Home / ਓਪੀਨੀਅਨ / ਵਿਸ਼ਵ ਯੂਥ ਸਕਿੱਲਜ਼ ਡੇਅ – ਵਧਦੀ ਬੇਕਾਰੀ ਨੂੰ ਠੱਲ੍ਹ ਪਾ ਸਕਦੀ ਹੈ ਕਿੱਤਾਮੁਖੀ ਤੇ ਤਕਨੀਕੀ ਸਿੱਖਿਆ

ਵਿਸ਼ਵ ਯੂਥ ਸਕਿੱਲਜ਼ ਡੇਅ – ਵਧਦੀ ਬੇਕਾਰੀ ਨੂੰ ਠੱਲ੍ਹ ਪਾ ਸਕਦੀ ਹੈ ਕਿੱਤਾਮੁਖੀ ਤੇ ਤਕਨੀਕੀ ਸਿੱਖਿਆ

-ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਨੌਜਵਾਨਾਂ ਵਿੱਚ ਬੇਕਾਰੀ ਦੇ ਕਾਲੇ ਨਾਗ ਨੇ ਪੂਰੀ ਦੁਨੀਆਂ ਨੂੰ ਆਪਣੇ ਲਪੇਟੇ ਵਿੱਚ ਲਿਆ ਹੋਇਆ ਹੈ ਤੇ ਦੁਨੀਆਂ ਦੇ ਹਰੇਕ ਮੁਲਕ ਵਿੱਚ ਪੜ੍ਹੇ ਲਿਖੇ ਹੋ ਕੇ ਵੀ ਬੇਕਾਰੀ ਦੇ ਸ਼ਿਕਾਰ ਬਣ ਕੇ ਅਸੰਖਾਂ ਨੌਜਵਾਨ ਨਿਰਾਸ਼ਾ ਤੇ ਹਤਾਸ਼ਾ ਦੇ ਆਲਮ ਵਿੱਚ ਜੁਰਮ,ਨਸ਼ਿਆਂ ਅਤੇ ਖ਼ੁਦਕੁਸ਼ੀਆਂ ਦੀ ਦਲਦਲ ਵਿੱਚ ਧੱਸਦੇ ਜਾ ਰਹੇ ਹਨ। ਵੱਖ ਵੱਖ ਮੁਲਕਾਂ ਵਿੱਚ ਬੇਕਾਰੀ ਦੇ ਕਾਰਨ ਵੱਖ ਵੱਖ ਹਨ। ਕਿਧਰੇ ਵਧਦੀ ਵੱਸੋਂ, ਕਿਧਰੇ ਉਚਾ ਹੁੰਦਾ ਅਕਾਦਮਿਕ ਪੱਧਰ, ਵਿਸ਼ਵ ਵਿਆਪੀ ਮੰਦੀ ਤੇ ਕਿਧਰੇ ਸੱਤਾਧਾਰੀ ਧਿਰ ਦੀਆਂ ਅਸਫ਼ਲ ਆਰਥਿਕ ਤੇ ਉਦਯੋਗਿਕ ਨੀਤੀਆਂ ਵਧਦੀ ਬੇਕਾਰੀ ਦੇ ਕਾਰਨ ਹੋ ਨਿੱਬੜੇ ਹਨ। ਸਮੂਹ ਮੁਲਕਾਂ ਦੇ ਨੁਮਾਇੰਦਿਆਂ ਦਾ ਇਕੱਠ ਕਰਕੇ ਬਣਾਏ ਗਏ ਵਿਸ਼ਵ ਪੱਧਰੀ ਸੰਗਠਨ ਸੰਯੁਕਤ ਰਾਸ਼ਟਰ ਸੰਘ ਨੂੰ ਇਸ ਵਿਸ਼ਵ ਵਿਆਪੀ ਸਮੱਸਿਆ ਦੀ ਭਾਰੀ ਚਿੰਤਾ ਹੈ ਤੇ ਇਸੇ ਚਿੰਤਾ ਦੇ ਤਹਿਤ ਸੰਨ 2014 ਵਿੱਚ ਸੰਯੁਕਤ ਰਾਸ਼ਟਰ ਦੀ ਆਮ ਸਭਾ ਨੇ ਹਰ ਸਾਲ 15 ਜੁਲਾਈ ਨੂੰ ‘ਵਿਸ਼ਵ ਯੂਥ ਸਕਿੱਲਜ਼ ਡੇਅ’ ਮਨਾਉਣ ਦੀ ਸ਼ੁਰੂਆਤ ਕੀਤੀ ਸੀ ਤਾਂ ਜੋ ਹਰ ਸਾਲ ਚੇਤੇ ਨਾਲ ਇਸ ਸਮੱਸਿਆ ਨੂੰ ਹੱਲ ਕਰਨ ਲਈ ਵਿਸ਼ੇਸ਼ ੳੁੱਦਮ ਕੀਤੇ ਜਾ ਸਕਣ ਤੇ ਲੋੜੀਂਦੇ ਕਦਮ ਚੁੱਕੇ ਜਾ ਸਕਣ।

