੇ ਸਾਰਿਆਂ ਨੂੰ ਆਪਣੇ ਵੱਲ ਖਿੱਚਿਆ ਹੈ ਤੇ ਉਹ ਦਿਨ ਦੂਰ ਨਹੀਂ ਹਾਈ ਕਮਾਂਡ ਪੰਜਾਬ ਦੀ ਵਾਗਡੋਰ ਬਾਜਵਾ ਦੇ ਹੱਥ ਵਿੱਚ ਦੇ ਦੇਵੇਗੀ। ਇਸ ਮੌਕੇ ਬਲਵਿੰਦਰ ਸਿੰਘ ਲਾਡੀ ਨੇ ਉੱਥੇ ਮੌਜ਼ੂਦ ਸਾਰੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਆਓ ਸਾਰੇ ਅਰਦਾਸ ਕਰੀਏ ਕਿ ਸਾਡੀ ਇਹ ਮੰਗ ਜਲਦ ਪੂਰੀ ਹੋਵੇ ਤੇ ਪ੍ਰਤਾਪ ਸਿੰਘ ਬਾਜਵਾ ਆਉਂਦੇ ਕੁਝ ਮਹੀਨਿਆਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣਾ ਦਿੱਤੇ ਜਾਣ।

ਪਰ ਜਦੋਂ ਇਸ ਸਬੰਧੀ ਕਾਂਗਰਸ ਪਾਰਟੀ ਵੱਲੋਂ ਪੰਜਾਬ ਮਸਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਸੀ ਕਿ ਅਜਿਹਾ ਕੁਝ ਨਹੀਂ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਰਹਿਣਗੇ। ਉਨ੍ਹਾਂ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਦਾ ਅਜੇ ਕੋਈ ਵਿਚਾਰ ਨਹੀਂ ਹੈ । ਉਨ੍ਹਾਂ ਕਿਹਾ ਸੀ ਕਿ ਵਿਧਾਇਕ ਲਾਡੀ ਨੇ ਜੋ ਕੁਝ ਵੀ ਕਿਹਾ ਹੈ ਉਹ ਉਨ੍ਹਾਂ ਦੀ ਨਿੱਜੀ ਰਾਏ ਹੈ ਪਾਰਟੀ ਨਾਲ ਇਸ ਦਾ ਕੋਈ ਸਬੰਧ ਨਹੀਂ। ਲਿਹਾਜ਼ਾ ਮੁੱਖ ਮੰਤਰੀ ਬਦਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਗੱਲ ਵੱਡੀ ਸੀ ਤੇ ਵਿਰੋਧੀ ਮੁੱਦੇ ਦੇ ਭੁੱਖੇ। ਉੱਤੋਂ ਆਉਂਦੀਆਂ ਲੋਕ ਸਭਾ ਚੋਣਾਂ ਨੇ ਬਲਵਿੰਦਰ ਸਿੰਘ ਲਾਡੀ ਦੇ ਇਸ ਬਿਆਨ ਨੇ ਪੰਜਾਬ ਵਿੱਚ ਤਰਥੱਲੀ ਮਚਾ ਦਿੱਤੀ। ਲਿਹਾਜ਼ਾ ਕਾਂਗਰਸ ਪਾਰਟੀ ਵਿੱਚ ਵੀ ਹਲਚਲ ਹੋਣੀ ਜ਼ਰੂਰੀ ਸੀ ਜੋ ਕਿ ਹੋਈ ਵੀ। ਇਸ ਹਲਚਲ ਦਾ ਹੀ ਨਤੀਜ਼ਾ ਹੈ ਕਿ ਅਗਲੇ ਹੀ ਦਿਨ ਬਲਵਿੰਦਰ ਸਿੰਘ ਲਾਡੀ ਆਪਣੇ ਇਸ ਬਿਆਨ ਲਈ ਮਾਫੀ ਮੰਗਦੇ ਦਿਖਾਈ ਦਿੱਤੇ।ਵਿਧਾਇਕ ਲਾਡੀ ਨੇ ਇਸ ਸਬੰਧੀ ਮਾਫੀ ਮੰਗਦੇ ਹੋਏ ਕਿਹਾ ਹੈ ਕਿ ਉਨ੍ਹਾਂ ਕੋਲੋ ਪਤਾ ਨਹੀ ਕਿਵੇਂ ਗਲਤੀ ਨਾਲ ਅਜਿਹੇ ਬਿਆਨ ਦਿੱਤੇ ਗਏ ਤੇ ਉਨ੍ਹਾਂ ਇਸ ਗਲਤੀ ਲਈ ਮਾਫੀ ਮੰਗਦੇ ਹੋਏ ਕਿਹਾ ਹੈ ਕਿ ਕੈਪਟਨ ਤਾਂ ਉਨ੍ਹਾਂ ਦੇ ਬੌਸ ਹਨ ਤੇ ਉਨ੍ਹਾਂ ਦੀ ਜਗ੍ਹਾ ਹੋਰ ਕੋਈ ਵੀ ਨਹੀਂ ਲੈ ਸਕਦਾ। ਬਲਵਿੰਦਰ ਲਾਡੀ ਨੇ ਮਾਫੀ ਮੰਗਣ ਤੋਂ ਬਾਅਦ ਆਪਣੇ ਸਿਆਸੀ ਬਿਆਨਾਂ ਨਾਲ ਅਕਾਲੀ ਦਲ ਤੇ ਵੀ ਧਾਵਾ ਬੋਲ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਦਾ ਖਜ਼ਾਨਾ ਬਿਲਕੁਲ ਹੀ ਖਾਲੀ ਕਰ ਦਿੱਤਾ ਸੀ ਤੇ ਉਹ ਕੈਪਟਨ ਅਮਰਿੰਦਰ ਸਿੰਘ ਹੀ ਸਨ ਜਿੰਨਾਂ ਨੇ ਪੰਜਾਬ ਦੀ ਅਰਥ ਵਿਵਸਥਾ ਨੂੰ ਠੀਕ ਕੀਤਾ।

