Home / ਓਪੀਨੀਅਨ / ਲੜਕੀਆਂ ਨੂੰ ਵਿਗਿਆਨਿਕ ਸਿੱਖਿਆ ਵਿੱਚ ਪ੍ਰਬੁੱਧ ਬਣਾਇਆ ਜਾਵੇ

ਲੜਕੀਆਂ ਨੂੰ ਵਿਗਿਆਨਿਕ ਸਿੱਖਿਆ ਵਿੱਚ ਪ੍ਰਬੁੱਧ ਬਣਾਇਆ ਜਾਵੇ

-ਡਾ. ਰੇਣੂ ਸਵਰੂਪ*

ਇਸ ਵਰ੍ਹੇ ਅਸੀਂ ਰਾਸ਼ਟਰੀ ਬਾਲੜੀ ਦਿਵਸ ਨੂੰ ਬਿਲਕੁਲ ਹੀ ਅਲੱਗ ਮਾਹੌਲ ਵਿੱਚ ਮਨਾਇਆ। ਮਹਾਮਾਰੀ ਨੇ ਲੋਕਾਂ ਦੇ ਜੀਵਨ ਵਿੱਚ, ਮੁੱਢਲੀਆਂ ਸੇਵਾਵਾਂ ਤੱਕ ਪਹੁੰਚ ਦੇ ਨਵੇਂ ਤੌਰ-ਤਰੀਕਿਆਂ ਤੋਂ ਲੈ ਕੇ ਸਿੱਖਿਆ ਦੇ ਨਵੇਂ ਮਾਡਲਾਂ ਤੱਕ, ਲਾਮਿਸਾਲ ਬਦਲਾਅ ਲਿਆਂਦਾ ਹੈ। ਹੁਣ ਜਦੋਂ ਕਿ ਸਾਡੇ ਬੱਚੇ ਹੌਲੀ ਹੌਲੀ ਸਕੂਲ ਪਰਤ ਰਹੇ ਹਨ ਅਤੇ ਵੈਕਸਿਨ ਦੇ ਵਿਕਾਸ ਵਿੱਚ ਸਾਡੀ ਸਫ਼ਲਤਾ ਰਾਸ਼ਟਰੀ ਵਿਸ਼ਵਾਸ ਦਾ ਨਿਰਮਾਣ ਕਰ ਰਹੀ ਹੈ, ਸਾਨੂੰ ਇਸ ਮੌਕੇ ਦਾ ਲਾਭ ਵੀ ਉਠਾਉਣਾ ਚਾਹੀਦਾ ਹੈ ਕਿਉਂਕਿ ਅਸੀਂ ਬਿਹਤਰ ਸਮਰੱਥਾ ਨਾਲ ਅੱਗੇ ਵਧੇ ਹਾਂ। ਹੁਣ ਸਾਡਾ ਫੋਕਸ ਸਸ਼ਕਤੀਕਰਣ, ਵਿਸ਼ੇਸ਼ ਕਰਕੇ ਵਿਗਿਆਨ ਅਤੇ ਟੈਕਨੋਲੋਜੀ ਖੇਤਰ ਵਿੱਚ ਬਾਲੜੀ ਦੇ ਸਸ਼ਕਤੀਕਰਨ ਲਈ ਸਾਡੇ ਪ੍ਰਯਤਨਾਂ ਨੂੰ ਮਜ਼ਬੂਤ ਕਰਨ ਉੱਤੇ ਹੋਣਾ ਚਾਹੀਦਾ ਹੈ। ਇਹ ਇੱਕ ਅਜਿਹਾ ਖੇਤਰ ਹੈ ਜਿਸ ਨੇ ਸਾਰੀ ਮਨੁੱਖਤਾ ਲਈ ਇੱਕ ਵਧੇਰੇ ਸੁਰੱਖਿਅਤ ਸੰਸਾਰ ਨੂੰ ਆਕਾਰ ਦੇਣ ਵਿੱਚ ਇਸ ਦੇ ਚੁਣੌਤੀ ਰਹਿਤ ਮਹੱਤਵ ਨੂੰ ਰੇਖਾਂਕਿਤ ਕੀਤਾ ਹੈ।

