Home / ਓਪੀਨੀਅਨ / ਮਾਂ-ਬੋਲੀ ‘ਚ ਸਿੱਖਿਆ ਬੱਚਿਆਂ ਲਈ ਕਿਉਂ ਜ਼ਰੂਰੀ

ਮਾਂ-ਬੋਲੀ ‘ਚ ਸਿੱਖਿਆ ਬੱਚਿਆਂ ਲਈ ਕਿਉਂ ਜ਼ਰੂਰੀ

ਭਾਸ਼ਾ ਦੀ ਸਾਡੇ ਜੀਵਨ ‘ਚ ਕੀ ਅਹਿਮੀਅਤ ਹੈ। ਬੱਚਿਆਂ ਨੂੰ ਕਿਹੜੀ ਭਾਸ਼ਾ ‘ਚ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਤੇ ਮਾਤ-ਭਾਸ਼ਾ ਦੀ ਸਾਡੇ ਜੀਵਨ ‘ਚ ਕਿੰਨੀ ਕੁ ਮਹੱਤਤਾ ਹੈ, ਇਸ ਬਾਰੇ ਅਸੀਂ ਡਾ. ਜੋਗਾ ਸਿੰਘ (ਰਿਟਾਇਰਡ ਪ੍ਰੋਫੈਸਰ ਤੇ ਮੁੱਖੀ-ਭਾਸ਼ਾ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨਾਲ  ਪ੍ਰੋਗਰਾਮ “ਚਿੰਤਨ ਧਾਰਾ” ਰਾਹੀਂ ਗੱਲ ਕਰਾਂਗੇ…

ਸਵਾਲ : ਸੰਚਾਰ ਤੋਂ ਇਲਾਵਾ ਸਾਡੇ ਜੀਵਨ ‘ਚ ਭਾਸ਼ਾ ਦੀ ਹੋਰ ਕਿੰਨੀ ਕੁ ਅਹਿਮੀਅਤ ਹੈ?

ਜਵਾਬ : ਸੰਚਾਰ ਤੋਂ ਇਲਾਵਾ ਸਾਡੇ ਜੀਵਨ ‘ਚ ਭਾਸ਼ਾ ਦੀ ਬਹੁਤ ਅਹਿਮੀਅਤ ਹੈ। ਤੁਸੀਂ ਸੰਚਾਰ ਕਿਸੇ ਵੀ ਭਾਸ਼ਾ ‘ਚ ਕਰ ਸਕਦੇ ਹੋ। ਇੱਕ ਮਨੁੱਖ ਦਾ ਇਤਿਹਾਸ, ਸਿੱਖਿਆ ਤੇ ਉਸ ਦਾ ਸਾਹਿਤ ਸਭ ਭਾਸ਼ਾ ‘ਚ ਹੀ ਹੁੰਦਾ ਹੈ। ਇਸ ਤੋਂ ਇਲਾਵਾ ਮੰਡੀਆਂ ਦਾ ਸਾਰਾ ਕੰਮ ਵੀ ਭਾਸ਼ਾ ‘ਚ ਹੀ ਹੁੰਦਾ ਹੈ। ਭਾਸ਼ਾ ਤਾਕਤ ਦੀ ਵੰਡ ‘ਚ ਵੀ ਬਹੁਤ ਵੱਡਾ ਰੋਲ ਅਦਾ ਕਰਦੀ ਹੈ। ਉਦਾਹਰਨ ਤੌਰ ‘ਤੇ ਸਾਡੇ ਦੇਸ਼ ਦੀ ਮੌਜੂਦਾ ਸਥਿਤੀ ‘ਚ ਜਿਹੜੀਆਂ ਉੱਚ ਸ਼੍ਰੇਣੀ ਜਾਂ ਲਾਭ ਵਾਲੀਆਂ ਨੌਕਰੀਆਂ ਹਨ ਉਹ ਸਾਨੂੰ ਅੰਗ੍ਰੇਜੀ ਤੇ ਹਿੰਦੀ ਮਾਧਿਅਮ ਰਾਹੀਂ ਮਿਲਦੀਆਂ ਹਨ। ਇਸ ਲਈ ਅੰਗ੍ਰੇਜੀ ਤੇ ਹਿੰਦੀ ਮਾਧਿਅਮ ਵਾਲਿਆਂ ਨੂੰ ਬਾਕੀ ਭਾਸ਼ਾਵਾਂ ਦੇ ਮੁਕਾਬਲੇ ਬਹੁਤ ਵੱਡਾ ਲਾਭ ਦਿੱਤਾ ਗਿਆ ਹੈ। ਭਾਸ਼ਾ ਸੁਖਮ ਤੇ ਸਮਾਜ ‘ਚ ਵੰਡ ਪੈਦਾ ਕਰਨ ਵਾਲੀ ਚੀਜ਼ ਹੈ। ਭਾਸ਼ਾ ਦੇ ਪਸਾਰੇ ਬਹੁਤ ਵੱਡੇ ਹਨ। ਇਹ ਮਨੁੱਖ ਦੇ ਪੂਰੇ ਜੀਵਨ, ਸਮਾਜ ਤੇ ਪੂਰੇ ਦੇਸ਼ ਨੂੰ ਵੀ ਪ੍ਰਭਾਵਿਤ ਕਰਦੀ ਹੈ।

 

ਸਵਾਲ : ਕੀ ਭਾਸ਼ਾ ਮੰਡੀਕਰਨ ਤੋਂ ਜ਼ਿਆਦਾ ਮਨੁੱਖ ਦੇ ਜੀਵਨ ਨੂੰ ਘੜਨ ‘ਚ ਵੀ ਅਹਿਮ ਰੋਲ ਅਦਾ ਕਰਦੀ ਹੈ?