- Advertisement -

ਪਹਿਲਾਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਬੋਲੇ ਤੇ ਉਹ ਮਾਫੀ ਮੰਗ ਗਏ ਤੇ ਹੁਣ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੀ ਜ਼ੀਰਾ ਦੇ ਰਾਹ ‘ਤੇ ਤੁਰ ਪਏ ਹਨ। ਇਹ ਜ਼ੀਰਾ ਨੂੰ ਲੱਗੇ ਮੁਅੱਤਲੀ ਦੇ ਤੜਕੇ ਦੀ ਖੁਸ਼ਬੂ ਸੀ ਜਾਂ ਪੰਜਾਬ ਵਿੱਚ ਸੱਤਾਧਾਰੀਆਂ ਵੱਲੋਂ ਵੰਡੀਆਂ ਜਾਣ ਵਾਲੀਆਂ ਚੇਅਰਮੈਨੀਆ ਦੀ ਦੌੜ ਪਾਇਆ ਜਾਣ ਵਾਲਾ ਪ੍ਰੈਸ਼ਰ, ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ, ਪਰ ਪ੍ਰਤੱਖ ਸੱਚਾਈ ਇਹ ਹੈ ਕਿ ਕਾਂਗਰਸੀ ਵਿਧਾਇਕਾਂ ਵੱਲੋਂ ਆਪਣੀ ਹੀ ਸਰਕਾਰ ਵਿਰੁੱਧ ਬੋਲ ਕੇ ਪ੍ਰੈਸ਼ਰ ਪਾਉਣ ਤੋਂ ਬਾਅਦ ਮਾਫੀ ਮੰਗਣ ਨਾਲ ਬਗਾਵਤ ਦੀ ਇਸ ਦੌੜ ਵਿੱਚੋਂ ਇੱਕ ਹੋਰ ਵਿਧਾਇਕ ਫਾਡੀ ਰਹਿ ਗਿਆ ਹੈ।

Share this Article
Leave a comment