ਜਿਸ ਚੀਜ਼ ਦੀ ਲੋੜ ਹੈ ਉਹ ਹੈ ਮਹਿਲਾ-ਪੁਰਸ਼ ਨੂੰ ਸਮਾਨ ਸਮਝਣ ਦੀ ਮਾਨਸਿਕਤਾ ਪ੍ਰਤੀ ਸਾਡੀ ਨਿਰੰਤਰ ਪ੍ਰਗਤੀ ਜੋ ਕਿ ਸਮਾਜ ਦੇ ਹਰ ਪੱਧਰ ‘ਤੇ ਹੋਣੀ ਲਾਜ਼ਮੀ ਹੈ। ਭਾਰਤ ਨੇ ਪਿਛਲੇ ਕੁਝ ਸਾਲਾਂ ਤੋਂ ਇਸ ਸਬੰਧ ਵਿੱਚ ਨਿਸ਼ਚਿਤ ਤੌਰ ਤੇ ਇੱਕ ਲੰਬਾ ਪੈਂਡਾ ਤੈਅ ਕੀਤਾ ਹੈ। ਸਾਡੀਆਂ ਮੁਟਿਆਰਾਂ ਕੋਲ ਪਹਿਲੀ ਮਹਿਲਾ ਬੋਟੈਨਿਸਟ ਜਾਨਕੀ ਅੰਮਲ ਤੋਂ ਲੈ ਕੇ ਸਾਡੀ ਪਹਿਲੀ ਮਹਿਲਾ ਡਾਕਟਰ ਆਨੰਦੀਬਾਈ ਜੋਸ਼ੀ ਤੱਕ ਦੀਆਂ ਬਹੁਤ ਸਾਰੀਆਂ ਰੋਲ ਮਾਡਲ ਹਨ। ਸਾਡੇ ਕੋਲ ਹਾਲ ਹੀ ਦੇ ਸਾਲਾਂ ਵਿੱਚ, ਮੰਗਲਯਾਨ ਮਿਸ਼ਨ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਦੀਆਂ ਵੀ ਮਿਸਾਲਾਂ ਹਨ। ਫਲਾਈਟ ਲੈਫਟੀਨੈਂਟ ਭਾਵਨਾ ਕਾਂਤ 26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਮਹਿਲਾ ਫਾਈਟਰ ਪਾਇਲਟ ਹੋਵੇਗੀ। ਸਾਡੇ ਸਾਹਮਣੇ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਉਦਾਹਰਣਾਂ ਹਨ।