ਜਵਾਬ : ਇੱਕ ਮਨੁੱਖ ਦੇ ਚੇਤਿਆਂ ਦਾ ਜੋੜ ਹੀ ਉਸ ਦੀ ਮਾਨਸਿਕਤਾ ਤੇ ਉਸ ਦਾ ਸੁਭਾਅ ਹੁੰਦਾ ਹੈ। ਮਨੁੱਖ ਨੂੰ ਇਹ ਚੇਤੇ ਭਾਸ਼ਾ ਦੇ ਰਾਹੀਂ ਆਪਣੇ ਵਿਰਸੇ, ਲੋਕ ਸਾਹਿਤ, ਤੇ ਕਹਾਣੀਆਂ ਤੋਂ ਮਿਲਦੇ ਹਨ।

ਸਵਾਲ : ਤੁਹਾਡੇ ਵੱਲੋਂ ਬੱਚਿਆਂ ਨੂੰ ਮਾਤ-ਭਾਸ਼ਾ ‘ਚ ਹੀ ਮੁੱਢਲੀ ਸਿੱਖਿਆ ਦੇਣ ‘ਤੇ ਕਿਉਂ ਜ਼ੋਰ ਦਿੱਤਾ ਜਾਂਦਾ ਹੈ?

ਜਵਾਬ : ਦੁਨੀਆ ਭਰ ‘ਚ ਇਸ ਵਿਸ਼ੇ ‘ਤੇ ਜਿੰਨੀ ਵੀ ਖੋਜ ਹੋਈ ਹੈ ਉਹ ਇਸ ਗੱਲ ਨੂੰ ਸਾਬਤ ਕਰਦੀ ਹੈ ਕਿ ਇੱਕ ਬੱਚੇ ਨੂੰ ਸਿੱਖਿਆ ਕਾਮਯਾਬੀ ਨਾਲੋਂ ਮਾਤ-ਭਾਸ਼ਾ ਰਾਹੀਂ ਹੀ ਦਿੱਤੀ ਜਾ ਸਕਦੀ ਹੈ। ਬ੍ਰਿਟਿਸ਼ ਕੌਂਸਲ ਦਾ ਮੰਨਣਾ ਹੈ ਕਿ ਕਿਸੇ ਵੀ ਬੱਚੇ ਨੂੰ ਦੂਜੀ ਭਾਸ਼ਾ ਜਾਂ ਪ੍ਰੀ-ਭਾਸ਼ਾ ਸਿੱਖਣ ਲਈ ਛੇ ਤੋਂ ਅੱਠ ਸਾਲ ਦਾ ਸਮਾਂ ਲੱਗਦਾ ਹੈ। ਜਿਸ ਨਾਲ ਬੱਚੇ ਦਾ ਸਮਾਂ ਤੇ ਪੈਸੇ ਦਾ ਬਹੁਤ ਨੁਕਸਾਨ ਹੁੰਦਾ ਹੈ। ਇਸ ਲਈ ਪੂਰੀ ਦੁਨੀਆ ‘ਚ ਜਿੱਥੇ ਸਿੱਖਿਆ ਕਾਮਯਾਬੀ ਨਾਲ ਦਿੱਤੀ ਜਾ ਰਹੀ ਹੈ ਉੱਥੇ ਮਾਤ-ਭਾਸ਼ਾ ਰਾਹੀਂ ਵੀ ਸਿੱਖਿਆ ਦਿੱਤੀ ਜਾ ਸਕਦੀ ਹੈ।

2018 ਦੇ ਅੰਕੜਿਆਂ ਅਨੁਸਾਰ ਭਾਰਤ ਦੀ ਇੱਕੋ-ਇੱਕ ਸਿੱਖਿਆ ਸੰਸਥਾ ਇੰਡੀਅਨ ਇੰਸਟੀਚਿਊਟ ਆਫ ਸਾਇੰਸ(ਬੰਗਲੌਰ) ਦੁਨੀਆ ਦੀਆਂ ਪਹਿਲੀਆਂ 300 ਸਿੱਖਿਆ ਸੰਸਥਾਵਾਂ ‘ਚ ਆਉਂਦੀ ਸੀ। ਪਰ ਮੌਜੂਦਾ ਅੰਕੜਿਆਂ ਅਨੁਸਾਰ ਬੰਗਲੌਰ ਦੀ ਸਿੱਖਿਆ ਸੰਸਥਾ ਪਹਿਲੀਆਂ 300 ਸਿੱਖਿਆ ਸੰਸਥਾਵਾਂ ‘ਚੋਂ ਵੀ ਬਾਹਰ ਹੋ ਗਈ ਹੈ। ਸ਼ੁਰੂ ਤੋਂ ਹੀ ਇਸ ਸੰਸਥਾ ਦਾ ਮਾਧਿਅਮ ਅੰਗ੍ਰੇਜੀ ਰਿਹਾ ਹੈ ਤੇ ਮੌਜੂਦਾ ਸਮੇਂ ਵੀ ਇਸ ਸੰਸਥਾ ‘ਚ ਅੰਗ੍ਰੇਜੀ ‘ਚ ਹੀ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਸੰਸਥਾ ‘ਚ ਭਾਰਤ ਦੇ ਸਭ ਤੋਂ ਪ੍ਰਤਿਭਾਵਾਨ ਵਿਦਿਆਰਥੀਆਂ ਨੂੰ ਹੀ ਦਾਖਲਾ ਦਿੱਤਾ ਜਾਂਦਾ ਹੈ। ਪਰ ਜੇਕਰ ਇਨ੍ਹਾਂ ਪ੍ਰਤਿਭਾਵਾਨ ਵਿਦਿਆਰਥੀਆਂ ਦੇ ਨਾਲ ਵੀ ਜੇਕਰ ਇੰਡੀਅਨ ਇੰਸਟੀਚਿਊਟ ਆਫ ਸਾਇੰਸ(ਬੰਗਲੌਰ) ਦੁਨੀਆ ਦੀਆਂ ਪਹਿਲੀਆਂ 300 ਸਿੱਖਿਆ ਸੰਸਥਾਵਾਂ ‘ਚ ਵੀ ਸਥਾਨ ਨਹੀਂ ਬਣਾ ਸਕੀ ਤਾਂ ਫਿਰ ਬਾਕੀ ਅਸੀਂ ਕੀ ਤਰੱਕੀ ਕਰ ਸਕਦੇ ਹਾਂ? ਸਿੱਖਿਆ ਦੇ ਹਰ ਪੱਧਰ ‘ਤੇ ਅਸੀਂ ਬਾਕੀ ਦੇਸ਼ਾਂ ਤੋਂ ਕਾਫੀ ਪੱਛੜੇ ਹੋਏ ਹਾਂ। ਜਿਸ ਦਾ ਇੱਕ ਵੱਡਾ ਕਾਰਨ ਮਾਤ-ਭਾਸ਼ਾ ‘ਚ ਮੁੱਢਲੀ ਸਿੱਖਿਆ ਦਾ ਨਾ ਹੋਣਾ ਹੈ।

