ਮੁੰਬਈ ਦੇ ਹੋਟਲ ਤਾਜ ‘ਚ ਅੱਤਵਾਦੀਆਂ ਦੇ ਦਾਖਲ ਹੋਣ ਬਾਰੇ ਆਏ ਫੋਨ ਕਾਰਨ ਬਣੀ ਦਹਿਸ਼ਤ !

TeamGlobalPunjab
2 Min Read

 

ਪੁਲਿਸ ਨੇ ਘੰਟਿਆਂ ਵਿੱਚ ਸੁਲਝਾਇਆ ਮਾਮਲਾ, ਦੋ ਗ੍ਰਿਫ਼ਤਾਰ

 

ਮੁੰਬਈ : ਸ਼ਨੀਵਾਰ ਨੂੰ ਮੁੰਬਈ ਦੇ ਹੋਟਲ ਤਾਜ (ਕੋਲਾਬਾ) ਦੀ ਰਿਸੇਪਸ਼ਨ ‘ਤੇ  ਇਕ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਦੱਸਿਆ ਕਿ ਤਾਜ ਦੇ ਪਿਛਲੇ ਗੇਟ ‘ਤੇ ਸੁਰੱਖਿਆ ਵਧਾ ਦਿੱਤੀ ਜਾਵੇ, ਕਿਉਂਕਿ ਮਾਸਕ ਪਹਿਨੇ ਹੋਏ ਬੰਦੂਕਾਂ ਨਾਲ ਲੈਸ ਦੋ ਲੋਕ ਅੰਦਰ ਦਾਖਲ ਹੋਣ ਜਾ ਰਹੇ ਹਨ। ਇਸ ਫੋਨ ਤੋਂ ਬਾਅਦ ਇਕ ਸਿਕਿਓਰਿਟੀ ਚੇਤਾਵਨੀ ਦਿੱਤੀ ਗਈ। ਸਾਰੇ ਐਂਟਰੀ ਅਤੇ ਐਗਜ਼ਿਟ ਗੇਟਾਂ ਦੀ ਸੁਰੱਖਿਆ ਸਖਤ ਕਰਦਿਆਂ ਸਥਾਨਕ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ।

ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਮੁੰਬਈ ਸਾਈਬਰ ਸੈੱਲ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਆਪਣੀ ਜਾਂਚ ਸ਼ੁਰੂ ਕੀਤੀ ਅਤੇ ਜਲਦੀ ਹੀ ਪਤਾ ਲੱਗ ਗਿਆ ਕਿ ਇਹ ਇਕ ਫਰਜ਼ੀ ਕਾਲ ਸੀ ਅਤੇ ਇਕ 14 ਸਾਲਾ ਲੜਕੇ ਨੇ ‘ਪ੍ਰੈੰਕ’ ਕਰਨ ਲਈ ਅਜਿਹਾ ਕੀਤਾ ਸੀ। ਲੜਕਾ ਮਹਾਰਾਸ਼ਟਰ ਦੇ ਕਰਾਡ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਉਸ ਤੋਂ ਅਤੇ ਉਸਦੇ ਪਿਤਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਘਟਨਾ ਸ਼ਨੀਵਾਰ ਦੁਪਹਿਰ ਸਾਢੇ ਤਿੰਨ ਵਜੇ ਵਾਪਰੀ ਅਤੇ ਪੁਲਿਸ ਨੇ ਸਿਰਫ ਇਕ ਘੰਟਾ ਵਿੱਚ ਹੀ ਇਸ ਕੇਸ ਨੂੰ “ਕ੍ਰੈਕ” ਕਰਦਿਆਂ ਦੋਵਾਂ ਨੂੰ ਫੜ ਲਿਆ। ਲੜਕੇ ਦੇ ਪਿਤਾ ਨੇ ਦੱਸਿਆ ਕਿ ਉਸਨੂੰ ਪੁੱਤਰ ਦੀ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਨਾਬਾਲਗ ਦੇ ਅਜਿਹਾ ਕਰਨ ਪਿੱਛੇ ਕੋਈ ਕਾਰਨ ਸਾਹਮਣੇ ਨਹੀਂ ਆਇਆ ਹੈ।

ਅਜਿਹਾ ਹੀ ਇਕ ਮਾਮਲਾ ਪਹਿਲਾਂ ਵੀ ਆਇਆ ਸੀ ਸਾਹਮਣੇ

ਪਿਛਲੇ ਸਾਲ ਜੂਨ ਮਹੀਨੇ ਵਿੱਚ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ। ਆਪਣੇ ਆਪ ਨੂੰ ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਦੱਸਣ ਵਾਲੇ ਇਕ ਵਿਅਕਤੀ ਨੇ ਦੋ ਵਾਰ ਹੋਟਲ ਨੂੰ ਕਾਲ ਕੀਤੀ ਅਤੇ ਹੋਟਲ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ।  ਬੰਬ ਦੀ ਧਮਕੀ ਤੋਂ ਬਾਅਦ, ਭਾਰੀ ਸੁਰੱਖਿਆ ਬਲਾਂ ਨੂੰ ਹੋਟਲ ਦੇ ਬਾਹਰ ਤਾਇਨਾਤ ਕੀਤਾ ਗਿਆ ਸੀ ਅਤੇ ਸਾਰੇ ਪ੍ਰਵੇਸ਼ ਸਥਾਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ

ਦੱਸ ਦੇਈਏ ਕਿ ਇਸ ਸਮੇਂ ਤਾਜ ਹੋਟਲ ਸਿਰਫ ਕੋਵਿਡ ਮਰੀਜ਼ਾਂ ਦੀ ਸੇਵਾ ਕਰਨ ਵਾਲੇ ਡਾਕਟਰਾਂ ਲਈ ਖੋਲ੍ਹਿਆ ਗਿਆ ਹੈ। ਇੱਥੇ ਰਸੋਈ ਵਿਚ ਤਿਆਰ ਭੋਜਨ ਮੁੰਬਈ ਦੇ ਕਈ ਹਸਪਤਾਲਾਂ ਵਿਚ ਸਪਲਾਈ ਕੀਤਾ ਜਾ ਰਿਹਾ ਹੈ।

Share This Article
Leave a Comment