ਗੁਰਦਾਸਪੁਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਹੋਏ ਵਾਅਦਿਆਂ ਨੂੰ ਸਿਰਫ ਗੱਪ ਕਹਿੰਦੇ ਹੋਏ ਉਨ੍ਹਾਂ ਨੂੰ ਚੂੰਢੀ ਵੱਢੀ ਹੈ। ਸੁਖਬੀਰ ਨੇ ਕਿਹਾ ਕਿ ਜੇਕਰ ਵਾਅਦੇ ਪੂਰੇ ਹੀ ਨਹੀਂ ਕਰਨੇ ਹੁੰਦੇ ਤਾਂ ਫਿਰ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਲੋਕਾਂ ਨੂੰ ਝੂਠੇ ਦਿਲਾਸੇ ਦੇ ਕੇ ਗੁਮਰਾਹ ਕਰਨ ਦਾ ਕੀ ਫਾਇਦਾ ਹੈ।
ਸੁਖਬੀਰ ਬਾਦਲ ਨੇ ਇੱਥੇ ਬੋਲਦੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮਾਫ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਇਹ ਸਿਰਫ ਝੂਠ ਦਾ ਪੁਲੰਦਾ ਸੀ। ਇਸ ਮੋਕੇ ਤੇ ਉਨ੍ਹਾਂ ਨੇ ਮੁੱਖ ਮੰਤਰੀ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਵੱਲੋਂ ਨੌਜਵਾਨਾਂ ਨੂੰ ਸਮਾਰਟਫੋਨ ਵੰਡਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਸਿਰਫ ਗ੍ਰੈਜੂਏਟ ਨੌਜਵਾਨਾਂ ਲਈ ਇਹ ਐਲਾਨ ਕਰਕੇ ਉਹ ਸਿਰਫ ਝੂਠ ਬੋਲ ਰਹੇ ਹਨ। ਇਸ ਦੇ ਲਈ ੳਨ੍ਹਾਂ ਨੂੰ ਗਿੰਨੀ ਵਰਲਡ ਰਿਕਾਰਡ ਦੇ ਕੇ ਸਨਮਾਨਿਤ ਕਰਨਾ ਚਾਹੀਦਾ ਹੈ।
ਇਸ ਮੋਕੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਮੁੱਖ ਮੰਤਰੀ ਵੱਲੋਂ ਕੀਤੇ ਗਏ ਸਮਾਰਟਫੋਨ ਦੇ ਵਾਅਦਿਆਂ ਨੂੰ ਝੂਠਾ ਕਹਿ ਕੇ ਕੈਪਟਨ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਹੋਣ ਕਾਰਨ ਕੈਪਟਨ ਸਿਰਫ ਲਾਰੇ ਲਾ ਰਿਹਾ ਹੈ ਪਰ ਪੰਜਾਬ ਦੇ ਲੋਕ ਇਹ ਸਭ ਸਮਝ ਚੁੱਕੇ ਹਨ ਕਿ ਕਾਂਗਰਸ ਉੱਪਰ ਯਕੀਨ ਕਰਨਾ ਆਪਣੇ ਆਪ ਨਾਲ ਧੋਖਾ ਕਰਨਾ ਹੈ।