ਸਵਾਲ : ਨਵੀਂ ਸਿੱਖਿਆ ਨੀਤੀ ਤਹਿਤ ਹਿੰਦੀ ਤੇ ਸੰਸਕ੍ਰਿਤ ਭਾਸ਼ਾ ਨੂੰ ਹਰ ਖੇਤਰ ‘ਚ ਮੁੱਢ ਤੋਂ ਹੀ ਵਧੇਰੇ ਮਹੱਤਵ ਦੇਣ ਦੀ ਗੱਲ ਕਹੀ ਗਈ ਹੈ। ਇਹ ਕਿੱਥੋਂ ਤੱਕ ਵਾਜਿਬ ਹੈ?

ਜਵਾਬ : ਨਵੀਂ ਸਿੱਖਿਆ ਨੀਤੀ ‘ਚ ਕਿਹਾ ਗਿਆ ਹੈ ਕਿ ਕੋਈ ਵੀ ਬੱਚਾ ਚੌਥੇ ਸਾਲ ਸਕੂਲ ਜਾਵੇਗਾ ਤੇ ਪਹਿਲੇ ਤਿੰਨ ਸਾਲ ਉਸ ਨੂੰ ਤਿੰਨ ਭਾਸ਼ਾਵਾਂ ਮਾਤ-ਭਾਸ਼ਾ, ਅੰਗ੍ਰੇਜੀ ਤੇ ਹਿੰਦੀ(ਭਾਰਤੀ ਭਾਸ਼ਾ) ਦੀ ਸਿੱਖਿਆ ਦਿੱਤੀ ਜਾਵੇਗੀ। ਇਸ ਲਈ ਉਹ ਦਲੀਲ ਦਿੰਦੇ ਹਨ ਕਿ ਇੱਕ ਛੋਟਾ ਬੱਚਾ ਵੱਡੇ ਵਿਅਕਤੀ ਦੇ ਮੁਕਾਬਲੇ ਸਹਿਜੇ ਹੀ ਭਾਸ਼ਾ ਸਿੱਖ ਜਾਂਦਾ ਹੈ। ਇਹ ਗੱਲ ਸਹੀ ਹੈ ਕਿ ਮਨੁੱਖ ਨੂੰ ਭਾਸ਼ਾਵਾਂ ਸਿੱਖਣ ਦੀ ਲੋੜ ਹੈ ਪਰ ਇਸ ਗੱਲ ਦਾ ਕੋਈ ਆਧਾਰ ਨਹੀਂ ਕਿ ਇੱਕ ਛੋਟਾ ਬੱਚਾ ਇੱਕ ਬਾਲਗ(ਵਿਅਕਤੀ) ਦੇ ਮੁਕਾਬਲੇ ਜਲਦੀ ਭਾਸ਼ਾ ਸਿੱਖਦਾ ਹੈ। ਦੁਨੀਆ ਦੀ ਸਭ ਤੋਂ ਵੱਡੀ ਖੋਜ ਸੰਸਥਾ ਐੱਮਆਈਟੀ ਜੋ ਅਮਰੀਕਾ ‘ਚ ਸਥਿਤ ਹੈ ਦੇ ਖੋਜ ਨਤੀਜਿਆਂ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਕਿਸੇ ਬੱਚੇ ਨੂੰ ਮਾਤ-ਭਾਸ਼ਾ ਤੋਂ ਇਲਾਵਾ ਦੂਜੀ ਭਾਸ਼ਾ ਪੜ੍ਹਾਉਣੀ ਹੋਵੇ ਤਾਂ ਉਸ ਭਾਸ਼ਾ ਨੂੰ ਬਾਲਗ ਇੱਕ ਛੋਟੇ ਬੱਚੇ ਨਾਲੋਂ ਜਲਦੀ ਸਿੱਖਦਾ ਹੈ। ਕਿਉਂਕਿ ਹੋਰ ਭਾਸ਼ਾਵਾਂ ਸਿੱਖਣੀਆਂ ਬਹੁਤ ਜ਼ਰੂਰੀ ਹਨ, ਇਸ ਲਈ ਜਦੋਂ ਬੱਚੇ ਥੋੜ੍ਹੇ ਵੱਡੇ ਹੋ ਜਾਣ ਉਦੋਂ ਉਨ੍ਹਾਂ ਨੂੰ ਹੋਰ ਭਾਸ਼ਾਵਾਂ ਸਿਖਾਈਆਂ ਜਾਣ। ਜਿਸ ਨਾਲ ਉਹ ਥੋੜ੍ਹੇ ਸਮੇਂ ‘ਚ ਵਧੇਰੇ ਭਾਸ਼ਾਵਾਂ ਸਿੱਖ ਜਾਣਗੇ। ਇਸ ਦੇ ਉਲਟ ਬੱਚੇ ਦੇ ਜਨਮ ਦੇ ਪਹਿਲੇ ਤਿੰਨ ਸਾਲਾਂ ‘ਚ ਇੱਕ ਤੋਂ ਵਧੇਰੇ ਭਾਸ਼ਾਵਾਂ ਬੱਚੇ ਦੇ ਸਮੇ ਦਾ ਬਹੁਤ ਨੁਕਸਾਨ ਕਰਦੀਆਂ ਹਨ।

ਇਸ ਸਮੇਂ ਚੀਨ ਪੂਰੀ ਦੁਨੀਆ ‘ਚ ਸਭ ਤੋਂ ਜ਼ਿਆਦਾ ਸਮਾਨ ਵੇਚ ਰਿਹਾ ਹੈ। ਹਾਲਾਂਕਿ ਭਾਰਤ ਦਾ ਵੀ ਚੀਨ ਨਾਲ ਵਪਾਰ ਹੁੰਦਾ ਹੈ। ਚੀਨ ‘ਚ ਬੱਚੇ ਨੂੰ ਚੌਥੀ ਜਮਾਤ ‘ਚ ਅੰਗ੍ਰੇਜੀ ਭਾਸ਼ਾ ਸਿਖਾਉਣੀ ਸ਼ੁਰੂ ਕੀਤੀ ਜਾਂਦੀ ਹੈ ਤੇ ਨੌਵੀਂ ਜਮਾਤ ਤੱਕ ਬੱਚੇ ਨੂੰ ਹਫਤੇ ‘ਚ ਕੁੱਲ 2 ਘੰਟੇ ਅੰਗ੍ਰੇਜੀ ਭਾਸ਼ਾ ਸਿਖਾਈ ਜਾਂਦੀ ਹੈ। ਚੀਨ ਦੇ ਸਕੂਲਾਂ ‘ਚ ਬੱਚਿਆਂ ਨੂੰ ਅੰਗ੍ਰੇਜੀ ਭਾਸ਼ਾ ਤੋਂ ਤਿੰਨ ਗੁਣਾਂ ਸਮਾਂ ਚੀਨੀ ਭਾਸ਼ਾ ਤੇ ਗਣਿਤ ਦੀ ਭਾਸ਼ਾ ਨੂੰ ਸਿਖਾਉਣ ‘ਤੇ ਲਗਾਇਆ ਜਾਂਦਾ ਹੈ। ਚੀਨ ਇਸ ਸਮੇਂ ਸਾਰੀ ਦੁਨੀਆ ‘ਚ ਪੂਰੀ ਕਾਮਯਾਬੀ ਨਾਲ ਸੰਚਾਰ ਕਰ ਰਿਹਾ ਹੈ ਤੇ ਹਰ ਤਰ੍ਹਾਂ ਨਾਲ ਭਾਰਤ ਤੋਂ ਜ਼ਿਆਦਾ ਕਾਮਯਾਬ ਹੈ। ਇਸ ਲਈ ਇਹ ਇੱਕ ਬਹੁਤ ਵੱਡਾ ਭਰਮ ਹੈ ਕਿ ਛੋਟਾ ਬੱਚਾ ਸਹਿਜੇ ਹੀ ਦੂਜੀਆਂ ਭਾਸ਼ਾਵਾਂ ਨੂੰ ਇੱਕ ਬਾਲਗ ਨਾਲੋਂ ਜਲਦੀ ਸਿੱਖਦਾ ਹੈ। ਕਿਉਂਕਿ ਬਾਲਗ ਹੀ ਦੂਜੀਆਂ ਭਾਸ਼ਾਵਾਂ ਨੂੰ ਜਲਦੀ ਸਿੱਖਦਾ ਹੈ। ਇੱਕ ਬੱਚੇ ਵੱਲੋਂ ਸਹਿਜੇ ਹੀ ਆਲੇ-ਦੁਆਲੇ ਤੋਂ ਸਿੱਖੀ ਭਾਸ਼ਾ ਤੇ ਕਲਾਸ ‘ਚ ਰਸਮੀ ਤੌਰ ‘ਤੇ ਭਾਸ਼ਾ ਸਿੱਖਣ ‘ਚ ਜਮੀਨ ਆਸਮਾਨ ਦਾ ਫਰਕ ਹੈ।

ਸਵਾਲ : ਜੇਕਰ ਕਿਸੇ ਬੱਚੇ ਨੂੰ ਪਹਿਲੇ ਤਿੰਨ ਸਾਲਾਂ ‘ਚ ਇੱਕ ਤੋਂ ਵਧੇਰੇ ਭਾਸ਼ਾਵਾਂ ਇਕੱਠੀਆਂ ਹੀ ਸਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਇਸ ਦੇ ਕੀ ਨਤੀਜੇ ਸਾਹਮਣੇ ਆਉਣਗੇ?

ਜਵਾਬ : ਇਸ ਤਰ੍ਹਾਂ ਕਰਨ ਨਾਲ ਬੱਚਾ ਭਾਸ਼ਾਵਾਂ ‘ਚ ਹੀ ਉਲਝ ਕੇ ਰਹਿ ਜਾਵੇਗਾ। ਗਣਿਤ ਦਾ ਵਿਸ਼ਾ ਬੱਚੇ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਤੇ ਜੇਕਰ ਉਹ ਗਣਿਤ ਨੂੰ ਬਹੁਤਾ ਸਮਾਂ ਨਹੀਂ ਦੇਵੇਗਾ ਤਾਂ ਉਹ ਪਿੱਛੇ ਰਹਿ ਜਾਵੇਗਾ। ਜੇਕਰ ਬੱਚਾ ਗਣਿਤ ‘ਚ ਹੀ ਪਿੱਛੇ ਰਹਿ ਗਿਆ ਤਾਂ ਵਿਗਿਆਨ ਦੇ ਜਿੰਨੇ ਵੀ ਵਿਸ਼ੇ ਹਨ ਉਨ੍ਹਾਂ ‘ਚ ਬੱਚਾ ਅੱਗੇ ਵਧ ਹੀ ਨਹੀਂ ਸਕਦਾ। ਦੂਜੀ ਗੱਲ ਉਹ ਬੱਚਾ ਇੱਕੋ ਸਮੇਂ ‘ਚ ਇੰਨੀਆਂ ਭਾਸ਼ਾਵਾਂ ਸਿੱਖ ਹੀ ਨਹੀਂ ਪਾਵੇਗਾ ਤੇ ਜੇਕਰ ਇਹ ਸਿੱਖਿਆ ਨੀਤੀ ਲਾਗੂ ਹੋ ਗਈ ਤਾਂ ਭਾਰਤੀ ਸਿੱਖਿਆ ‘ਚ ਹੋਰ ਵੀ ਗਿਰਾਵਟ ਆ ਜਾਵੇਗੀ।

 

ਸਵਾਲ : ਕੀ ਇਸ ਨਾਲ ਬੱਚੇ ਦੇ ਵਿਕਾਸ਼ ‘ਚ ਵੀ ਮਾਨਸਿਕ ਤੌਰ ‘ਤੇ ਦਿੱਕਤਾਂ ਆਉਂਦੀਆਂ ਹਨ?