ਭਾਰਤ ਸਰਕਾਰ ਨੇ ਬਾਲੜੀ ਸਸ਼ਕਤੀਕਰਣ ਲਈ, ਵਿਸ਼ੇਸ਼ ਕਰਕੇ ਸਾਇੰਸ ਅਤੇ ਟੈਕਨੋਲੋਜੀ ਮੰਤਰਾਲੇ ਦੇ ਬਾਇਓਟੈਕਨੋਲੋਜੀ ਵਿਭਾਗ, ਸਾਇੰਸ ਅਤੇ ਟੈਕਨੋਲੋਜੀ ਵਿਭਾਗ, ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ ਦੇ ਵਿਗਿਆਨ ਸਿੱਖਿਆ ਉਪਰਾਲਿਆਂ ਨੂੰ ਅਪਣਾਉਣ ਵਿੱਚ ਬਾਲੜੀਆਂ ਦੀ ਸਹਾਇਤਾ ਕਰਨ ਲਈ ਇੱਕ ਰੋਡਮੈਪ ਤਿਆਰ ਕੀਤਾ ਹੈ। ਬਾਇਓਕੇਅਰ (ਬਾਇਓਟੈਕਨੋਲੋਜੀ ਕਰੀਅਰ ਅਡਵਾਂਸਮੈਂਟ ਰੀ-ਓਰੀਐਂਟੇਸ਼ਨ ਪ੍ਰੋਗਰਾਮ) ਵਿਗਿਆਨ ਜਯੋਤੀ, ਵਿਗਿਆਨ ਪ੍ਰਤਿਭਾ, ਜੀਏਟੀਆਈ. (ਜੈਂਡਰ ਅਡਵਾਂਸਮੈਂਟ ਫਾਰ ਟਰਾਂਸਫਾਰਮਿੰਗ ਇੰਸਟੀਟਿਊਸ਼ਨਸ) ਆਦਿ ਭਾਰਤ ਵਿੱਚ ਇੱਕ ਮਜ਼ਬੂਤ ਵਿਗਿਆਨ ਸਿੱਖਿਆ ਅਤੇ ਰਿਸਰਚ ਈਕੋ-ਸਿਸਟਮ ਦੇ ਮਹੱਤਵਪੂਰਨ ਬਿਲਡਿੰਗ ਬਲੌਕਸ ਹਨ, ਪਰ ਅਜੇ ਬਹੁਤ ਕੁਝ ਕੀਤਾ ਜਾ ਸਕਦਾ ਹੈ। ਅਸੀਂ ਅਜੇ ਵੀ ਇੱਕ ਮਹੱਤਵਪੂਰਨ ਫਾਸਲਾ ਤੈਅ ਕਰਨਾ ਹੈ। ਸਾਇੰਸ ਸਿੱਖਿਆ ਵਿੱਚ ਆਪਣੀਆਂ ਲੜਕੀਆਂ ਦੀ ਸਮਰੱਥਾ ਨੂੰ ਜਾਣਨ ਵਾਸਤੇ ਸਾਨੂੰ ਇੱਕ ਮਜ਼ਬੂਤ ਅਧਾਰ ਤਿਆਰ ਕਰਨ ਦੀ ਜ਼ਰੂਰਤ ਹੈ, ਅਤੇ ਇਸ ਲਈ ਕਈ ਪ੍ਰਕਾਰ ਦੇ ਹਿਤਧਾਰਕਾਂ ਜਿਨ੍ਹਾਂ ਵਿੱਚ ਕਿ ਪਰਿਵਾਰ, ਸਕੂਲ ਸਿਸਟਮ, ਕਾਰਪੋਰੇਟ ਸੈਕਟਰ, ਅਤੇ ਬਿਨਾ ਸ਼ੱਕ ਮਹਿਲਾਵਾਂ ਖੁਦ ਵੀ ਸ਼ਾਮਲ ਹਨ, ਦੇ ਨਿਰੰਤਰ ਅਤੇ ਸਾਂਝੇ ਪ੍ਰਯਤਨ ਦੀ ਲੋੜ ਹੈ। ਲੜਕੀਆਂ ਲਈ ਸਾਇੰਸ ਸਿੱਖਿਆ ਦੀ ਅਸਾਨ ਪਹੁੰਚ ਇੱਕ ਹੋਰ ਖੇਤਰ ਹੈ ਜਿਸ ਨੂੰ ਵਿਸ਼ੇਸ਼ ਕਰਕੇ ਸਥਾਨਕ ਪੱਧਰ ਉੱਤੇ ਮਜ਼ਬੂਤ ਕਰਨ ਦੀ ਜ਼ਰੂਰਤ ਹੋਵੇਗੀ। ਅਵਸਰ ਅਤੇ ਸੁਲੱਭਤਾ, ਉਨ੍ਹਾਂ ਪ੍ਰਤਿਭਾਸ਼ਾਲੀ ਲੜਕੀਆਂ ਦੇ ਇਸ ਅਧਾਰ ਨੂੰ ਬਣਾਉਣ ਵਿੱਚ ਨਿਰਣਾਇਕ ਫੈਕਟਰ ਹੋਣਗੇ ਜੋ ਵਿਗਿਆਨਕ ਅਤੇ ਟੈਕਨੋਲੋਜੀਕਲ ਉੱਨਤੀ ਦਾ ਅਧਾਰ ਤਿਆਰ ਕਰ ਸਕਦੀਆਂ ਹਨ।

