Home / ਓਪੀਨੀਅਨ / ਸੁਮੇਧ ਸੈਣੀ ਚਰਚਾ ਵਿੱਚ ਰਹਿਣ ਵਾਲੇ ਪੁਲਿਸ ਅਫਸਰ

ਸੁਮੇਧ ਸੈਣੀ ਚਰਚਾ ਵਿੱਚ ਰਹਿਣ ਵਾਲੇ ਪੁਲਿਸ ਅਫਸਰ

ਡੈਸਕ : ਪੰਜਾਬ ਦੇ ਕਾਲੇ ਦਿਨਾਂ ਦੌਰਾਨ ਸੁਪਰ ਕੌਪ ਕੇ ਪੀ ਐਸ ਗਿੱਲ ਦੇ ਨਜ਼ਦੀਕੀ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵਿਜੀਲੈਂਸ ਬਿਓਰੋ ਨੇ ਬੁੱਧਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਸੀ।

ਸੁਮੇਧ ਸੈਣੀ 1982 ਬੈਚ ਦੇ ਆਈਪੀਐੱਸ ਅਧਿਕਾਰੀ ਹਨ ਤੇ ਉਹ ਪੰਜਾਬ ਦੇ ਅੱਧੀ ਦਰਜਨ ਜ਼ਿਲ੍ਹਿਆਂ ਜਿਨ੍ਹਾਂ ਵਿੱਚ ਬਟਾਲਾ, ਫਿਰੋਜ਼ਪੁਰ, ਲੁਧਿਆਣਾ, ਬਠਿੰਡਾ, ਰੂਪਨਗਰ ਤੇ ਚੰਡੀਗੜ੍ਹ ਵਿੱਚ ਐਸਐਸਪੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।

ਚੰਡੀਗੜ੍ਹ ਵਿੱਚ ਅਗਸਤ 1991 ਵਿੱਚ ਸੈਣੀ ਜਦੋਂ ਐੱਸਐੱਸਪੀ ਸੀ, ਉਦੋਂ ਉਨ੍ਹਾਂ ਉਪਰ ਸੈਕਟਰ 17 ਵਿੱਚ ਬੰਬ ਨਾਲ ਜਾਨ-ਲੇਵਾ ਹਮਲਾ ਹੋਇਆ ਸੀ। ਇਸ ਘਟਨਾ ਵਿੱਚ ਸੈਣੀ ਤਾਂ ਵਾਲ ਵਾਲ ਬਚ ਗਏ ਪ੍ਰੰਤੂ ਉਨ੍ਹਾਂ ਦੇ ਤਿੰਨ ਸੁਰੱਖਿਆ ਮੁਲਾਜ਼ਮ ਮਾਰੇ ਗਏ ਸਨ। ਸੁਮੇਧ ਸੈਣੀ ਲੁਧਿਆਣਾ ਦੇ ਇਕ ਬਿਜ਼ਨਸਮੈਨ ਅਤੇ ਦੋ ਹੋਰ ਵਿਅਕਤੀਆਂ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਖੁਰਦ ਬੁਰਦ ਕਰਨ ਦਾ ਕੇਸ ਵੀ ਸੀਬੀਆਈ ਕੋਲ ਲੰਬਾ ਸਮਾਂ ਚੱਲਿਆ। ਇਸ ਕੇਸ ਵਿੱਚ ਵਿਨੋਦ ਦੀ ਮਾਂ ਨੇ 24 ਸਾਲ ਕੇਸ ਦੀ ਪੈਰਵੀ ਕੀਤੀ। ਅੰਤ ਸੌ ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ। ਅਦਾਲਤੀ ਕਾਰਵਾਈ ਅੱਜ ਵੀ ਚੱਲ ਰਹੀ ਹੈ।