ਇਸ ਦਿਵਸ ਮੌਕੇ ਵਿਸ਼ਵ ਪੱਧਰ ‘ਤੇ ਨੌਜਵਾਨਾਂ,ਤਕਨੀਕੀ ਤੇ ਕਿੱਤਾ ਮੁਖੀ ਸਿੱਖਿਆ ਸੰਸਥਾਵਾਂ, ਨੌਕਰੀਦਾਤਾ ਸੰਗਠਨਾਂ ਤੇ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਨੀਤੀਘਾੜਿਆਂ ਦਰਮਿਆਨ ਸੰਵਾਦ ਰਚਾਇਆ ਜਾਂਦਾ ਹੈ ਤੇ ਬੇਕਾਰੀ ਨੂੰ ਠੱਲ੍ਹ ਪਾਉਣ ਹਿੱਤ ਰਸਤੇ ਕੱਢੇ ਜਾਂਦੇ ਹਨ। ਕੌੜਾ ਸੱਚ ਇਹ ਵੀ ਹੈ ਕਿ ਕੋਵਿਡ-19 ਦੁਆਰਾ ਸਾਲ 2019 ਤੋਂ ਦੁਨੀਆਂ ਭਰ ਵਿੱਚ ਮਚਾਈ ਗਈ ਤਬਾਹੀ ਨੇ ਬੇਕਾਰਾਂ ਦੀ ਸੰਖਿਆ ਵਿੱਚ ਭਾਰੀ ਵਾਧਾ ਕਰਦਿਆਂ ਹੋਇਆਂ ਬੇਕਾਰੀ ਘੱਟ ਕਰਨ ਦੇ ਸਾਰੇ ਯਤਨਾਂ ‘ਤੇ ਪਾਣੀ ਫੇਰ ਦਿੱਤਾ ਹੈ। ਹਾਲਾਤ ਠੀਕ ਹੋਣ ਵਿੱਚ ਜਿੰਨਾ ਜ਼ਿਆਦਾ ਵਕਤ ਲੱਗ ਰਿਹਾ ਹੈ ਬੇਕਾਰੀ ਦੇ ਕਾਲੇ ਨਾਗ ਦਾ ਡੰਗ ਓਨਾ ਹੀ ਤਿੱਖਾ ਹੁੰਦਾ ਜਾ ਰਿਹਾ ਹੈ।