ਸਰਕਾਰ ਦੀ ਅਗਵਾਈ ਵਾਲੇ ਉਪਰਾਲਿਆਂ ਦੇ ਨਾਲ ਨਾਲ ਉਨ੍ਹਾਂ ਕਾਇਆ-ਪਲਟੂ ਬਦਲਾਵਾਂ ਵੱਲ ਧਿਆਨ ਦੇਣਾ ਵੀ ਮਹੱਤਵਪੂਰਨ ਹੈ ਜੋ ਸਾਇੰਸ ਸਿੱਖਿਆ ਦੇ ਜ਼ਰੀਏ ਲੜਕੀਆਂ ਨੂੰ ਸਸ਼ਕਤ ਬਣਾਉਣ ਲਈ ਅਤੇ ਉਨ੍ਹਾਂ ਦੀ ਪ੍ਰਗਤੀ ਲਈ ਜ਼ਰੂਰੀ ਹਨ। ਇਸ ਦੇ ਲਈ ਸਭ ਤੋਂ ਜ਼ਰੂਰੀ ਹੈ ਇੱਕ ਮਜ਼ਬੂਤ ਬੁਨਿਆਦ ਦਾ ਨਿਰਮਾਣ ਕਰਨਾ ਜੋ ਕਿ ਸਮਾਜ ਦੀ ਮਾਨਸਿਕਤਾ ਵਿੱਚ ਬਦਲਾਅ ਲਿਆਉਣ ਨਾਲ ਹੀ ਸੰਭਵ ਹੈ। ਬਦਕਿਸਮਤੀ ਨਾਲ, ਦੇਸ਼ ਦੇ ਕਈ ਹਿੱਸਿਆਂ ਵਿੱਚ ਹਾਲੀ ਵੀ ਬਾਲੜੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਸਕੂਲ ਤੱਕ ਆਉਣ-ਜਾਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਸਾਰੀਆਂ ਲੜਕੀਆਂ ਨੂੰ ਆਪਣਾ ਕਰੀਅਰ ਖੁਦ ਨਾ ਚੁਣ ਸਕਣ ਦੀ ਚੁਣੌਤੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਪਰਿਵਾਰਾਂ ਨੂੰ, ਲੜਕੀਆਂ ਨੂੰ ਉੱਚ ਸਿੱਖਿਆ ਅਤੇ ਕਰੀਅਰ ਦੀ ਚੋਣ ਬਾਰੇ ਖੁਦ ਫੈਸਲਾ ਲੈਣ ਦੇ ਯੋਗ ਬਣਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਸਮਰਥਨ ਵੀ ਕਰਨਾ ਚਾਹੀਦਾ ਹੈ ਅਤੇ ਸਿਸਟਮ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਪ੍ਰਯੋਗਸ਼ਾਲਾਵਾਂ ਅਤੇ ਸਾਇੰਸ ਸਿੱਖਿਆ ਪ੍ਰਦਾਨ ਕਰਨ ਵਾਲੇ ਸੰਸਥਾਨ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਹੋਣ ਅਤੇ ਉਨ੍ਹਾਂ ਤੱਕ ਲੜਕੀਆਂ ਅਸਾਨੀ ਨਾਲ ਪਹੁੰਚ ਸਕਣ।