ਜਵਾਬ : ਭਾਸ਼ਾ ਸਿਰਫ ਇੱਕ ਭਾਸ਼ਾ ਹੀ ਨਹੀਂ ਹੁੰਦੀ ਅਸਲ ‘ਚ ਉਹ ਪੂਰੀ ਸੋਚ ਸੰਸਾਰ ਹੁੰਦੀ ਹੈ। ਜਦੋਂ ਬੱਚੇ ਨੂੰ ਇੱਕੋ ਸਮੇਂ ਇੱਕ ਤੋਂ ਵਧੇਰੇ ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਹਨ ਤਾਂ ਉਸ ਦਾ ਸਾਹਮਣਾ ਇੱਕ ਤੋਂ ਵੱਧ ਸੋਚ ਸੰਚਾਰਾਂ ਨਾਲ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਬੱਚੇ ਨੂੰ ਪਹਿਲਾਂ ਉਸ ਦਾ ਸਥਾਨਕ ਸੋਚ ਸੰਚਾਰ, ਸੱਭਿਆਚਾਰ ਹੀ ਪੜ੍ਹਾਇਆ ਜਾਵੇ ਤੇ ਜਦੋਂ ਉਸ ਦੀ ਨੀਂਹ ਮਜ਼ਬੂਤ ਹੋ ਜਾਵੇ ਤਾਂ ਉਸ ਤੋਂ ਬਾਅਦ ਹੀ ਦੂਜੀਆਂ ਭਾਸ਼ਾਵਾਂ ਪੜ੍ਹਾਈਆਂ ਜਾਣ।

 

ਸਵਾਲ : ਜਿਹੜੇ ਬੱਚਿਆਂ ਦਾ ਜਨਮ ਵਿਦੇਸ਼ਾਂ ‘ਚ ਹੁੰਦਾ ਹੈ ਉਨ੍ਹਾਂ ਨੂੰ ਕਿਹੜੀ ਭਾਸ਼ਾ ‘ਚ ਸਿੱਖਿਆ ਲੈਣੀ ਚਾਹੀਦੀ ਹੈ?

ਜਵਾਬ : ਦੁਨੀਆ ‘ਚ ਜਿੰਨੇ ਵੀ ਵਿਕਸ਼ਤ ਦੇਸ਼ ਹਨ ਉਨ੍ਹਾਂ ਵੱਲੋਂ ਹਮੇਸਾ ਹੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਬੱਚੇ ਨੂੰ ਮੁੱਢਲੀ ਸਿੱਖਿਆ ਉਨ੍ਹਾਂ ਦੀ ਆਪਣੀ ਮਾਂ-ਬੋਲੀ ‘ਚ ਦਿੱਤੀ ਜਾਵੇ। ਸਿੱਖਿਆ ਦੇ ਮਾਮਲੇ ‘ਚ ਅਮਰੀਕਾ ਬਹੁਤ ਸੁਚੇਤ ਹੈ। ਉਦਾਹਰਨ ਵਜੋਂ ਅਮਰੀਕਾ ਦੇ ਇੱਕ ਹੀ ਸ਼ਹਿਰ ‘ਚ ਇੱਕ ਤੋਂ ਵਧੇਰੇ ਭਾਸ਼ਾਵਾਂ ਦੇ ਸਕੂਲ ਮਿਲ ਜਾਣਗੇ। ਪਰ ਅਮਰੀਕਾ ‘ਚ ਬੱਚਿਆਂ ਨੂੰ ਪ੍ਰਾਇਮਰੀ ਤੱਕ ਮਾਂ-ਬੋਲੀ ‘ਚ ਪੜ੍ਹਾਇਆ ਜਾਂਦਾ ਹੈ ਤੇ ਤੀਜੀ-ਚੌਥੀ ਜਮਾਤ ਤੋਂ ਬਾਅਦ ਉਸ ਨੂੰ ਅੰਗ੍ਰੇਜੀ ਦੀ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਆਸਟ੍ਰੇਲੀਆ ‘ਚ ਬੱਚਿਆਂ ਨੂੰ ਉਨ੍ਹਾਂ ਦੀ ਮੂਲ ਭਾਸ਼ਾ ਡਿਰਬਲ ਤੇ ਨਿਊਜੀਲੈਂਡ ਦੇ ਬੱਚਿਆਂ ਨੂੰ ਉਨ੍ਹਾਂ ਦੀ ਮੂਲ ਭਾਸ਼ਾ “ਮੌਰੀ” ‘ਚ ਪੜ੍ਹਾਇਆ ਜਾਂਦਾ ਹੈ।

ਪ੍ਰਵਾਸੀ-ਪੰਜਾਬੀ ਲੋਕਾਂ ਨੂੰ ਆਪਣੇ ਬੱਚੇ ਪਹਿਲਾਂ ਮਾਤ-ਭਾਸ਼ਾ ਦੇ ਮਾਧਿਅਮ ‘ਚ ਪੜ੍ਹਾਉਣੇ ਚਾਹੀਦੇ ਹਨ ਤੇ ਉਸ ਤੋਂ ਬਾਅਦ ਹੀ ਉਥੋਂ ਦੀ ਦੂਜੀ ਭਾਸ਼ਾ ਪੜ੍ਹਾਉਣੀ ਚਾਹੀਦੀ ਹੈ।

