ਵਿਦੇਸ਼ੀ ਪਿਸਟਲਾਂ ਦੀ ਵੱਡੀ ਖੇਪ ਜ਼ਬਤ, ਕਥਿਤ ਅੱਤਵਾਦੀ ਅਤੇ ਹਥਿਆਰਾਂ ਦਾ ਤਸਕਰ ਗ੍ਰਿਫ਼ਤਾਰ

TeamGlobalPunjab
5 Min Read

ਚੰਡੀਗੜ੍ਹ : ਪੰਜਾਬ ਪੁਲਿਸ ਨੇ ਵਿਦੇਸ਼ੀ ਪਿਸਟਲਾਂ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਥਿਤ ਤੌਰ ‘ਤੇ ਪਾਕਿਸਤਾਨ-ਅਧਾਰਤ ਅੱਤਵਾਦੀ ਸੰਗਠਨਾਂ ਅਤੇ ਅਮਰੀਕਾ, ਕੈਨੇਡਾ ਅਤੇ ਯੂਕੇ ਅਧਾਰਤ ਭਾਰਤ ਵਿਰੋਧੀ ਖਾਲਿਸਤਾਨੀ ਤੱਤਾਂ ਨਾਲ ਜੁੜੇ ਹੋਇਆ ਸੀ ਅਤੇ ਇੱਕ ਯੂਐਸਏ ਅਧਾਰਤ ਹੈਂਡਲਰ ਦੇ ਨਿਰਦੇਸ਼ਾਂ ‘ਤੇ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ।

ਡੀਜੀਪੀ ਦਿਨਕਰ ਗੁਪਤਾ ਨੇ ਅੱਜ ਜ਼ਬਤ ਕੀਤੇ ਹਥਿਆਰਾਂ ਦਾ ਵੇਰਵਾ ਦਿੰਦਿਆਂ ਖੁਲਾਸਾ ਕੀਤਾ ਕਿ ਵੀਰਵਾਰ ਦੇਰ ਰਾਤ ਬਰਾਮਦ ਕੀਤੇ ਗਏ ਇਹ ਹਥਿਆਰ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵਰਤੇ ਜਾਣੇ ਸਨ।

ਡੀਜੀਪੀ ਨੇ ਦੱਸਿਆ ਕਿ ਜਗਜੀਤ ਸਿੰਘ ਉਰਫ ਜੱਗੂ (25 ਸਾਲ) ਵਾਸੀ ਪੂਰੀਆਂ ਕਲਾਂ, ਥਾਣਾ ਸਦਰ ਬਟਾਲਾ, ਜ਼ਿਲ੍ਹਾ ਬਟਾਲਾ ਨੂੰ ਵੀਰਵਾਰ ਰਾਤ ਨੂੰ ਪੰਜਾਬ ਇੰਟਰਨਲ ਸਕਿਓਰਿਟੀ ਵਿੰਗ ਐਸ.ਐਸ.ਓ.ਸੀ. ਅੰਮ੍ਰਿਤਸਰ ਦੀ ਟੀਮ ਨੇ ਅੰਮ੍ਰਿਤਸਰ ਦੇ ਕਥੂਨੰਗਲ ਨੇੜਿਓਂ ਗ੍ਰਿਫਤਾਰ ਕੀਤਾ ਸੀ। ਇੱਕ ਇੰਟੈਲੀਜੈਂਸ ਆਪ੍ਰੇਸ਼ਨ ਵਿੱਚ, ਐਸ.ਐਸ.ਓ.ਸੀ. ਅੰਮ੍ਰਿਤਸਰ ਨੇ ਕਥੂਨੰਗਲ ਪਿੰਡ, ਅੰਮ੍ਰਿਤਸਰ-ਬਟਾਲਾ ਰੋਡ ‘ਤੇ ਇੱਕ ਖਾਸ ਪੁਲਿਸ ਨਾਕੇ ਲਗਾ ਕੇ ਰਜਿਸਟਰੇਸ਼ਨ ਨੰਬਰ ਪੀ.ਬੀ.-06-ਏ.ਐਨ.-7016 ਵਾਲੀ ਇਕ ਕਾਰ ਨੂੰ ਪਿੱਛਾ ਕਰਕੇ ਰੋਕਿਆ।

