Home / ਪੰਜਾਬ / ਸਿਫਰ ਕਾਲ ਨੂੰ ਹੋਰ ਉਪਯੋਗੀ ਤੇ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ: ਅਜਾਇਬ ਸਿੰਘ ਭੱਟੀ

ਸਿਫਰ ਕਾਲ ਨੂੰ ਹੋਰ ਉਪਯੋਗੀ ਤੇ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ: ਅਜਾਇਬ ਸਿੰਘ ਭੱਟੀ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਦੇਹਰਾਦੂਨ (ਉਤਰਾਖੰਡ) ਵਿਖੇ ਕਰਾਈ ਗਈ ਭਾਰਤ ਦੀਆਂ ਵਿਧਾਨਕ ਸੰਸਥਾਵਾਂ  ਦੇ ਪ੍ਰੀਜ਼ਾਈਡਿੰਗ ਅਫ਼ਸਰਾਂ ਦੀ 77ਵੀਂ ਕਾਨਫਰੰਸ ਵਿੱਚ ਪੰਜਾਬ ਦੀ ਨੁਮਾਇੰਦਗੀ ਕੀਤੀ। ਇਸ ਦੋ-ਰੋਜ਼ਾ ਕਾਨਫਰੰਸ ਦੌਰਾਨ ‘ਪਾਰਲੀਮਾਨੀ ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਸਿਫਰ ਕਾਲ ਸਮੇਤ ਸਦਨ ਦੀ ਅੰਦਰੂਨੀ ਕਾਰਜਵਿਧੀ ਰਾਹੀਂ ਸਮਰਥਾ ਵਧਾਉਣ’ ਬਾਰੇ ਵਿਸ਼ੇ ਉਤੇ ਵਿਚਾਰ ਵਟਾਂਦਰੇ ਦੌਰਾਨ ਡਿਪਟੀ ਸਪੀਕਰ ਨੇ ਕਿਹਾ ਕਿ ਕਾਨੂੰਨਸਾਜ਼ਾਂ ਦੀ ਪਾਰਲੀਮਾਨੀ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਹੁੰਦੀ ਹੈ। ਜਮਹੂਰੀਅਤ ਵਿੱਚ ਲੋਕਾਂ ਦੇ ਨੁਮਾਇੰਦਿਆਂ ਦੀ ਨਵੇਂ ਕਾਨੂੰਨ ਬਣਾਉਣ, ਬਜਟ ਮਨਜ਼ੂਰ ਕਰਨ ਅਤੇ ਦੇਸ਼ ਦੇ ਨਾਗਰਿਕਾਂ ਦੇ ਵਡੇਰੇ ਹਿੱਤਾਂ ਵਿੱਚ ਫੈਸਲੇ ਲੈਣ ਵਿੱਚ ਵੱਡੀ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆਪਣੇ ਹਲਕੇ, ਰਾਜ ਅਤੇ ਦੇਸ਼ ਦੇ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਉਠਾਉਣ ਲਈ ਪ੍ਰਸ਼ਨ ਕਾਲ ਅਤੇ ਧਿਆਨ ਦਿਵਾਊ ਮਤਿਆਂ ਦੀ ਵਰਤੋਂ ਕਰਦੇ ਹਨ। ਇਨ੍ਹਾਂ ਵਿੱਚੋਂ ਸਿਫਰ ਕਾਲ ਲੋਕਾਂ ਦੇ ਮਸਲਿਆਂ ‘ਤੇ ਰੋਸ਼ਨੀ ਪਾਉਣ ਵਾਲਾ ਬੇਹੱਦ ਅਹਿਮ ਸਮਾਂ ਹੁੰਦਾ ਹੈ, ਜੋ ਲੋਕਾਂ ਦੇ ਮਹੱਤਵਪੂਰਨ ਮੁੱਦਿਆਂ ਨੂੰ ਹੱਲ ਕਰਨ ਵਿੱਚ ਸਹਾਈ ਹੁੰਦਾ ਹੈ। ਭੱਟੀ ਨੇ ਸੁਝਾਅ ਦਿੱਤਾ ਕਿ ਇਸ ਸਬੰਧੀ ਕੁਝ ਦਿਸ਼ਾ-ਨਿਰਦੇਸ਼ ਅਤੇ ਨਿਯਮ ਤਿਆਰ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਸਿਫਰ ਕਾਲ ਵਿੱਚ ਸਮੇਂ ਅਤੇ ਊਰਜਾ ਨੂੰ ਬਚਾਇਆ ਜਾ ਸਕੇ ਅਤੇ ਲੋਕਾਂ ਨਾਲ ਸਬੰਧਤ ਮਾਮਲਿਆਂ ਦਾ ਤੁਰੰਤ ਅਤੇ ਗੰਭੀਰਤਾ ਨਾਲ ਮੁਲਾਂਕਣ ਕੀਤਾ ਜਾ ਸਕੇ। ਸਿਫਰ ਕਾਲ ਦੌਰਾਨ ਸਿਰਫ਼ ਜਨਤਕ ਹਿੱਤਾਂ ਦੇ ਬੇਹੱਦ ਅਹਿਮ ਮਸਲਿਆਂ ਨੂੰ ਹੀ ਉਠਾਉਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਸਮੇਂ ਨੂੰ ਹੋਰ ਉਪਯੋਗੀ, ਪ੍ਰਭਾਵਸ਼ਾਲੀ ਅਤੇ ਲਾਭਕਾਰੀ ਬਣਾਇਆ ਜਾ ਸਕੇ। ਡਿਪਟੀ ਸਪੀਕਰ ਨੇ ਕਿਹਾ ਕਿ ਜਮਹੂਰੀਅਤ ਵਿੱਚ ਰਾਜਸੀ ਪਾਰਟੀਆਂ ਦੀਆਂ ਵਿਚਾਰਧਾਰਾਵਾਂ ‘ਚ ਵੱਡੇ ਅੰਤਰ ਹੁੰਦੇ ਹਨ, ਜਿਨ੍ਹਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਕਾਨੂੰਨਸਾਜ਼ਾਂ ਦੇ ਵਿਚਾਰਾਂ ਅਤੇ ਨਜ਼ਰੀਏ ਵਿਚਲੀ ਵਿਭਿੰਨਤਾ ਅਤੇ ਇਸ ਵਿਭਿੰਨਤਾ ਦੇ ਪ੍ਰਗਟਾਵੇ ਦੀ ਆਜ਼ਾਦੀ ਹੀ ਲੋਕਤੰਤਰ ਦੀ ਅਸਲ ਭਾਵਨਾ ਹੈ, ਜਿਸ ਨੂੰ ਹਰ ਹਾਲ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ। ਇਸ ਕਾਨਫਰੰਸ ਵਿੱਚ ਲੋਕ ਸਭਾ ਦੇ ਸਪੀਕਰ  ਓਮ ਬਿਰਲਾ, ਉਤਰਾਖੰਡ ਦੇ ਰਾਜਪਾਲ ਸ੍ਰੀਮਤੀ ਬੇਬੀ ਰਾਣੀ ਮੌਰਿਯਾ, ਮੁੱਖ ਮੰਤਰੀ ਸ਼੍ਰੀ ਤ੍ਰਿਵੇਂਦਰ ਸਿੰਘ ਰਾਵਤ ਤੋਂ ਇਲਾਵਾ ਦੇਸ਼ ਦੀਆਂ ਤਕਰੀਬਨ ਸਾਰੀਆਂ ਵਿਧਾਨ ਸਭਾਵਾਂ ਦੇ ਪ੍ਰੀਜ਼ਾਈਡਿੰਗ ਅਧਿਕਾਰੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ।

Check Also

ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਜੰਮੂ ਕਸ਼ਮੀਰ ਦੇ ਕਰੀਬ 600 ਪ੍ਰਵਾਸੀ ਮਜ਼ਦੂਰਾਂ ਦੀ ਕਰਫਿਊ ਦੌਰਾਨ ਠਹਿਰਣ ਲਈ ਕੀਤੀ ਗਈ ਵਿਵਸਥਾ

ਪਠਾਨਕੋਟ :  ਜ਼ਿਲ੍ਹਾ ਪਠਾਨਕੋਟ ਦੇ ਨਾਲ ਲਗਦੀ ਜੰਮੂ ਕਸਮੀਰ ਦੀ ਸਰਹੱਦ ਦੇ ਭਾਰੀ ਸੰਖਿਆ ਵਿੱਚ …

Leave a Reply

Your email address will not be published. Required fields are marked *