ਹਰੇਕ ਜਰੂਰਤਮੰਦ ਵਿਅਕਤੀ ਨੂੰ ਪਿੰਡ ‘ਚ ਮਿਲੇਗਾ ਪੰਜ ਮਰਲੇ ਦਾ ਪਲਾਟ: ਧਰਮਸੋਤ

TeamGlobalPunjab
3 Min Read

ਪਟਿਆਲਾ : ਪੰਜਾਬ ਸਰਕਾਰ ਦੇ ਅਨੂਸੁਚਿਤ ਜਾਤੀ, ਪ੍ਰਿਟਿੰਗ ਸਟੇਸ਼ਨਰੀ, ਘੱਟ ਗਿਣਤੀ ਮਾਮਲੇ ਅਤੇ ਵਣ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਹਰ ਜਰੂਰਤਮੰਦ ਵਿਅਕਤੀ ਨੂੰ ਪਿੰਡ ‘ਚ ਪੰਜ ਮਰਲੇ ਦਾ ਪਲਾਟ ਪੰਜਾਬ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ। ਉਹ ਅੱਜ ਇਥੇ ਬਲਾਕ ਸੰਮਤੀ ਨਾਭਾ ਦੇ ਮੈਂਬਰਾਂ ਦੇ ਨਾਲ ਅਯੋਜਿਤ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਹਰ ਬੇ-ਘਰ ਨੂੰ ਘਰ ਦਿੱਤੇ ਜਾਣ ਦੇ ਵਾਅਦੇ ਦਾ ਹਵਾਲਾ ਦਿੰਦੇ ਹੋਏ ਕੈਬਨਿਟ ਮੰਤਰੀ ਧਰਮਸੋਤ ਨੇ ਨਾਭਾ ਬਲਾਕ ਸੰਮਤੀ ਦੇ ਮੈਂਬਰਾਂ ਨਾਲ ਰੱਖੀ ਗਈ ਮੀਟਿੰਗ ‘ਚ ਸੰਮਤੀ ਦੇ ਮੈਂਬਰਾਂ ਅਤੇ ਸਰਪੰਚਾਂ ਨੂੰ ਪਲਾਟ ਦੀ ਯੋਗਤਾ ਸਬੰਧੀ ਦਿਸ਼ਾ ਨਿਰਦੇਸ਼ਾਂ ਤੋਂ ਜਾਣੂ ਕਰਵਾਇਆ। ਇਸ ਦੌਰਾਨ ਉਹਨਾਂ ਦੱਸਿਆ ਕਿ ਜਿਸ ਵਿਅਕਤੀ ਨੂੰ ਪੰਜ ਮਰਲੇ ਦਾ ਪਲਾਟ ਦਿੱਤਾ ਜਾਣਾ ਹੈ। ਉਹ ਗ੍ਰਾਮ ਸਭਾ ਦਾ ਮੈਂਬਰ ਹੋਣਾ ਚਾਹੀਦਾ ਅਤੇ ਉਸ ਪਿੰਡ ਦਾ ਨਿਵਾਸੀ ਹੋਣਾ ਚਾਹੀਦਾ ਹੈ।
ਕੈਬਨਿਟ ਮੰਤਰੀ ਸ਼੍ਰੀ ਸਾਧੂ ਸਿੰਘ ਧਰਮਸੋਤ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਪਰਿਵਾਰ ਦੇ ਕੋਲ 100 ਤੋਂ 150 ਵਰਗ ਗਜ ਜਮੀਨ ‘ਚ ਪਿੰਡ ਵਿੱਚ ਮਕਾਨ ਬਣਿਆ ਹੈ ਅਤੇ ਪਰਿਵਾਰ ‘ਚ ਪਿਤਾ ਤੋਂ ਇਲਾਵਾ ਵਿਆਹੀਆ ਹੋਇਆ ਪੁੱਤਰ ਵੀ ਹੈ, ਤਾਂ ਉਹ ਰਾਜ ਸਰਕਾਰ ਦੇ ਵੱਲੋਂ ਦਿੱਤੇ ਜਾਣ ਵਾਲੇ ਪੰਜ ਮਰਲੇ ਪਲਾਟ ਦਾ ਹੱਕਦਾਰ ਹੋਵੇਗਾ। ਇਸ ਤੋਂ ਇਲਾਵਾ ਜਿਆਦਾ ਗਰੀਬ ਅਤੇ ਨਾਮਾਤਰ ਜਮੀਨ ਵਾਲੇ ਨੂੰ ਵੀ ਦੋ ਮਰਲੇ ਜਮੀਨ ਰੂੜੀ ਦੇ ਲਈ ਦਿੱਤੀ ਜਾ ਸਕਦੀ ਹੈ। ਨਾਲ ਹੀ ਉਹਨਾਂ ਨੇ ਇਸ ਪ੍ਰਕ੍ਰਿਆ ‘ਚ ਰਾਜਨੀਤੀ ਤੋਂ ਉਪਰ ਉਠ ਕੇ ਬਿਨਾਂ ਕਿਸੀ ਭੇਦਭਾਵ ਤੋਂ ਪੂਰੀ ਪਾਰਦਰਸ਼ਾ ਅਪਣਾਉਣ ਦੇ ਵੀ ਨਿਦਰੇਸ਼ ਦਿੱਤੇ। ਸ਼੍ਰੀ ਧਰਮਸੋਤ ਨੇ ਕਿਹਾ ਕਿ ਇਸ ਲਈ ਬਲਾਕ ਸੰਮਤੀ ਦੇ ਮੈਂਬਰਾਂ ਤੇ ਸਬੰਧਤ ਪਿੰਡ ਦੇ ਸਰਪੰਚ ਦੇ ਨਾਲ ਮਿਲ ਕੇ ਗ੍ਰਾਮ ਪੰਚਾਇਤ ਦੀ ਮੀਟਿੰਗ ‘ਚ ਇਸ ਤਰ੍ਹਾਂ ਦੇ ਪਰਿਵਾਰਾਂ ਦੇ ਨਾਮਾਂ ਦੀ ਪਹਿਚਾਣ ਕਰ ਕੇ ਦੱਸਣਗੇ ਅਤੇ ਬੀ.ਡੀ.ਪੀ.ਓ. ਦਫ਼ਤਰ ਨੂੰ ਜਾਣੂ ਕਰਵਾਉਣਗੇ।
ਇਸ ਮੀਟਿੰਗ ‘ਚ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਪਿੰਡਾਂ ਵਿੱਚ ਮੁਫਤ ਪਾਣੀ ਦੇ ਕੁਨੈਕਸ਼ਨ ਦੇਣ ਸਬੰਧੀ ਵੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਪਿੰਡ ‘ਚ ਸਰਪੰਚ, ਬਲਾਕ ਸੰਮਤੀ ਮੈਂਬਰ, ਪੰਚਾਂ ਅਤੇ ਹੋਰ ਸਾਰੇ ਵਰਗਾਂ ਦੇ ਨੁਮਾਇੰਦਿਆਂ ਦੀ ਬਣਾਈ ਗਈ 11 ਮੈਂਬਰਾਂ ਦੀ ਸੰਮਤੀ ਦੇ ਵੱਲੋਂ ਭੇਜੇ ਗਏ ਪ੍ਰਸਤਾਵ ‘ਤੇ ਪਿੰਡ ਵਿੱਚ ਮੁਫਤ ਪਾਣੀ ਦਾ ਕੁਨੈਕਸ਼ਨ ਦਿੱਤਾ ਜਾਵੇਗਾ।
ਇਸ ਮੌਕੇ ਬਲਾਕ ਸੰਮਤੀ ਦੇ ਚੇਅਰਮੈਨ ਇਛੇਮਾਨ ਸਿੰਘ ਭੋਜੋਮਾਜਰੀ, ਪਰਮਜੀਤ ਸਿੰਘ ਕਲਰਮਾਜਰੀ, ਨਾਭਾ ਬਲਾਕ ਕਾਂਗਰਸ ਦਿਹਾਤੀ ਦੇ ਪ੍ਰਧਾਨ ਸ਼੍ਰੀ ਬਲਵਿੰਦਰ ਸਿੰਘ ਬਿੱਟੂ, ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ, ਬਲਾਕ ਸੰਮਤੀ ਮੈਂਬਰ, ਵੱਖ-ਵੱਖ ਪਿੰਡਾਂ ਦੇ ਪੰਚ, ਸਰਪੰਚਾਂ ਤੋਂ ਇਲਾਵਾ ਬੀ.ਡੀ.ਪੀ.ਓ. ਅਜੈਬ ਸਿੰਘ, ਐਕਸੀਅਨ ਜਲ ਸਪਲਾਈ ਅਮਰੀਕ ਸਿੰਘ, ਐਸ.ਡੀ.ਓ. ਮਹਿੰਦਰ ਸਿੰਘ, ਪੰਚਾਇਤ ਅਫ਼ਸਰ ਪ੍ਰਦੀਪ ਕੁਮਾਰ, ਪੰਚਾਇਤ ਸਕੱਤਰ ਪਰਮਜੀਤ ਸਿੰਘ ਵੀ ਹਾਜਰ ਸਨ।

Share This Article
Leave a Comment