ਇਹ ਕਾਇਆ-ਪਲਟੂ ਬਦਲਾਅ ਲਿਆਉਣ ਵਾਸਤੇ ਲੜਕੀਆਂ ਲਈ ਵਧੇਰੇ ਰੋਲ ਮਾਡਲ ਤਿਆਰ ਕਰਨੇ ਹੋਣਗੇ, ਵਿਗਿਆਨ ਦੇ ਖੇਤਰ ਵਿੱਚ ਮਹਿਲਾਵਾਂ ਦੀਆਂ ਪ੍ਰਾਪਤੀਆਂ ਦਾ ਪ੍ਰਦਰਸ਼ਨ ਕਰਨਾ ਹੋਵੇਗਾ, ਅਤੇ ਇਨ੍ਹਾਂ ਰੋਲ ਮਾਡਲਾਂ ਨੇ ਨਾ ਸਿਰਫ ਰਾਸ਼ਟਰੀ ਨਾਇਕਾਂ ਵਜੋਂ, ਬਲਕਿ ਕਮਿਊਨਿਟੀ ਪੱਧਰ ‘ਤੇ ਵੀ ਲੜਕੀਆਂ ਨੂੰ ਪ੍ਰੇਰਿਤ ਕਰਨਾ ਹੋਵੇਗਾ। ਇਹ ਅਜਿਹੀਆਂ ਮਹਿਲਾਵਾਂ ਦੀ ਅਗਵਾਈ ਵਾਲੀਆਂ ਇਨੋਵੇਸ਼ਨਾਂ ਨਾਲ ਸੰਭਵ ਹੋ ਸਕਦਾ ਹੈ, ਜਿਨ੍ਹਾਂ ਨੂੰ ਸੁਤੰਤਰ ਰੂਪ ਵਿੱਚ ਖੋਜ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਦਾ ਮੌਕਾ ਮਿਲਦਾ ਹੈ। ਬਾਇਓਟੈਕਨੋਲੋਜੀ ਵਿਭਾਗ ਦਾ ਬਾਇਓਟੈਕਨੋਲੋਜੀ ਕਰੀਅਰ ਅਡਵਾਂਸਮੈਂਟ ਐਂਡ ਰੀ-ਓਰੀਐਂਟੇਸ਼ਨ ਪ੍ਰੋਗਰਾਮ (ਬਾਇਓਕੇਅਰ) ਯੂਨੀਵਰਸਿਟੀਆਂ ਅਤੇ ਛੋਟੀਆਂ ਖੋਜ ਪ੍ਰਯੋਗਸ਼ਾਲਾਵਾਂ ਵਿੱਚ ਪੂਰਾ ਸਮਾਂ ਕੰਮ ਕਰਨ ਵਾਲੀਆਂ ਮਹਿਲਾ ਵਿਗਿਆਨੀਆਂ ਜਾਂ ਬੇਰੋਜ਼ਗਾਰ ਮਹਿਲਾ ਵਿਗਿਆਨੀਆਂ ਲਈ ਅਜਿਹੇ ਹੀ ਮੌਕੇ ਉਪਲੱਬਧ ਕਰਾਉਂਦਾ ਹੈ। ਇਹ ਪ੍ਰੋਗਰਾਮ ਹੁਣ ਤੱਕ 400 ਤੋਂ ਵੱਧ ਮਹਿਲਾ ਵਿਗਿਆਨੀਆਂ ਦੀ ਸਹਾਇਤਾ ਕਰ ਚੁੱਕਾ ਹੈ। ਉੱਤਰ- ਪੂਰਬੀ ਭਾਰਤ ਵਿੱਚ ਬਾਇਓਟੈਕਨੋਲੋਜੀ ਲਾਈਫ ਸਾਇੰਸ ਸੈਕੰਡਰੀ ਸਕੂਲ ਅਤੇ ਡੀਬੀਟੀ ਕੁਦਰਤੀ ਸੰਸਾਧਨ ਜਾਗਰੂਕਤਾ ਕਲੱਬਾਂ ਨੇ ਵੀ ਸਾਇੰਸ ਸਿੱਖਿਆ ਨੂੰ ਵਿਦਿਆਰਥਣਾਂ ਤੱਕ ਲਿਜਾਣ ਲਈ ਇੱਕ ਅਜਿਹੇ ਈਕੋ-ਸਿਸਟਮ ਦਾ ਵਿਕਾਸ ਕੀਤਾ ਹੈ ਜੋ ਨਾ ਕੇਵਲ ਉਨ੍ਹਾਂ ਦੀ ਜਿਗਿਆਸਾ ਨੂੰ ਵਧਾਉਂਦਾ ਹੈ ਬਲਕਿ ਉਨ੍ਹਾਂ ਨੂੰ, ਵਿਗਿਆਨ ਨੂੰ ਕਰੀਅਰ ਵਜੋਂ ਅਪਣਾਉਣ ਲਈ ਵੀ ਉਤਸ਼ਾਹਿਤ ਕਰਦਾ ਹੈ।

