ਐਸ ਏ ਐਸ ਨਗਰ : ਕੋਰੋਨਾ ਵਾਇਰਸ ਕਾਰਨ ਲਗਾਏ ਕਰਫਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜ਼ਰੂਰੀ ਸਮਾਨ ਘਰ ਘਰ ਪਹੁੰਚਾਉਣ ਦੇ ਯਤਨਾਂ ਦੇ ਹਿੱਸੇ ਵਜੋਂ ਅੱਜ ਮੁਹਾਲੀ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਆਮ ਲੋਕਾਂ ਨੂੰ ਕਰਿਆਨੇ ਦੇ ਸਮਾਨ ਤੋਂ ਇਲਾਵਾ ਸਬਜ਼ੀਆਂ ਅਤੇ ਫਲਾਂ ਦੀ ਘਰ-ਘਰ ਸਪਲਾਈ ਸੁਚਾਰੂ ਢੰਗ ਨਾਲ ਕੀਤੀ ਜਾ ਰਹੀ ਹੈ।
ਇਹ ਸਪਲਾਈ ਪਾਰਦਰਸ਼ੀ ਅਤੇ ਨਿਰਵਿਘਨ ਢੰਗ ਨਾਲ ਕਰਨ ਲਈ 100 ਗਲੀ ਵਿਕਰੇਤਾਵਾਂ ਨੂੰ 6 ਪੁਲਿਸ ਥਾਣਿਆਂ ਫੇਜ 1, 8, 11, ਮਟੌਰ, ਸੁਹਾਣਾ, ਅਤੇ ਨਵਾਂਗਰਾਉਂ ਤੋਂ ਰਵਾਨਾ ਕੀਤਾ ਗਿਆ। ਇਸ ਮੌਕੇ ਤਾਇਨਾਤ 6 ਟੀਮਾਂ ਨੇ ਫੇਜ਼ 1 ਤੋਂ 11 ਤੱਕ ਮੁਹਾਲੀ ਦੇ ਵੱਖ ਵੱਖ ਖੇਤਰਾਂ ਅਤੇ ਸੈਕਟਰ 68, 69, ਅਤੇ 70 ਵਿੱਚ ਜਾ ਕੇ ਸਪਲਾਈ ਦੇ ਕੰਮ ਦੀ ਨਿਗਰਾਨੀ ਕੀਤੀ।
ਇਸ ਮੌਕੇ ਜ਼ਿਲ੍ਹਾ ਮੰਡੀ ਅਫਸਰ ਹਰਭਜਨ ਕੌਰ, ਤਹਿਸੀਲਦਾਰ ਮੁਹਾਲੀ ਰਵਿੰਦਰ ਬਾਂਸਲ, ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਗਿੱਲ ਅਤੇ ਸਕੱਤਰ ਮਾਰਕੀਟ ਕਮੇਟੀ ਖਰੜ ਅਰਚਨਾ ਬਾਂਸਲ ਵੀ ਹਾਜਰ ਸਨ।