ਦਰਅਸਲ ਸੰਯੁਕਤ ਰਾਸ਼ਟਰ ਸੰਘ ਦਾ ਇਹ ਮੰਨਣਾ ਹੈ ਕਿ ਬਦਲਦੀਆਂ ਵਿੱਦਿਅਕ ਨੀਤੀਆਂ ਅਤੇ ਸਮਾਜਿਕ ਹਾਲਾਤਾਂ ਦੇ ਮੱਦੇਨਜ਼ਰ ਹਰੇਕ ਪੜ੍ਹੇ ਲਿਖੇ ਨੌਜਵਾਨ ਨੂੰ ਸਰਕਾਰੀ ਜਾਂ ਨਿਜੀ ਖੇਤਰ ਵਿੱਚ ਨੌਕਰੀਆਂ ਉਪਲਬਧ ਕਰਵਾਉਣਾ ਕਿਸੇ ਵੀ ਮੁਲਕ ਲਈ ਸੰਭਵ ਨਹੀਂ ਹੈ ਇਸ ਲਈ ਹਰੇਕ ਮੁਲਕ ਨੂੰ ਸਕੂਲੀ ਅਤੇ ਕਾਲਜੀ ਵਿੱਦਿਆ ਨੂੰ ਤਕਨੀਕੀ ਅਤੇ ਕਿੱਤਾਮੁਖੀ ਬਣਾਉਣਾ ਪਵੇਗਾ ਤਾਂ ਜੋ ਨੌਜਵਾਨਾਂ ਨੂੰ ਨੌਕਰੀਆਂ ਲਈ ਲੱਗੀਆਂ ਲੰਮੀਆਂ ਕਤਾਰਾਂ ‘ਚੋਂ ਕੱਢ ਕੇ ਸਵੈ-ਰੁਜ਼ਗਾਰ ਤੇ ਆਤਮ ਨਿਰਭਰਤਾ ਵੱਲ ਤੋਰਿਆ ਜਾ ਸਕੇ ਤੇ ਹਰੇਕ ਹੱਥ ਨੂੰ ਰੁਜ਼ਗਾਰ ਪ੍ਰਦਾਨ ਕਰਕੇ ਜੁਰਮ ਅਤੇ ਨਸ਼ਿਆਂ ਦੇ ਲੜ ਲੱਗਣ ਤੋਂ ਰੋਕਿਆ ਜਾ ਸਕੇ। ਸਾਲ 2016 ਵਿੱਚ ਦੁਨੀਆ ਭਰ ਅੰਦਰ ਚੰਗੀ ਸਿੱਖਿਆ,ਸਿਖਲਾਈ ਅਤੇ ਢੁਕਵੇਂ ਰੁਜ਼ਗਾਰ ਤੋਂ ਵਾਂਝੇ ਨੌਜਵਾਨਾਂ ਦੀ ਸੰਖਿਆ 259 ਮਿਲੀਅਨ ਸੀ ਜੋ ਕਿ ਤਾਜ਼ਾ ਅੰਕੜਿਆ ਅਨੁਸਾਰ ਸਾਲ 2021 ਵਿੱਚ ਵਧ ਕੇ 273 ਮਿਲੀਅਨ ਹੋ ਚੁੱਕੀ ਹੈ। ਇੱਕ ਸਰਵੇਖਣ ਅਨੁਸਾਰ ਸੰਨ 1997 ਤੋਂ ਲੈ ਕੇ 2017 ਤੱਕ ਦੇ 20 ਸਾਲਾਂ ਵਿੱਚ ਨੌਜਵਾਨਾਂ ਦੀ ਸੰਖਿਆ ਵਿੱਚ 139 ਮਿਲੀਅਨ ਦਾ ਵਾਧਾ ਹੋਇਆ ਸੀ ਜਦੋਂ ਕਿ ਰੁਜ਼ਗਾਰ ‘ਤੇ ਲੱਗੇ ਨੌਜਵਾਨਾਂ ਦੀ ਸੰਖਿਆ ਵਿੱਚ 58.7 ਮਿਲੀਅਨ ਗਿਰਾਵਟ ਦਰਜ ਕੀਤੀ ਗਈ ਸੀ। ਇੱਥੋਂ ਤੱਕ ਕਿ ਅਜੋਕੇ ਸਮੇਂ ਵਿੱਚ ਵੀ ਵਿਕਾਸਸ਼ੀਲ ਮੁਲਕਾਂ ਅੰਦਰ ਹਰੇਕ ਪੰਜ ਨੌਜਵਾਨਾਂ ਵਿੱਚੋਂ ਦੋ ਨੌਜਵਾਨਾਂ ਦੀ ਰੋਜ਼ਾਨਾ ਦੀ ਆਮਦਨ ਔਸਤਨ ਤਿੰਨ ਡਾਲਰ ਦੇ ਕਰੀਬ ਹੈ।