ਸੁਮੇਧ ਸੈਣੀ ਚੰਡੀਗੜ੍ਹ ਵਿੱਚ ਐਸ ਐਸ ਪੀ ਹੁੰਦੇ ਹੋਏ ਕਾਫੀ ਚਰਚਾ ਵਿੱਚ ਰਹੇ। ਇਕ ਫੌਜੀ ਅਫਸਰ (ਲੈਫਟੀਨੈਂਟ ਕਰਨਲ) ਨਾਲ ਬਦਸਲੂਕੀ ਕਰਨ ਕਾਰਨ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਰਹੇ। ਇਸੇ ਤਰ੍ਹਾਂ ਉਹ ਜਦੋਂ ਬਠਿੰਡਾ ਵਿੱਚ ਐੱਸਐੱਸਪੀ ਸਨ ਤਾਂ ਡੀ ਸੀ ਦੀ ਇਕ ਪਾਰਟੀ ਵਿੱਚ ਇੱਕ ਇੰਜਨੀਅਰ ਨਾਲ ਹੱਥੋਪਾਈ ਹੋਣ ਕਰਕੇ ਵਿਵਾਦਾਂ ਵਿੱਚ ਘਿਰੇ ਰਹੇ। ਭ੍ਰਿਸ਼ਟਾਚਾਰ ਦੇ ਮਾਮਲਿਆਂ ਜਿਨ੍ਹਾਂ ਵਿੱਚ ਰਵੀ ਸਿੱਧੂ ਕੇਸਾਂ ਦੀ ਜਾਂਚ ਨੂੰ ਅੰਜ਼ਾਮ ਦੇਣ ਕਾਰਨ ਵੀ ਸੁਮੇਧ ਸੈਣੀ ਮੀਡੀਆ ਦੀਆਂ ਸੁਰਖੀਆਂ ਵਿੱਚ ਛਾਏ ਰਹੇ।

ਮੀਡੀਆ ਰਿਪੋਰਟਾਂ ਮੁਤਾਬਿਕ ਸੁਮੇਧ ਸੈਣੀ ਅਤੇ ਸਾਬਕਾ ਪੁਲਿਸ ਮੁਖੀ ਕੇ.ਪੀ.ਐੱਸ. ਗਿੱਲ ਦੀ ਪ੍ਰਾਪਤੀਆਂ ਅਤੇ ਵਿਵਾਦਾਂ ਕਾਰਨ ਚਰਚਾ ਵਿੱਚ ਰਹੇ। ਇਨ੍ਹਾਂ ਨੂੰ ਅਤਿਵਾਦ ਦੌਰਾਨ ਲੜਨ ਕਾਰਨ ਬਹਾਦਰ ਪੁਲਿਸ ਅਫ਼ਸਰ ਵੀ ਮੰਨਿਆ ਗਿਆ। ਪਰ ਨਾਲ ਹੀ ਕੁਝ ਲੋਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਕਹਿੰਦੇ ਹਨ।

ਮੀਡੀਆ ਰਿਪੋਰਟਾਂ ਅਨੁਸਾਰ ਸੁਮੇਧ ਸਿੰਘ ਸੈਣੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਰੋਸੇਯੋਗ ਅਫਸਰ ਰਹਿ ਚੁੱਕੇ ਹਨ। ਇਸ ਤੋਂ ਬਾਅਦ ਸਾਲ 2007 ਮਗਰੋਂ ਉਹ ਅਕਾਲੀ ਦਲ ਦੀ 10 ਸਾਲ ਦੀ ਸੱਤਾ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸਨ। ਅਕਾਲੀ-ਭਾਜਪਾ ਸਰਕਾਰ ਦੌਰਾਨ ਸੁਮੇਧ ਸੈਣੀ 2012 ਤੋਂ 2015 ਤੱਕ ਪੰਜਾਬ ਪੁਲਿਸ ਦੇ ਮੁਖੀ ਰਹੇ। ਸਾਲ 2009 ‘ਚ ਸਾਬਕਾ ਚੀਫ਼ ਜਸਟਿਸ ਟੀ ਐਸ ਠਾਕੁਰ ਵੱਲੋਂ ਸੈਣੀ ਉਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਦੇ ਫੋਨ ਟੈਪ ਕਰਨ ਦਾ ਦੋਸ਼ ਲਾਇਆ ਗਿਆ ਸੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਹਿਲੇ ਕਾਰਜ ਕਾਲ ਵਿੱਚ ਸੁਮੇਧ ਸਿੰਘ ਸੈਣੀ ਉਨ੍ਹਾਂ ਦੇ ਭਰੋਸੇਯੋਗ ਅਫ਼ਸਰਾਂ ਦੀ ਸੂਚੀ ਵਿੱਚ ਆਓਂਦੇ ਸਨ। ਪਰ ਅਕਾਲੀ ਸਰਕਾਰ ਦੇ ਕਾਰਜਕਾਲ ਵਿੱਚ ਕੈਪਟਨ ਅਮਰਿੰਦਰ ਸਿੰਘ ਉਪਰ ਲੁਧਿਆਣਾ ਸਿਟੀ ਸੈਂਟਰ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੁਟਾਲੇ ਵਿੱਚ ਸ਼ਾਮਲ ਹੋਣ ਦੇ ਦੋਸ਼ ਲੱਗੇ ਸਨ।

ਇਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤਿਆਂ ਵਿੱਚ ਖਟਾਸ ਪੈਦਾ ਹੋ ਗਈ। ਉਸ ਸਮੇਂ ਸਾਲ 2007-12 ਦੌਰਾਨ ਸੁਮੇਧ ਸੈਣੀ ਪੰਜਾਬ ਵਿਜੀਲੈਂਸ ਦੇ ਮੁਖੀ ਸਨ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਮਗਰੋਂ ਸਿਟੀ ਸੈਂਟਰ ਮਾਮਲੇ ਦੀ ਕਲੋਜ਼ਰ ਰਿਪੋਰਟ ਦਰਜ ਕਰਵਾ ਦਿੱਤੀ ਗਈ ਸੀ। ਇਸ ਦੇ ਖਿਲਾਫ਼ ਸੈਣੀ ਨੇ ਲੁਧਿਆਣਾ ਦੀ ਅਦਾਲਤ ਵਿੱਚ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਅਰਜ਼ੀ ਦਾਇਰ ਕਰ ਦਿੱਤੀ ਸੀ।

ਇਸੇ ਤਰ੍ਹਾਂ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਕੋਟਕਪੂਰਾ ‘ਚ ਸਿੱਖ ਪੈਰੋਕਾਰਾਂ ਵੱਲੋਂ ਪ੍ਰਦਰਸ਼ਨ ਕੀਤਾ ਜਿਨ੍ਹਾਂ ਉਪਰ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਉਸੇ ਦਿਨ ਬਹਿਬਲ ਕਲਾਂ ਵਿੱਚ ਪੁਲਿਸ ਨੇ ਗੋਲੀ ਚਲਾ ਦਿੱਤੀ ਜਿਸ ਵਿਚ ਦੋ ਸਿੱਖ ਨੌਜਵਾਨ ਮਾਰੇ ਗਏ ਸੀ। ਲੋਕਾਂ ਦੇ ਵਿਰੋਧ ਤੋਂ ਬਾਅਦ ਸਰਕਾਰ ਨੇ ਸੈਣੀ ਨੂੰ ਮੁਖੀ ਦੇ ਅਹੁਦੇ ਤੋਂ ਹਟਾ ਕੇ ਸੁਰੇਸ਼ ਅਰੋੜਾ ਨੂੰ ਪੁਲਿਸ ਮੁਖੀ ਲੈ ਦਿੱਤਾ ਸੀ।

Check Also

ਪੰਜਾਬ ਚੋਣਾਂ – ਸਿੱਖਿਆ ਤੇ ਚਰਚਾ, ਕੀ ਕਰਨਾ ਲੋੜੀਏ ? ਉਮੀਦਵਾਰਾਂ ਤੇ ਵੋਟਰਾਂ ਦੋਹਾਂ ਦੇ ਲਈ…

ਡਾ. ਪਿਆਰਾ ਲਾਲ ਗਰਗ   ਸਾਨੂੰ ਸੱਭ ਨੂੰ ਪਤਾ ਹੈ ਕਿ ਸਿੱਖਿਆ ਦੀ ਹਾਲਤ ਮੰਦੀ …

Leave a Reply

Your email address will not be published. Required fields are marked *