- Advertisement -

ਪੁਲਿਸ ਟੀਮ ਨੇ ਕਾਰ ਵਿਚੋਂ ਦੋ ਨਾਈਲੋਨ ਬੈਗ ਬਰਾਮਦ ਕੀਤੇ ਜਿਹਨਾਂ ਵਿੱਚ ਵੱਖ-ਵੱਖ ਦੇਸ਼ਾਂ ਅਤੇ ਬੋਰ ਵਾਲੀਆਂ 48 ਵਿਦੇਸ਼ੀ ਪਿਸਤੌਲਾਂ ਸਮੇਤ ਮੈਗਜੀਨ ਅਤੇ ਕਾਰਤੂਸ ਸਨ। ਇਹਨਾਂ ਵਿੱਚ,

  • 19 ਪਿਸਟਲ 9 ਐਮ.ਐਮ. (ਜ਼ਿਗਾਨਾ-ਤੁਰਕੀ ਵਿਚ ਬਣਿਆ) ਸਮੇਤ 37 ਮੈਗਜ਼ੀਨ ਅਤੇ 45 ਕਾਰਤੂਸ;
  • 9 ਪਿਸਟਲ .30 ਬੋਰ (ਚੀਨ ਵਿਚ ਬਣੇ) ਸਮੇਤ 22 ਮੈਗਜ਼ੀਨ;
  • 19 ਪਿਸਟਲ .30 ਬੋਰ (ਸਟਾਰ ਮਾਰਕ) ਸਮੇਤ 38 ਮੈਗਜੀਨਾਂ ਤੇ 148 ਕਾਰਤੂਸ ਅਤੇ
  • 1 ਪਿਸਟਲ 9 ਐਮ.ਐਮ. (ਬਰੇਟਾ-ਇਟਾਲੀਅਨ) ਸਮੇਤ 2 ਮੈਗਜ਼ੀਨਾਂ ਸ਼ਾਮਲ ਸਨ।

ਹਥਿਆਰਾਂ ਦੀ ਤਸਕਰੀ ਦੇ ਸਬੰਧਾਂ ਬਾਰੇ ਵੇਰਵੇ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਜਗਜੀਤ ਨੂੰ ਇੱਕ ਪੁਰਾਣੇ ਗੈਂਗਸਟਰ ਅਪਰਾਧੀ ਦਰਮਨਜੋਤ ਸਿੰਘ ਉਰਫ ਦਰਮਨਜੋਤ ਕਾਹਲੋਂ ਨੇ ਹਥਿਆਰਾਂ ਦੀ ਇਹ ਖੇਪ ਇਕੱਠੀ ਕਰਨ ਲਈ ਨਿਰਦੇਸ਼ ਦਿੱਤਾ ਸੀ। ਦਰਮਨਜੋਤ, ਜੋ ਕਿ ਹੁਣ ਯੂ.ਐਸ.ਏ. ਵਿੱਚ ਰਹਿ ਰਿਹਾ ਹੈ, ਜਗਜੀਤ ਸਿੰਘ ਦੇ ਸੰਪਰਕ ਵਿੱਚ ਸੀ। ਜ਼ਿਕਰਯੋਗ ਹੈ ਕਿ ਦੁਬਈ ਵਿੱਚ 2017 ਤੋਂ ਦਸੰਬਰ 2020 ਤੱਕ ਆਪਣੀ ਰਿਹਾਇਸ਼ ਦੌਰਾਨ, ਜਗਜੀਤ ਦਰਮਨਜੋਤ ਕਾਹਲੋਂ ਦੇ ਸੰਪਰਕ ਵਿੱਚ ਸੀ ਜਿਸਨੇ ਉਸਨੂੰ ਆਪਣੇ ਇਸ ਕੰਮ ਲਈ ਪ੍ਰੇਰਿਆ ਸੀ।

 