ਹੁਣੇ ਜਿਹੇ ਅਮਰੀਕਾ ਤੋਂ ਅੰਕੜੇ ਆਏ ਹਨ ਕਿ ਜਿਸ ਵਿਅਕਤੀ ਨੂੰ ਅਮਰੀਕਾ ‘ਚ ਅੰਗ੍ਰੇਜੀ ਭਾਸ਼ਾ ਤੋਂ ਇਲਾਵਾ ਕੋਈ ਹੋਰ ਭਾਸ਼ਾ ਆਉਂਦੀ ਹੋਵੇ ਤਾਂ ਉਸ ਲਈ 49 ਪ੍ਰਤੀਸ਼ਤ ਨੌਕਰੀ ਦੇ ਮੌਕੇ ਵੱਧ ਜਾਂਦੇ ਹਨ। ਅਮਰੀਕਾ ਨੂੰ ਅਜਿਹੇ ਵਿਅਕਤੀਆਂ ਦੀ ਲੋੜ ਹੈ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਨੂੰ ਜਾਣਦੇ ਹੋਣ ਤੇ ਅਮਰੀਕਾ ‘ਚ ਬੈਠ ਕੇ ਹੀ ਦੂਜੇ ਦੇਸ਼ਾਂ ਨਾਲ ਵਪਾਰ ਕਰ ਸਕਣ। ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਪਿੱਛੇ ਜਿਹੇ ਕੈਨੇਡਾ ਤੋਂ ਇੱਕ ਖੋਜ ਹੋਈ ਸੀ ਕਿ ਜਿਹੜੇ ਪੰਜਾਬੀ ਬੱਚੇ ਘਰਾਂ ‘ਚ ਪੰਜਾਬੀ ਬੋਲਦੇ ਨੇ ਤੇ ਉਨ੍ਹਾਂ ਦੇ ਘਰਾਂ ‘ਚ ਵੀ ਪੰਜਾਬੀ ਬੋਲੀ ਜਾਂਦੀ ਹੈ ਉਨ੍ਹਾਂ ਬੱਚਿਆਂ ਦੀ ਅੰਗ੍ਰੇਜੀ, ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਤੋਂ ਬੇਹਤਰ ਸੀ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਡਰ ਤੋਂ ਪੰਜਾਬੀ ਨਹੀਂ ਸਿਖਾਈ ਸੀ ਕਿ ਕਿਤੇ ਉਨ੍ਹਾਂ ਦੇ ਬੱਚੇ ਅੰਗਰੇਜੀ ‘ਚ ਪਿੱਛੇ ਨਾ ਰਹਿ ਜਾਣ। ਇਸ ਲਈ ਵਿਕਸਤ ਦੇਸ਼ਾਂ ਦੀਆਂ ਸਰਕਾਰਾਂ ਇਸ ਗੱਲ ਨੂੰ ਉਤਸ਼ਾਹਿਤ ਕਰਦੀਆਂ ਹਨ ਕਿ ਬੱਚੇ ਆਪਣੇ ਘਰ ‘ਚ ਜਾ ਕੇ ਆਪਣੀਆਂ ਮਾਤ-ਭਾਸ਼ਾਵਾਂ ਬੋਲਣ। ਜਿਸ ਨਾਲ ਉਹ ਸਥਾਨਕ ਭਾਸ਼ਾ ਵੀ ਚੰਗੀ ਤਰ੍ਹਾਂ ਸਿੱਖ ਜਾਣਗੇ ਤੇ ਨਾਲ ਹੀ ਉਨ੍ਹਾਂ ਨੂੰ ਨੌਕਰੀਆਂ ਦੇ ਮੌਕੇ ਵੀ ਵਧੇਰੇ ਮਿਲਣਗੇ।

      

ਜਿਹੜਾ ਬੱਚਾ ਮਾਤ-ਭਾਸ਼ਾ ਮੱਧ ‘ਚ ਪੜ੍ਹਦਾ ਹੈ ਉਹ ਵਿਦੇਸ਼ੀ ਭਾਸ਼ਾ ਬੇਹਤਰ ਸਿੱਖਦਾ ਹੈ। ਇਸ ਲਈ ਜੇਕਰ ਪ੍ਰਵਾਸੀ-ਪੰਜਾਬੀ ਲੋਕ ਆਪਣੇ ਬੱਚਿਆਂ ਨੂੰ ਮੁੱਢਲੀਆਂ ਜਮਾਤਾਂ ਦੀ ਪੜ੍ਹਾਈ ਪੰਜਾਬੀ ‘ਚ ਕਰਵਾਉਣ ਤਾਂ ਉਨ੍ਹਾਂ ਦੇ ਬੱਚੇ ਉੱਥੋਂ ਦੀਆਂ ਹੋਰ ਭਾਸ਼ਾਵਾਂ ਜਿਵੇਂ ਫਰੈਂਚ ਅੰਗਰੇਜੀ ਆਦਿ ਨੂੰ ਬੇਹਤਰ ਸਿੱਖਣਗੇ।

 

ਸਵਾਲ : ਤੁਹਾਡੇ ਅਨੁਸਾਰ ਪੰਜਾਬ ‘ਚ ਬਾਹਰਲੇ ਰਾਜਾਂ ਤੋਂ ਆਏ ਬੱਚਿਆਂ ਨੂੰ ਉਨ੍ਹਾਂ ਦੀ ਮਾਤ-ਭਾਸ਼ਾ ‘ਚ ਪੜ੍ਹਾਇਆ ਜਾਣਾ ਜ਼ਰੂਰੀ ਹੈ। ਅਜਿਹਾ ਕਿਉਂ?

ਜਵਾਬ : ਜਿਹੜੇ ਪੰਜਾਬੀ ਹਰਿਆਣਾ ‘ਚ ਰਹਿੰਦੇ ਹਨ ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਦੇ ਬੱਚਿਆਂ ਨੂੰ ਸਿੱਖਿਆ ਤੇ ਸੇਵਾਵਾਂ ਪੰਜਾਬੀ ਮਾਤ-ਭਾਸ਼ਾ ‘ਚ ਮਿਲਣ। ਸੰਵਿਧਾਨ ਦੀ ਧਾਰਾ 350-ਏ ‘ਚ ਇਹ ਕਾਨੂੰਨ ਅਧਿਕਾਰ ਦਿੱਤਾ ਗਿਆ ਹੈ ਕਿ ਜੇਕਰ ਕਿਸੇ ਰਾਜ ‘ਚ ਵੱਡੀ ਗਿਣਤੀ ‘ਚ ਹੋਰ ਭਾਸ਼ਾ ਦੇ ਲੋਕ ਰਹਿੰਦੇ ਹਨ ਤਾਂ ਉਨ੍ਹਾਂ ਲੋਕਾਂ ਦੀ ਮੰਗ ਕਰਨ ‘ਤੇ ਰਾਸ਼ਟਰਪਤੀ ਸਥਾਨਕ ਪ੍ਰਸਾਸ਼ਨ ਨੂੰ ਕਹਿ ਸਕਦਾ ਕਿ ਉਨ੍ਹਾਂ ਦੇ ਬੱਚਿਆਂ ਨੂੰ ਪ੍ਰਾਇਮਰੀ ਤੱਕ ਦੀ ਸਿੱਖਿਆ ਉਨ੍ਹਾਂ ਦੀ ਮਾਤ-ਭਾਸ਼ਾ ‘ਚ ਦਿੱਤੀ ਜਾਵੇ। ਇਸੇ ਤਰ੍ਹਾਂ ਧਾਰਾ 347 ਦੇ ਅੰਤਰਗਤ ਉਨ੍ਹਾਂ ਨੂੰ ਭਾਸ਼ਾਈ ਸੇਵਾਵਾਂ ਵੀ ਦਿੱਤੀਆਂ ਜਾ ਸਕਦੀਆਂ ਹਨ।