ਸੋ, ਇਨ੍ਹਾਂ ਭਿਆਨਕ ਤੇ ਡਰਾ ਦੇਣ ਵਾਲੇ ਅੰਕੜਿਆਂ ਨੂੰ ਕਾਬੂ ਕਰਨ ਹਿੱਤ ਸਾਰੇ ਮੁਲਕਾਂ ਅੰਦਰ ਸਕੂਲੀ ਸਿੱਖਿਆ ਨੂੰ ਕਿੱਤਾਮੁਖੀ ਬਣਾਉਣ ਦਾ ਸੁਝਾਅ ਦਿੱਤਾ ਗਿਆ ਹੈ। ਇਸੇ ਸੋਚ ਤਹਿਤ ਭਾਰਤ ਦੇ ਸਰਕਾਰੀ ਸਕੂਲਾਂ ਵਿੱਚ ਵੀ ਐਨ.ਐਸ.ਕਿਊ.ਐਫ਼ ਭਾਵ ਨੈਸ਼ਨਲ ਸਕਿੱਲ ਕੁਆਲੀਫ਼ਿਕੇਸ਼ਨ ਫ਼ਰੇਮਵਰਕ ਯੋਜਨਾ ਤਹਿਤ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀ-ਵਿਦਿਆਰਥਣਾਂ ਨੂੰ ਬਾਕੀ ਆਮ ਅਤੇ ਜ਼ਰੂਰੀ ਵਿਸ਼ਿਆਂ ਦੀ ਪੜ੍ਹਾਈ ਕਰਵਾਉਣ ਦੇ ਨਾਲ ਨਾਲ ਵੱਖ ਵੱਖ ਪ੍ਰਕਾਰ ਦੇ ਕਿੱਤਾਮੁਖੀ ਕੋਰਸ ਕਰਵਾਏ ਜਾਣੇ ਸ਼ੁਰੂ ਕੀਤੇ ਗਏ ਹਨ ਤਾਂ ਜੋ ਆਪਣੇ ਪਰਿਵਾਰਕ ਜਾਂ ਵਿੱਤੀ ਕਾਰਨਾਂ ਕਰਕੇ ਸਕੂਲੀ ਪੜ੍ਹਾਈ ਤੋਂ ਅੱਗੇ ਨਾ ਪੜ੍ਹ ਸਕਣ ਵਾਲੇ ਬੱਚੇ ਵੀ ਸਵੈ-ਰੁਜ਼ਗਾਰ ਰਾਹੀਂ ਆਪਣੀ ਰੋਜ਼ੀ ਰੋਟੀ ਕਮਾ ਸਕਣ ਤੇ ਆਪਣਾ ਪਰਿਵਾਰ ਪਾਲ ਸਕਣ। ਵਧਦੀ ਬੇਕਾਰੀ ਨੂੰ ਕਾਬੂ ਕਰਨ ਹਿੱਤ ਅਜਿਹੇ ਕਦਮਾਂ ਤੇ ਉੱਦਮਾਂ ਦੀ ਭਾਰੀ ਲੋੜ ਹੈ। ਅੱਜ 15 ਜੁਲਾਈ, 2021 ਨੂੰ ਯੂਨੇਸਕੋ ਦੇ ਉਦਮ ਨਾਲ ‘ ਰੀਇਮੇਜਨਿੰਗ ਯੂਥ ਸਕਿੱਲਜ਼ ਪੋਸਟ ਪੈਂਡੇਮਿਕ’ ਭਾਵ ‘ਮਹਾਂਮਾਰੀ ਉਪਰੰਤ ਨੌਜਵਾਨਾਂ ਦੀ ਕਿੱਤਾਮਖੀ ਸਿਖਲਾਈ ਦੀ ਪੁਨਰਕਲਪਨਾ ’ ਵਿਸ਼ੇ ‘ਤੇ ਵਿਸ਼ਵ ਪੱਧਰੀ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ।

Check Also

ਮੋਦੀ ਸਰਕਾਰ ਨੇ ਧੱਕੇ-ਜ਼ੋਰੀ ਪਾਸ ਕੀਤੇ ਖੇਤੀ ਬਿੱਲ; ਬਾਦਸ਼ਾਹ ਸਲਾਮਤ ਨੇ ਕੀਤੇ ਰੱਦ

-ਗੁਰਮੀਤ ਸਿੰਘ ਪਲਾਹੀ; ‘ਚਿੜੀਓ ਜੀ ਪਓ, ਚਿੜੀਓ ਮਰ ਜਾਓ’ ਦਾ ਵਰਤਾਰਾ ਮੋਦੀ ਸਰਕਾਰ ਨੇ ਜਿਸ …

Leave a Reply

Your email address will not be published. Required fields are marked *