ਡੀਜੀਪੀ ਨੇ ਕਿਹਾ ਕਿ ਇਸ ਤਸਕਰੀ ਰੈਕੇਟ ਦੇ ਮਾਸਟਰ ਮਾਈਂਡ ਦਰਮਨਜੋਤ ਨੇ ਜਗਜੀਤ ਨੂੰ ਹਥਿਆਰਾਂ ਦੀ ਖੇਪ ਇਕੱਠੀ ਕਰਨ ਅਤੇ ਲੁਕਾਉਣ ਅਤੇ ਪਿਸਤੌਲਾਂ ਦੀ ਸਪੁਰਦਗੀ ਲਈ ਅਗਲੇਰੇ ਨਿਰਦੇਸ਼ਾਂ ਦਾ ਇੰਤਜ਼ਾਰ ਕਰਨ ਲਈ ਕਿਹਾ ਸੀ। ਉਹਨਾਂ ਅੱਗੇ ਦੱਸਿਆ ਕਿ ਦਰਮਨਜੋਤ ਸਿੰਘ ਉਰਫ ਦਰਮਨਜੋਤ ਕਾਹਲੋਂ, ਜੋ ਪੰਜਾਬ ਵਿੱਚ ਇੱਕ ਭਗੌੜਾ ਘੋਸ਼ਿਤ ਕੀਤਾ ਗਿਆ ਹੈ, ਦੇ ਖੁੱਲੇ ਵਾਰੰਟ ਜਾਰੀ ਕੀਤੇ ਗਏ ਹਨ।

- Advertisement -

ਦਰਮਨਜੋਤ ਸਿੰਘ ਉਰਫ ਦਰਮਨਜੋਤ ਕਾਹਲੋਂ, ਜੋ ਕਿ ਅਸਲ ਵਿੱਚ ਪਿੰਡ ਤਲਵੰਡੀ ਖੁੰਮਣ, ਥਾਣਾ ਕਥੂਨੰਗਲ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਗ੍ਰਿਫਤਾਰੀ ਤੋਂ ਬਚਣ ਲਈ ਸਾਲ 2017 ਵਿੱਚ ਯੂਐਸਏ ਫਰਾਰ ਤੋਂ ਪਹਿਲਾਂ ਪੰਜਾਬ ਵਿਚ ਹੋਈਆਂ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸੀ। ਉਸਨੇ ਬਦਨਾਮ ਗੈਂਗਸਟਰ ਹਰਵਿੰਦਰ ਸਿੰਘ ਉਰਫ ਮੰਨੂ ਨੂੰ 2017 ਵਿੱਚ ਪੁਲਿਸ ਹਿਰਾਸਤ ਚੋਂ ਫਰਾਰ ਹੋਣ ਵਿੱਚ ਵੀ ਸਹਾਇਤਾ ਕੀਤੀ ਸੀ। ਦੱਸਣਯੋਗ ਹੈ ਕਿ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੁਲਿਸ ਐਸਕਾਰਟ ਪਾਰਟੀ ‘ਤੇ ਹਮਲਾ ਕਰ ਦਿੱਤਾ ਅਤੇ ਹਰਵਿੰਦਰ ਸਿੰਘ ਉਰਫ ਮੰਨੂ ਨੂੰ ਭਜਾਉਣ ਵਿੱਚ ਕਾਮਯਾਬ ਹੋ ਗਿਆ ਸੀ। ਇਸ ਸਬੰਧੀ 12.06.2017 ਨੂੰ ਥਾਣਾ ਸਿਵਲ ਲਾਈਨ ਬਟਾਲਾ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਦਰਮਨਜੋਤ ਨੂੰ ਜਨਵਰੀ, 2020 ਵਿੱਚ ਜੇ.ਐਮ.ਆਈ.ਸੀ. ਬਟਾਲਾ ਦੀ ਅਦਾਲਤ ਨੇ ਭਗੌੜਾ (ਪੀ.ਓ.) ਘੋਸ਼ਿਤ ਕੀਤਾ ਸੀ।