ਇਸ ਦੇ ਉਲਟ ਜਿਹੜੇ ਬੱਚੇ ਬਾਹਰਲੇ ਰਾਜਾਂ ਤੋਂ ਪੰਜਾਬ ‘ਚ ਆ ਕੇ ਰਹਿੰਦੇ ਹਨ, ਜਿਨ੍ਹਾਂ ਦੀ ਮਾਤ-ਭਾਸ਼ਾ ਪੰਜਾਬੀ ਨਹੀਂ ਹੈ ਉਨ੍ਹਾਂ ਦਾ ਵੀ ਸੰਵਿਧਾਨਕ, ਨੈਤਿਕ ਤੇ ਮਨੁੱਖੀ ਹੱਕ ਬਣਦਾ ਹੈ। ਸੰਯੁਕਤ ਰਾਸ਼ਟਰ ਸੰਘ ਦੀ ਧਾਰਾ 101 ਤਹਿਤ ਮਾਤ-ਭਾਸ਼ਾ ਹਰ ਇੱਕ ਮਨੁੱਖ ਦਾ ਮਨੁੱਖੀ ਹੱਕ ਹੈ ਤੇ ਇਹ ਹੱਕ ਸਭ ਨੂੰ ਮਿਲਣਾ  ਚਾਹੀਦਾ।

 

ਸਵਾਲ : ਵਿਦੇਸ਼ਾਂ ਦੀ ਸਿੱਖਿਆ ਨੀਤੀ ਤੇ ਪੰਜਾਬ ਦੀ ਸਿੱਖਿਆ ਨੀਤੀ ‘ਚ ਕੀ ਫਰਕ ਹੈ?

ਜਵਾਬ : ਸੰਵਿਧਾਨ ਦੇ ਅਨੁਸਾਰ ਸਿੱਖਿਆ ਦਾ ਵਿਸ਼ਾ ਪਹਿਲਾਂ ਮੂਲ ਰੂਪ ‘ਚ ਰਾਜਾਂ ਦਾ ਵਿਸ਼ਾ ਹੁੰਦਾ ਸੀ। ਪਰ 1975 ‘ਚ ਐਮਰਜੈਂਸੀ ਦੇ ਸਮੇਂ ਇਸ ਨੂੰ ਸਾਂਝੀ ਸੂਚੀ ‘ਚ ਪਾ ਦਿੱਤਾ ਗਿਆ। ਸਾਂਝੀ ਸੂਚੀ ਦਾ ਅਰਥ ਹੈ ਕਿ ਜੇਕਰ ਰਾਜ ਦੀ ਨੀਤੀ ‘ਚ ਤੇ ਕੇਂਦਰ ਦੀ ਨੀਤੀ ‘ਚ ਆਪਸੀ ਟਕਰਾਅ ਹੋ ਜਾਵੇ ਤਾਂ ਉਸ ਸਥਿਤੀ ‘ਚ ਕੇਂਦਰ ਦੀ ਨੀਤੀ ਨੂੰ ਰਾਜ ‘ਚ ਲਾਗੂ ਕੀਤਾ ਜਾਂਦਾ ਹੈ। ਜਦੋਂ ਤੱਕ ਸਿੱਖਿਆ ਦਾ ਅਧਿਕਾਰ ਰਾਜਾਂ ਨੂੰ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਸਿੱਖਿਆ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ।

ਸਵਾਲ : ਸਿੱਖਿਆਂ ਤੇ ਭਾਸ਼ਾ ਦੇ ਪੱਖੋਂ ਅੱਜ ਪੰਜਾਬ ਦੀ ਕੀ ਸਥਿਤੀ ਹੈ?

ਜਵਾਬ : ਪੰਜਾਬ ਦੇ ਆਮ ਲੋਕ ਪੰਜਾਬ ਦੀ ਭਾਸ਼ਾ ਪ੍ਰਤੀ ਬਹੁਤ ਚਿੰਤਤ ਹਨ ਤੇ ਉਨ੍ਹਾਂ ਦੀ ਚਿੰਤਾ ਸਾਹਮਣੇ ਵੀ ਆ ਰਹੀ ਹੈ। ਜਿਸ ਕਾਰਨ ਲੋਕਾਂ ਨੇ ਅਮਿਤ ਸ਼ਾਹ ਦੇ ਬਿਆਨ ਦਾ ਭਾਰੀ ਵਿਰੋਧ ਕੀਤਾ ਸੀ। ਪੰਜਾਬ ਦੀ ਤਰ੍ਹਾਂ ਦੱਖਣ ‘ਚ ਵੀ ਅੰਗ੍ਰੇਜੀ ਭਾਸ਼ਾ ਭਾਰੂ ਹੋ ਰਹੀ ਹੈ। ਜਿਹੜੇ ਰਾਜਾਂ ਦੀ ਆਰਥਿਕ ਸਥਿਤੀ ਮਜ਼ਬੂਤ ਸੀ ਉਨ੍ਹਾਂ ਰਾਜਾਂ ‘ਚ ਸਿੱਖਿਆਂ ਦਾ ਨਿਜ਼ੀਕਰਨ ਹੋਇਆ। ਮੌਜੂਦਾ ਸਮੇਂ ਸਿੱਖਿਆ ਦਾ ਪ੍ਰਬੰਧ ਤੇ ਧਾਰਾ ਅੰਗ੍ਰੇਜੀ ਮਾਧਿਅਮ ‘ਤੇ ਆਧਾਰਿਤ ਹੈ। ਜਿਸ ਕਾਰਨ ਪੂਰੇ ਦੇਸ਼ ‘ਚੋਂ ਪੰਜਾਬ ‘ਚ ਵਧੇਰੇ ਬੱਚੇ ਅੰਗ੍ਰੇਜੀ ਮਾਧਿਅਮ ‘ਚ ਪੜ੍ਹ ਰਹੇ ਹਨ। ਜਿਸ ਕਾਰਨ ਪੰਜਾਬ ਦੀ ਸਿੱਖਿਆ ਪਿੱਛੇ ਜਾ ਰਹੀ ਹੈ ਤੇ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਹੈ।

