ਮਾਂ ਤੇ ਪੁੱਤਰਾਂ ਦੇ ਰਿਸ਼ਤੇ ਕਿਉਂ ਹੋ ਰਹੇ ਤਾਰ ਤਾਰ

TeamGlobalPunjab
5 Min Read

ਅਵਤਾਰ ਸਿੰਘ

ਸੀਨੀਅਰ ਪੱਤਰਕਾਰ

ਰੂਸ ਦੇ ਮਹਾਨ ਲੇਖਕ ਮੈਕਸਮ ਗੋਰਕੀ ਦਾ ਜਨਮ 1868 ਵਿੱਚ ਹੋਇਆ ਅਤੇ 1936 ਵਿੱਚ ਉਹ ਇਸ ਫਾਨੀ ਦੁਨੀਆ ਨੂੰ ਛੱਡ ਗਿਆ। ਯਤੀਮ ਰਹਿ ਜਾਣ ਕਰਕੇ ਨੌਂ ਵਰ੍ਹੇ ਦੀ ਉਮਰ ਵਿੱਚ ਹੀ ਉਸ ਨੂੰ ਆਪਣੀ ਰੋਟੀ ਆਪ ਕਮਾਉਣੀ ਪੈ ਗਈ। ਕਮਾਈ ਕਰਦਿਆਂ ਉਸ ਨੂੰ ਗਰੀਬੀ ਦੇ ਹਰੇਕ ਤਜ਼ਰਬੇ ਵਿਚੋਂ ਲੰਘਣਾ ਪਿਆ। ਪੰਦਰਾਂ ਵਰ੍ਹੇ ਇਕ ਕੰਮ ਤੋਂ ਦੂਜੇ ਕੰਮ ਵਿੱਚ ਭਟਕਦਾ ਤੇ ਅਵਾਰਾ ਅਤੇ ਬੇਰੁਜ਼ਗਾਰ ਗਰੀਬਾਂ ਨਾਲ ਉਸਦਾ ਵਾਹ ਪੈਂਦਾ ਰਿਹਾ। ਗ਼ਰੀਬੀ ਦੀਆਂ ਮੂੰਹੋਂ ਬੋਲਦੀਆਂ ਕਹਾਣੀਆਂ ਵਿੱਚ ਗੋਰਕੀ ਇਹੋ ਜਿਹੇ ਪਿਆਰ ਦੀਆਂ ਲਟਕਾਂ ਪਾ ਦਿੱਤੀਆਂ ਕਿ ਸਾਰੇ ਲੋਕ ਇਹਨਾਂ ਕਹਾਣੀਆਂ ਨੂੰ ਬੜੀ ਦਿਲਚਸਪੀ ਨਾਲ ਪੜ੍ਹਦੇ ਹਨ।
1905 ਵਿੱਚ ਗੋਰਕੀ ਦੀ ਮਾਤ-ਭੂਮੀ ਰੂਸ ਵਿੱਚ ਬਗਾਵਤ ਹੋ ਗਈ। ਇਹ ਬਗਾਵਤ ਭਾਵੇਂ ਕਾਮਯਾਬ ਨਾ ਹੋਈ ਪਰ ਕਈ ਸ਼ਾਨਦਾਰ ਚਰਿਤ੍ਰ ਇਸ ਨੇ ਰੋਸ਼ਨ ਕੀਤੇ। ਉਹਨਾਂ ਵਿੱਚੋਂ ਇਕ ਕਾਮੇ ਤੇ ਉਸ ਦੀ ਮਾਂ ਇਤਿਹਾਸਕ ਚਰਿਤਰ ਦੇ ਆਧਾਰ ‘ਤੇ ਗੋਰਕੀ ਨੇ 1907 ਵਿੱਚ ਮਾਂ ਨਾਵਲ ਲਿਖਿਆ। ਇਹ ਨਾਵਲ ਸੰਸਾਰ ਸਾਹਿਤ ਦੇ ਇਤਿਹਾਸ ਵਿੱਚ ਸਮਾਜਵਾਦੀ ਯਥਾਰਥਵਾਦ ਦੀ ਪਹਿਲੀ ਕਿਰਤ ਮੰਨਿਆ ਜਾਂਦਾ ਹੈ। ਇਸ ਵਿੱਚ ਉਸ ਵੇਲੇ ਦੀ ਅਸਲੀਅਤ ਨੂੰ ਚਿਤਰਿਆ ਜਾਂ ਪੜਚੋਲਿਆ ਹੀ ਨਹੀਂ ਗਿਆ ਸਗੋਂ ਉਹਨਾਂ ਮਹਾਨ ਪਾਤਰਾਂ ਨੂੰ ਉਲੀਕਿਆ ਗਿਆ ਹੈ ਜਿਹੜੇ ਇਸ ਦੀ ਅਸਲੀਅਤ ਨੂੰ ਵਟਾ ਕੇ ਮਨੁੱਖ ਨੂੰ ਰਾਸ ਆਉਣ ਵਾਲੀ ਜ਼ਿੰਦਗੀ ਘੜ ਰਹੇ ਸਨ; ਅਜਿਹੇ ਇਸਤਰੀਆਂ ਤੇ ਆਦਮੀਆਂ ਦੇ ਦਿਲਾਂ ਦੀ ਖੂਬਸੂਰਤੀ ਤੇ ਜ਼ਿੰਦਗੀ ਵਿੱਚ ਮਹਾਨਤਾ ਨੂੰ ਪ੍ਰਗਟ ਕੀਤਾ ਹੈ ਜਿਹੜੇ ਲੋਕਾਂ ਦੇ ਜੀਵਨ ਨੂੰ ਸੁਖਾਲਿਆਂ ਕਰਨ ਲਈ ਸੰਗਰਾਮ ਅਤੇ ਜਾਨਾਂ ਵਾਰ ਸਕਦੇ ਹਨ। ਮਾਂ ਨਾਵਲ ਦੇ ਬਾਅਦ ਲੋਕਾਂ ਨੇ ਗੋਰਕੀ ਨੂੰ ਆਪਣਾ ਲਿਖਾਰੀ ਤੇ ਨੁਮਾਇੰਦਾ ਮੰਨ ਲਿਆ। ਗੋਰਕੀ ਦਾ ਇਹ ਨਾਵਲ ਅਜੇ ਵੀ ਦੁਨੀਆ ਦੇ ਕਿੰਨੇ ਹੀ ਲੋਕਾਂ ਲਈ ਇਹ ਪ੍ਰੇਰਨਾ ਬਣਿਆ ਹੋਇਆ ਹੈ।
ਪਰ ਅਜੋਕੇ ਸਮੇਂ ਵਿੱਚ ਮਾਂ ਤੇ ਪੁੱਤਰਾਂ ਦੇ ਰਿਸ਼ਤੇ ਤਾਰ ਤਾਰ ਹੋ ਗਏ ਲਗਦੇ ਹਨ। ਇਸ ਦੀ ਮਿਸਾਲ ਮਾਲਵੇ ਦੇ ਇਕ ਪਿੰਡ ਵਿੱਚ ਸਾਹਮਣੇ ਆਈ ਹੈ ਜਿੱਥੇ ਪੁੱਤਰਾਂ ਨੇ ਆਪਣੀ ਮਾਂ ਦੀ ਸੇਵਾ ਤਾਂ ਨਾ ਕੀਤੀ ਪਰ ਉਸ ਦੇ ਫੁੱਲ ਚੋਰੀ ਕਰ ਕੇ ਲੈ ਗਏ।
ਰਿਪੋਰਟਾਂ ਮੁਤਾਬਿਕ ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਥਾਂਦੇਵਾਲਾ ਦੇ ਸ਼ਮਸ਼ਾਨਘਾਟ ਵਿੱਚ ਇਕ ਔਰਤ ਦੀਆਂ ਅਸਥੀਆਂ (ਫੁਲ) ਚੁਗਣ ਗਏ ਪਰਿਵਾਰ ਵਾਲੇ ਤੇ ਪਿੰਡ ਦੇ ਲੋਕ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਸਿਵੇ ਵਿੱਚੋਂ ਅਸਥੀਆਂ ਗਾਇਬ ਮਿਲੀਆਂ। ਇਸ ਦੌਰਾਨ ਮ੍ਰਿਤਕ ਔਰਤ ਦੇ ਪੁੱਤਾਂ ਵੱਲੋਂ ਜਾਰੀ ਇਕ ਵੀਡੀਓ ਰਾਹੀਂ ਪਤਾ ਲੱਗਿਆ ਕਿ ਉਹ ਰਾਤ ਨੂੰ ਚੋਰੀ ਅਸਥੀਆਂ ਚੁਗ ਕੇ ਲੈ ਗਏ ਸਨ। ਮ੍ਰਿਤਕ ਔਰਤ ਦੇ ਜਵਾਈ ਕ੍ਰਿਸ਼ਨ ਸਿੰਘ ਅਨੁਸਾਰ ਉਸਦੀ ਬਿਰਧ ਸੱਸ ਲੰਬੇ ਸਮੇਂ ਤੋਂ ਉਨ੍ਹਾਂ ਕੋਲ ਹੀ ਰਹਿੰਦੀ ਸੀ। ਕਰੀਬ ਪੰਜ ਸਾਲਾਂ ਤੋਂ ਉਸਦਾ ਚੂਲਾ ਟੁੱਟਿਆ ਹੋਇਆ ਸੀ। ਮਾਤਾ ਦੇ ਤਿੰਨ ਪੁੱਤ ਹਨ ਤੇ ਕਥਿਤ ਤੌਰ ’ਤੇ ਮਾਤਾ ਦੀ ਕੋਈ ਵੀ ਦੇਖਭਾਲ ਨਹੀਂ ਕਰਦਾ ਸੀ। ਮਾਤਾ ਆਪਣੇ ਪੁੱਤਾਂ ਕੋਲ ਪਿੰਡ ਕਰਾਈਵਾਲਾ ਰਹਿਣ ਦੀ ਬਜਾਏ ਆਪਣੀ ਧੀ ਪਲਵਿੰਦਰ ਕੌਰ ਤੇ ਜਵਾਈ ਕ੍ਰਿਸ਼ਨ ਸਿੰਘ ਕੋਲ ਪਿੰਡ ਥਾਂਦੇਵਾਲਾ ਕਰੀਬ ਪੰਜ ਸਾਲਾਂ ਤੋਂ ਰਹਿ ਰਹੀ ਸੀ। ਪਿਛਲੇ ਦਿਨੀਂ 22 ਦਸੰਬਰ ਨੂੰ ਮਾਤਾ ਦਾ ਦੇਹਾਂਤ ਹੋ ਗਿਆ। ਜਵਾਈ ਕ੍ਰਿਸ਼ਨ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਮਾਤਾ ਦੇ ਪੁੱਤਰਾਂ ਸੋਹਣ ਸਿੰਘ ਤੇ ਮੋਹਨ ਸਿੰਘ ਹੋਰਾਂ ਨੂੰ ਮੌਤ ਦੀ ਸੂਚਨਾ ਦਿੱਤੀ ਪਰ ਉਹ ਸਸਕਾਰ ਮੌਕੇ ਵੀ ਸ਼ਾਮਲ ਨਹੀਂ ਹੋਏ। ਫੁਲ ਚੁਗਣ ਦੀ ਰਸਮ ਵਿੱਚ ਸ਼ਾਮਲ ਹੋਣ ਲਈ 24 ਦਸੰਬਰ ਨੂੰ ਬੁਲਾਉਣ ‘ਤੇ ਵੀ ਉਹ ਨਾ ਆਏ ਤੇ ਬਾਅਦ ਵਿੱਚ ਜਦੋਂ ਕ੍ਰਿਸ਼ਨ ਸਿੰਘ ਹੋਰੀਂ ਖੁਦ ਤੇ ਹੋਰ ਪਿੰਡ ਵਾਸੀ ਨਾਲ ਫੁਲ ਚੁੱਗਣ ਗਏ ਤਾਂ ਉਥੇ ਫੁੱਲ ਨਹੀਂ ਸਨ। ਇਸ ਬਾਰੇ ਪਿੰਡ ਵਿੱਚ ਹੋਕਾ ਵੀ ਦਿੱਤਾ ਗਿਆ।
ਇਸ ਦੌਰਾਨ ਕ੍ਰਿਸ਼ਨ ਸਿੰਘ ਤੇ ਪਲਵਿੰਦਰ ਕੌਰ ਨੇ ਕਿਹਾ ਕਿ ਸੋਹਣ ਸਿੰਘ ਤੇ ਮੋਹਨ ਸਿੰਘ ਹੋਰਾਂ ਨੇ ਉਨ੍ਹਾਂ ਦੀ ਮਾਤਾ ਦੇ ਫੁੱਲ ਚੋਰੀ ਕੀਤੇ ਹਨ ਜਿਸ ਸਬੰਧੀ ਉਹ ਪੁਲੀਸ ਪਾਸੋਂ ਕਾਰਵਾਈ ਦੀ ਮੰਗ ਕਰਦੇ ਹਨ। ਉਧਰ ਸੋਹਣ ਸਿੰਘ ਤੇ ਮੋਹਨ ਸਿੰਘ ਵਾਸੀ ਕਰਾਈਵਾਲਾ ਦਾ ਕਹਿਣਾ ਹੈ ਕਿ ਉਹ ਆਪਣੀ ਮਾਂ ਦੀ ਅੰਤਿਮ ਅਰਦਾਸ ਆਪਣੇ ਘਰ ਕਰਨਾ ਚਾਹੁੰਦੇ ਹਨ ਇਸ ਲਈ ਫੁੱਲ ਲੈ ਕੇ ਆਏ ਹਨ ਜਿਸ ਵਿੱਚ ਕੁਝ ਵੀ ਗਲਤ ਨਹੀਂ।
ਇਹ ਘਟਨਾ ਸਭ ਦੀ ਸਮਝ ਤੋਂ ਬਾਹਰ ਹੈ। ਮਾਂ ਦੀ ਅਹਿਮੀਅਤ ਸਮਝਣ ਲਈ ਸਭ ਨੂੰ ਗੋਰਕੀ ਦਾ ਨਾਵਲ ‘ਮਾਂ’ ਪੜ੍ਹਨਾ ਚਾਹੀਦਾ ਹੈ।

Share this Article
Leave a comment