ਇਸ ਖੇਤਰ ਵਿੱਚ ਸਫ਼ਲਤਾ ਦੀ ਕੁੰਜੀ ਦੀਆਂ ਤਿੰਨ ਸ਼ਾਖਾਵਾਂ ਹਨ: ਸਾਡੀਆਂ ਲੜਕੀਆਂ ਲਈ ਵਿਗਿਆਨ ਦੀ ਸਿੱਖਿਆ ਤੱਕ ਪਹੁੰਚ ਨੂੰ ਸੁਦ੍ਰਿੜ੍ਹ ਬਣਾਉਣਾ, ਉਨ੍ਹਾਂ ਨੂੰ ਵਿੱਤੀ ਅਤੇ ਸਮਾਜਿਕ ਤੌਰ ‘ਤੇ ਸਸ਼ਕਤ ਬਣਾਉਣਾ, ਅਤੇ ਇੱਕ ਅਜਿਹੀ ਵਿਵਸਥਾ ਦਾ ਨਿਰਮਾਣ ਕਰਨਾ ਜੋ ਮਹਿਲਾ ਵਿਗਿਆਨੀਆਂ ਅਤੇ ਬਾਲੜੀਆਂ ਨੂੰ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਮੈਥੇਮੈਟਿਕਸ (STEM) ਦੀ ਪੜ੍ਹਾਈ ਕਰਨ ਲਈ ਉਤਸ਼ਾਹਿਤ ਕਰੇ, ਨਿਰੰਤਰ ਆਪਣੀ ਕੁਸ਼ਲਤਾ ਨੂੰ ਵਧਾਉਣ ਅਤੇ ਸਾਇੰਸ ਇਨੋਵੇਟਰਾਂ ਵਜੋਂ ਉੱਭਰਨ ਲਈ ਪ੍ਰੇਰਿਤ ਕਰੇ। ਬੇਟੀ ਬਚਾਓ ਬੇਟੀ ਪੜ੍ਹਾਓ ਜਿਹੇ ਪ੍ਰੋਗਰਾਮਾਂ ਦੁਆਰਾ ਪ੍ਰਾਪਤ ਕੀਤੀ ਤਰੱਕੀ ਇਸ ਗੱਲ ਦਾ ਸਬੂਤ ਹੈ ਕਿ ਜਾਗਰੂਕਤਾ, ਪ੍ਰਤੀਬੱਧਤਾ ਅਤੇ ਸਪਸ਼ਟ ਰੋਡਮੈਪ ਬਣਾਉਣ ਦੇ ਨਾਲ, ਭਾਰਤ ਸਿੱਖਿਆ, ਖੇਡਾਂ, ਕਾਰੋਬਾਰ, ਉੱਦਮ, ਅਤੇ ਹੋਰਨਾਂ ਖੇਤਰਾਂ ਵਿੱਚ ਉਪਲੱਬਧੀ ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ ਦੀ ਇੱਕ ਨਵੀਂ ਪੀੜ੍ਹੀ ਤਿਆਰ ਕਰ ਸਕਦਾ ਹੈ।.

ਮਹਿਲਾਵਾਂ ਵਿੱਚ ਇੱਕ ਅੰਦਰੂਨੀ ਸ਼ਕਤੀ ਹੁੰਦੀ ਹੈ। ਸਾਨੂੰ ਮਜ਼ਬੂਤ ਲੀਡਰਸ਼ਿਪ ਵਿਕਾਸ ਉਪਰਾਲੇ ਕਰਨ ਦੀ ਜ਼ਰੂਰਤ ਹੈ ਜਿਨ੍ਹਾਂ ਦੇ ਜ਼ਰੀਏ ਵਿਦਿਆਰਥਣਾਂ ਆਪਣੇ ਕਰੀਅਰ ਵਿੱਚ ਅੱਗੇ ਵਧ ਕੇ ਵਧੇਰੇ ਉਚਾਈਆਂ ਨੂੰ ਛੂਹ ਸਕਣ।

ਮੇਰਾ ਵਿਸ਼ਵਾਸ ਹੈ ਕਿ ਸਾਡੇ ਅੱਗੇ ਇੱਕ ਹੀ ਰਸਤਾ ਹੈ: ਇੱਕ ਮਜ਼ਬੂਤ ਜੈਂਡਰ ਦ੍ਰਿਸ਼ਟੀ ਨਾਲ, ਸਮਾਨ ਵਿਗਿਆਨਕ ਅਧਾਰ ਤਿਆਰ ਕਰਨ ਲਈ ਸਕੂਲ ਪੱਧਰ ‘ਤੇ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਮੈਥੇਮੈਟਿਕਸ (STEM) ਦੀ ਸਿੱਖਿਆ ਪ੍ਰਦਾਨ ਕਰਕੇ, ਬਾਲੜੀਆਂ ਦੀ ਭਾਗੀਦਾਰੀ ਨੂੰ ਵਧਾਉਣਾ।

*ਲੇਖਿਕਾ ਸਕੱਤਰ, ਬਾਇਓਟੈਕਨੋਲੋਜੀ ਵਿਭਾਗ, ਭਾਰਤ ਸਰਕਾਰ

Check Also

ਕੀ ਤੁਸੀਂ ਜਾਣਦੇ ਹੋ ਲੱਸਣ ਦਾ ਸਪਰੇਅ ਭਜਾ ਸਕਦੈ ਮੱਛਰ

ਨਿਊਜ਼ ਡੈਸਕ :- ਲੱਸਣ ਦੇ ਫਾਇਦਿਆਂ ਨੂੰ ਸਭ ਜਾਣਦੇ ਹਨ ਪਰ ਘੱਟ ਹੀ ਲੋਕਾਂ ਨੂੰ …

Leave a Reply

Your email address will not be published. Required fields are marked *