 

ਸਵਾਲ : ਪੰਜਾਬੀ ਬੋਲੀ ਗੁਰੂਆਂ, ਪੈਗੰਬਰਾਂ ਤੇ ਭਗਤਾਂ ਦੀ ਇੱਕ ਪੁਰਾਤਨ ਬੋਲੀ ਹੈ ਜਿਹੜੀ ਕਦੀ ਵੀ ਖਤਮ ਨਹੀਂ ਹੋ ਸਕਦੀ। ਇਸ ਬਾਰੇ ਤੁਹਾਡੇ ਕੀ ਵਿਚਾਰ ਹਨ?

ਜਵਾਬ : ਜੇਕਰ ਸੰਖੇਪ ‘ਚ ਗੱਲ ਕਰੀਏ ਤਾਂ ਜਿਸ ਭਾਸ਼ਾ ਦੀ ਵਰਤੋਂ ਉਸ ਦੇ ਖੇਤਰਾਂ ‘ਚੋਂ ਘੱਟ ਨਹੀਂ ਰਹੀ ਤਾਂ ਫਿਰ ਉਸ ਭਾਸ਼ਾ ਨੂੰ ਕੋਈ ਖਤਰਾ ਨਹੀਂ ਹੈ ਤੇ ਜੇਕਰ ਭਾਸ਼ਾ ਦੀ ਵਰਤੋਂ ਉਸ ਦੇ ਖੇਤਰਾਂ ‘ਚੋਂ ਘੱਟ ਰਹੀ ਹੈ ਤਾਂ ਫਿਰ ਜਿਸ ਦਿਨ ਤੋਂ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਦਿਨ ਤੋਂ ਹੀ ਉਸ ਨੂੰ ਖਤਰਾ ਪੈਦਾ ਹੋ ਜਾਂਦਾ ਹੈ।

ਉਦਾਹਰਨ ਵਜੋਂ ਪਹਿਲਾਂ ਪੰਜਾਬ ‘ਚ ਸਾਰੀ ਸਿੱਖਿਆ ਪੰਜਾਬੀ ਮਾਧਿਅਮ ‘ਚ ਹੁੰਦੀ ਸੀ। ਮੌਜੂਦਾ ਸਮੇਂ 50 ਪ੍ਰਤੀਸ਼ਤ ਬੱਚੇ ਅੰਗ੍ਰੇਜੀ ਮਾਧਿਅਮ ‘ਚ ਚਲੇ ਗਏ ਹਨ। ਜਿਸ ਖੇਤਰ ‘ਚ ਪੰਜਾਬੀ ਦੀ ਸਮਰੱਥਾ ਦੀ ਲੋੜ ਹੈ ਉਸ ਥਾਂ ‘ਤੇ ਅੰਗ੍ਰੇਜੀ ਮਾਧਿਅਮ ‘ਚ ਪੜ੍ਹਨ ਵਾਲੇ ਬੱਚਿਆਂ ਨੂੰ ਮੁਸ਼ਕਿਲਾਂ ਪੇਸ਼ ਆ ਸਕਦੀਆਂ ਹਨ। ਲਾਤੀਨੀ ਤੇ ਸੰਸਕ੍ਰਿਤ ਵਰਗੀਆਂ ਵੱਡੀਆਂ-ਵੱਡੀਆਂ ਭਾਸ਼ਾਵਾਂ ਜਿਨ੍ਹਾਂ ਤੋਂ ਬਹੁਤ ਗਿਆਨ ਮਿਲਦਾ ਸੀ ਤੇ ਵੱਡੀ ਪੱਧਰ ‘ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਸੀ। ਉਨ੍ਹਾਂ ਭਾਸ਼ਾਵਾਂ ਦਾ ਹੁਣ ਨਾਮ ਨਿਸ਼ਾਨ ਹੀ ਨਹੀਂ ਮਿਲਦਾ। ਇਸ ਦਾ ਕਾਰਨ ਸੰਸਕ੍ਰਿਤ ਭਾਸ਼ਾ ਦੇ ਖੇਤਰ ‘ਚ ਹੋਰ ਖੇਤਰੀ ਭਾਸ਼ਾਵਾਂ ਦੇ ਪ੍ਰਭਾਵ ਦਾ ਵਧਣਾ ਹੈ। ਜਿਸ ਕਾਰਨ ਸੰਸਕ੍ਰਿਤ ਭਾਸ਼ਾ ਖਤਮ ਹੋ ਗਈ। ਇਸ ਲਈ ਜੇਕਰ ਪੰਜਾਬ ਦੇ ਖੇਤਰਾਂ ‘ਚ ਪੰਜਾਬੀ ਦੀ ਵਰਤੋਂ ਵੱਧ ਰਹੀ ਹੈ ਤਾਂ ਕੋਈ ਚਿੰਤਾ ਦੀ ਗੱਲ ਨਹੀਂ ਹੈ ਤੇ ਜੇਕਰ ਘੱਟ ਰਹੀ ਹੈ ਤਾਂ ਫਿਰ ਇੱਕ ਵੱਡੀ ਚਿੰਤਾ ਦੀ ਗੱਲ ਹੈ।

Check Also

ਮਹਾਂਮਾਰੀ ਦੇ ਟਾਕਰੇ ਲਈ ਦੇਰੀ ‘ਚ ਕੌਣ ਜ਼ਿੰਮੇਵਾਰ? ਲੋਕ ਜਾਂ ਸਰਕਾਰਾਂ?

-ਜਗਤਾਰ ਸਿੰਘ ਸਿੱਧੂ ਚੰਡੀਗੜ੍ਹ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ …

Leave a Reply

Your email address will not be published. Required fields are marked *