ਖੰਨਾ : ਸੱਤਾਧਾਰੀ ਕਾਂਗਰਸ ਪਾਰਟੀ ਨੂੰ ਹਰ ਦਿਨ ਵਿਰੋਧੀ ਪਾਰਟੀਆਂ ਵੱਲੋਂ ਲੰਬੇ ਹੱਥੀਂ ਲਿਆ ਜਾਂਦਾ ਹੈ। ਇਸ ਦੇ ਚਲਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਸਰਕਾਰ ਵਿਰੁੱਧ ਦੱਬ ਕੇ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਅੱਜ ਥਰਮਲ ਪਲਾਟਾਂ ਦੇ ਜਿਹੜੇ ਪੀਪੀਏ ਹਨ ਅਤੇ ਅੱਜ ਜਿਹੜਾ ਕੇਸ ਇਹ ਹਾਰ ਗਏ ਹਨ ਉਹ ਇਸ ਗੱਲ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਹਨ।
ਬਿਕਰਮ ਮਜੀਠੀਆ ਨੇ ਕੈਪਟਨ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਜਿਹੜੇ ਕੇਸ ਅਕਾਲੀ ਸਰਕਾਰ ਦੌਰਾਨ ਜਿੱਤੇ ਹੋਏ ਸਨ ਅੱਜ ਇਨ੍ਹਾਂ ਦੀ ਮਿਲੀ ਭੁਗਤ ਕਾਰਨ ਹਾਰ ਗਏ ਹਨ ਜਿਸ ਕਾਰਨ ਪੰਜਾਬ ਦੇ ਲੋਕਾਂ ‘ਤੇ ਬਿਜਲੀ ਬਿੱਲਾਂ ਦਾ ਬੋਝ ਪੈ ਰਿਹਾ ਹੈ। ਮਜੀਠੀਆ ਨੇ ਦਾਅਵਾ ਕੀਤਾ ਕਿ ਜਿਸ ਸਮੇਂ 2017 ਵਿੱਚ ਉਨ੍ਹਾਂ ਨੇ ਸਰਕਾਰ ਛੱਡੀ ਸੀ ਤਾਂ ਲੋਕ ਬਿਜਲੀ ਬਿੱਲਾਂ ਤੋਂ ਇੰਨੇ ਪ੍ਰੇਸ਼ਾਨ ਨਹੀਂ ਸਨ ਪਰ ਹੁਣ ਬਿਜਲੀ ‘ਤੇ ਵਾਧੂ ਟੈਕਸ ਲਗਾ ਕੇ ਲੋਕਾਂ ‘ਤੇ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਤਹਿਸੀਲਦਾਰ ਦੇ ਦਰਸ਼ਨ ਕਰਨ ਲਈ 500 ਰੁਪਏ ਫੀਸ ਦੇਣੀ ਪੈਂਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ ਕਾਰਗੁਜਾਰੀ ਪੂਰੀ ਤਰ੍ਹਾਂ ਫੇਲ੍ਹ ਹੋ ਚੁਕੀ ਹੈ। ਇੱਥੇ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਸਮਾਰਟ ਸਕੂਲਾਂ ਦੇ ਬਿਆਨ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਅੱਜ ਇਨ੍ਹਾਂ ਦੇ ਐਮਐਲਏ ਹੀ ਸਮਾਰਟ ਦਿਖਾਈ ਦੇ ਰਹੇ ਹਨ ਹੋਰ ਕੁਝ ਵੀ ਨਹੀਂ।