ਨਵੀਂ ਦਿੱਲੀ: ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ 1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਬੁੱਧਵਾਰ ਨੂੰ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਉਸ ਵੇਲੇ ਦੇ ਗ੍ਰਹਿ ਮੰਤਰੀ ਪੀ.ਵੀ ਨਰਸਿਮ੍ਹਾ ਰਾਓ ਨੇ ਇੰਦਰ ਕੁਮਾਰ ਗੁਜਰਾਲ ਦੀ ਗੱਲ ‘ਤੇ ਧਿਆਨ ਦਿੱਤਾ ਹੁੰਦਾ ਤਾਂ 1984 ਵਿੱਚ ਹੋਏ ਸਿੱਖ ਵਿਰੋਧੀ ਹਮਲੇ ਦੀਆਂ ਘਟਨਾਵਾਂ ਨੂੰ ਟਾਲਿਆ ਜਾ ਸਕਦੀ ਸੀ। ਸਾਬਕਾ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੇ ਸਿਆਸਤ ਗਰਮਾ ਦਿੱਤੀ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਆਪੋ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੇ ਕਾਂਗਰਸ ਨੂੰ ਬਿਲਕੁਲ ਬੇਨਿਕਾਬ ਕਰਕੇ ਰੱਖ ਦਿੱਤਾ ਹੈ।
ਉਨ੍ਹਾਂ ਕਿਹਾ ਕਿ 1984 ਵਿੱਚ ਕਤਲੇਆਮ ਲਈ ਹੁਣ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਕਿਸੇ ਤਰ੍ਹਾਂ ਦੇ ਸਬੂਤ ਦੀ ਲੋੜ ਨਹੀਂ ਹੈ। ਮਜੀਠੀਆ ਨੇ ਕਿਹਾ ਕਿ ਉਸ ਸਮੇਂ ਉਹ ਸਿੱਖ ਕਤਲੇਆਮ ਗਾਂਧੀ ਪਰਿਵਾਰ ਦੇ ਕਹਿਣ ‘ਤੇ ਹੀ ਹੋਇਆ ਸੀ। ਮਜੀਠੀਆ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਆਪਣੇ ਬਿਆਨ ਰਾਹੀਂ ਉਸ ਸਮੇਂ ਹੋਏ ਧੱਕੇ ਨੂੰ ਕਬੂਲਿਆ ਹੈ।
ਬਿਕਰਮ ਸਿੰਘ ਮਜੀਠੀਆ ਨੇ ਬੋਲਦਿਆਂ ਕਿਹਾ ਕਿ ਉਸ ਸਮੇਂ ਜਦੋਂ ਦਿੱਲੀ ਵਿੱਚ ਇੰਨਾ ਵੱਡਾ ਕਤਲੇਆਮ ਹੋਇਆ ਸੀ ਤਾਂ ਉਸ ਸਮੇਂ ਕਾਂਗਰਸ ਦੇ ਰਾਜੀਵ ਗਾਂਧੀ ਨੇ ਹਮਦਰਦੀ ਪ੍ਰਗਟ ਕਰਨ ਦੀ ਬਜਾਏ ਇਹ ਬਿਆਨ ਦਿੱਤਾ ਸੀ ਕਿ ਜਦੋਂ ਵੀ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਤਾਂ ਹਿੱਲਦੀ ਹੀ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਹੋਏ ਸਿੱਖ ਕਤਲੇਆਮ ‘ਚ ਸਿਰਫ ਕਾਂਗਰਸੀਆਂ ਦਾ ਹੀ ਹੱਥ ਸੀ। ਮਜੀਠੀਆ ਨੇ ਇੱਥੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਵਾਲ ਕੀਤਾ ਕਿ ਸਾਰਾ ਕੁਝ ਸਪੱਸ਼ਟ ਹੋ ਜਾਣ ਤੋਂ ਬਾਅਦ ਵੀ ਜੇਕਰ ਉਹ ਗਾਂਧੀ ਪਰਿਵਾਰ ਦੀ ਚਾਪਲੂਸੀ ਕਰਕੇ ਹਨ ਤਾਂ ਇਹ ਸਿੱਧ ਹੋ ਜਾਵੇਗਾ ਕਿ ਕਾਂਗਰਸ ਨੂੰ ਸਿਰਫ ਕੁਰਸੀ ਪਿਆਰੀ ਹੈ।