ਅੰਮ੍ਰਿਤਸਰ: ਪਾਕਿਸਤਾਨ ਸਰਕਾਰ ਨੇ ਇਸ ਵਾਰ ਵਿਸਾਖੀ ਉਤੇ ਤਿੰਨ ਹਜ਼ਾਰ ਤੋਂ ਵੱਧ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਦੇਣ ਦਾ ਫ਼ੈਸਲਾ ਲਿਆ ਹੈ। ਕਰਤਾਰਪੁਰ ਲਾਂਘੇ ਦੀ ਉਸਾਰੀ ‘ਤੇ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਇੰਨੀ ਵੱਡੀ ਗਿਣਤੀ ਵਿਚ ਵੀਜ਼ਾ ਦੇ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸ਼ਾਂਤੀ ਦਾ ਸੁਨੇਹਾ ਦੇਣ ਦੀ ਕੂਟਨੀਤੀ ‘ਤੇ ਅਮਲ ਕਰ ਰਹੇ ਹਨ।
ਸੂਤਰਾਂ ਦੇ ਮੁਤਾਬਕ ਪਾਕਿਸਤਾਨ ਸਰਕਾਰ ਨੇ ਦਿੱਲੀ ਸਥਿਤ ਅਪਣੇ ਦੂਤਾਵਾਸ ਨੂੰ ਨਿਰਦੇਸ਼ ਦਿਤੇ ਹਨ ਕਿ ਜਦੋਂ ਵੀ ਉਨ੍ਹਾਂ ਦੇ ਕੋਲ ਪਾਸਪੋਰਟ ਪੁੱਜੇ, ਉਸ ਤੋਂ ਦਸ ਦਿਨ ਬਾਅਦ ਵੀਜ਼ਾ ਜਾਰੀ ਕਰ ਦਿਤਾ ਜਾਵੇ। ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਹਰ ਸਹੂਲਤ ਦੇਣ ਲਈ ਪਾਕਿਸਤਾਨ ਵਕਫ਼ ਬੋਰਡ ਨੇ 18 ਮਾਰਚ ਨੂੰ ਇਕ ਬੈਠਕ ਲਾਹੌਰ ਵਿਖੇ ਬੁਲਾਈ ਹੈ। ਇਸ ਬੈਠਕ ਵਿਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਕਈ ਹੋਰ ਅਧਿਕਾਰੀ ਵੀ ਸ਼ਾਮਿਲ ਹੋਣਗੇ।
ਐਸਜੀਪੀਸੀ, ਭਾਈ ਮਰਦਾਨਾ ਯਾਦਗਾਰੀ ਕਮੇਟੀ, ਦਿੱਲੀ ਕਮੇਟੀ ਅਤੇ ਹੋਰ ਸੰਗਠਨ ਵਿਸਾਖੀ ਦੇ ਤਿਓਹਾਰ ਉਤੇ ਪਾਕਿਸਤਾਨ ਜੱਥੇ ਭੇਜਦੇ ਹਨ। ਪਿਛਲੇ ਕਈ ਸਾਲਾਂ ਤੋਂ ਦਿੱਲੀ ਸਥਿਤ ਪਾਕਿਸਤਾਨੀ ਦੂਤਾਵਾਸ ਨੇ ਐਸਜੀਪੀਸੀ ਵਲੋਂ ਭੇਜੇ ਜਾਣ ਵਾਲੇ 1700 ਯਾਤਰੀਆਂ ਵਿਚੋਂ ਕਈਆਂ ਨੂੰ ਵੀਜ਼ਾ ਜਾਰੀ ਨਹੀਂ ਕੀਤਾ ਸੀ। ਐਸਜੀਪੀਸੀ ਨੇ ਕਈ ਵਾਰ ਇਸ ਸੰਦਰਭ ਵਿਚ ਪਾਕਿਸਤਾਨ ਦੂਤਾਵਾਸ ਨੂੰ ਸ਼ਿਕਾਇਤ ਵੀ ਕੀਤੀ ਸੀ ਪਰ ਕੋਈ ਵੀ ਸਾਰਥਕ ਨਤੀਜਾ ਨਹੀਂ ਨਿਕਲਿਆ।