ਸਾਲ 2020 ਵਿਚ, ਅਮਰੀਕਾ ਵਿਚ ਆਪਣੀ ਰਿਹਾਇਸ਼ ਦੌਰਾਨ, ਦਰਮਨਜੋਤ ਸਿੰਘ ਨੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਗੈਰ ਕਾਨੂੰਨੀ ਹਥਿਆਰ ਖਰੀਦਣ ਲਈ ਪੰਜਾਬ ਵਿੱਚ ਇਕ ਅਪਰਾਧਿਕ ਸਮੂਹ ਨੂੰ 2 ਲੱਖ ਰੁਪਏ ਦੀ ਰਾਸ਼ੀ ਭੇਜੀ ਸੀ। ਉਸਦੇ ਅਪਰਾਧਕ ਸਮੂਹ ਦੇ 10 ਮੈਂਬਰਾਂ ਨੂੰ ਐਸ.ਐਸ.ਓ.ਸੀ. ਅੰਮ੍ਰਿਤਸਰ ਨੇ ਗ੍ਰਿਫਤਾਰ ਕੀਤਾ ਸੀ ਅਤੇ ਉਹਨਾਂ ਪਾਸੋਂ 07 ਪਿਸਟਲ .32 ਬੋਰ ਬਰਾਮਦ ਕੀਤੇ ਗਏ ਸਨ। ਇਸ ਕੇਸ ਵਿੱਚ ਥਾਣਾ ਐਸ.ਐਸ.ਓ.ਸੀ. ਅੰਮ੍ਰਿਤਸਰ ਵੱਲੋਂ 10.11.2020 ਨੂੰ ਐਫਆਈਆਰ ਦਰਜ ਕੀਤੀ ਗਈ ਸੀ।

ਡੀਜੀਪੀ ਨੇ ਦੱਸਿਆ ਕਿ ਪਿਛਲੀ ਰਾਤ ਨੂੰ ਕੀਤੀ ਇਸ ਬਰਾਮਦਗੀ ਸਬੰਧੀ ਇਕ ਐਫਆਈਆਰ ਮਿਤੀ 10.5.2021 ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ) ਦੀ ਧਾਰਾ 13, 17, 18, 18-ਬੀ, 20, ਆਈਪੀਸੀ ਦੀ ਧਾਰਾ 120, 120-ਬੀ ਅਤੇ ਆਰਮਜ਼ ਐਕਟ ਦੀ ਧਾਰਾ 25 ਤਹਿਤ ਥਾਣਾ ਐਸ.ਐਸ.ਓ.ਸੀ., ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੂਰੇ ਰੈਕਟ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।

ਪੰਜਾਬ ਪੁਲਿਸ, ਜਿਸ ਨੇ ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਸੂਬੇ ਦੇ ਹਾਲਾਤ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪਾਕਿ ਸਪਾਂਸਰਡ ਅੱਤਵਾਦੀ ਅਨਸਰਾਂ ਦੇ ਨਾਪਾਕ ਮਨਸੂਬਿਆਂ ਖ਼ਿਲਾਫ਼ ਸਖ਼ਤ ਮੁਹਿੰਮ ਵਿੱਢੀ ਹੈ, ਨੇ ਪਿਛਲੇ 4 ਸਾਲਾਂ ਦੌਰਾਨ 44 ਅੱਤਵਾਦੀ ਮੈਡਿਊਲਾਂ ਦਾ ਪਰਦਾਫਾਸ਼ ਕੀਤਾ ਹੈ। ਇਸ ਤੋਂ ਇਲਾਵਾ, ਇਸ ਸਮੇਂ ਦੌਰਾਨ 283 ਅੱਤਵਾਦੀ / ਅਪਰਾਧੀ ਗ੍ਰਿਫਤਾਰ ਕੀਤੇ ਗਏ ਹਨ ਅਤੇ 21 ਰਾਈਫਲਜ਼, 163 ਰਿਵਾਲਵਰ / ਪਿਸਟਲ, 38 ਗ੍ਰੇਨੇਡ, 10 ਡਰੋਨ, 5 ਸੈਟੇਲਾਈਟ ਫੋਨ, 2 ਵਾਕੀ-ਟਾਕੀ ਸੈੱਟ ਅਤੇ ਆਰ.ਡੀ.ਐਕਸ. ਜ਼ਬਤ ਕੀਤੇ ਗਏ ਹਨ।

Share this Article
Leave a comment