ਅਰੁਨਾ ਚੌਧਰੀ ਵੱਲੋਂ ਛਪਾਈ ਦਾ ਕੰਮ ਸਰਕਾਰੀ ਪ੍ਰੈੱਸਾਂ ਤੋਂ ਕਰਵਾਉਣ ਦੀ ਹਦਾਇਤ

TeamGlobalPunjab
3 Min Read

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਅਤੇ ਇਸ ਅਧੀਨ ਸਮੂਹ ਕਮਿਸ਼ਨਾਂ ਦੇ ਉੱਚ ਅਧਿਕਾਰੀਆਂ ਨੂੰ ਵੱਖ-ਵੱਖ ਸਕੀਮਾਂ ਅਧੀਨ ਹੁੰਦਾ ਛਪਾਈ ਦਾ ਸਾਰਾ ਕੰਮ ਮੋਹਾਲੀ ਅਤੇ ਪਟਿਆਲਾ ਸਥਿਤ ਸਰਕਾਰੀ ਪ੍ਰੈੱਸਾਂ ਤੋਂ ਕਰਾਉਣ ਦੀ ਹਦਾਇਤ ਕੀਤੀ ਹੈ।

ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ’ਤੇ ਜ਼ੋਰ ਦਿੰਦਿਆਂ ਸ੍ਰੀਮਤੀ ਚੌਧਰੀ ਨੇ ਵਿਭਾਗ ਦੇ ਡਾਇਰੈਕਟਰ ਸ੍ਰੀ ਦੀਪਰਵਾ ਲਾਕਰਾ ਨੂੰ ਕਿਹਾ ਹੈ ਕਿ ਉਹ ਹੈਡਕੁਆਰਟਰ ਅਤੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਕਰਕੇ ਵਿਭਾਗ ਅਧੀਨ ਚਲਦੀਆਂ ਵੱਖ-ਵੱਖ ਸਰਕਾਰੀ ਸਕੀਮਾਂ ਅਧੀਨ ਲੰਬਤ ਪਏ ਛਪਾਈ ਦੇ ਕੰਮਾਂ ਦੀ ਰਿਪੋਰਟ ਤਿਆਰ ਕਰਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਸਰਕਾਰੀ ਪ੍ਰੈੱਸਾਂ ਨੂੰ ਕਾਰਆਮਦ ਰੱਖਣ ਅਤੇ ਕਰਦਾਤਾਵਾਂ ਦਾ ਪੈਸਾ ਬਚਾਉਣ ਦੇ ਸਨਮੁੱਖ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਛਪਾਈ ਦਾ ਕੰਮ ਸਿਰਫ਼ ਸਰਕਾਰੀ ਪ੍ਰੈੱਸਾਂ ਤੋਂ ਕਰਾਉਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਹਾਲਾਤ ਵਿੱਚ ਛਪਾਈ ਦਾ ਕੰਮ ਪੰਜਾਬ ਪ੍ਰਿੰਟਿੰਗ ਅਤੇ ਸਟੇਸ਼ਨਰੀ ਮੈਨੂਅਲ ਦੇ ਪੈਰਾ 4.4 ਵਿੱਚ ਕੀਤੇ ਉਪਬੰਧਾਂ ਦੇ ਸਨਮੁੱਖ ਪ੍ਰਾਈਵੇਟ ਪ੍ਰੈੱਸ ਤੋਂ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇ ਵਿਭਾਗ ਜਾਂ ਕਮਿਸ਼ਨ ਦੇ ਅਧਿਕਾਰੀ ਆਮ ਹਾਲਾਤ ਵਿੱਚ ਛਪਾਈ ਦਾ ਕੰਮ ਪ੍ਰਾਈਵੇਟ ਪ੍ਰਿੰਟਿੰਗ ਪ੍ਰੈੱਸ ਤੋਂ ਕਰਵਾਉਂਦੇ ਹਨ ਤਾਂ ਇਹ ਪੰਜਾਬ ਪ੍ਰਿੰਟਿੰਗ ਅਤੇ ਸਟੇਸ਼ਨਰੀ ਮੈਨੂਅਲ ਦੇ ਚੈਪਟਰ-2 ਦੇ ਨਿਯਮ 2.1 ਅਤੇ ਹੋਰ ਸਬੰਧਤ ਉਪਬੰਧਾਂ ਦੀ ਉਲੰਘਣਾ ਹੋਵੇਗੀ ਅਤੇ ਇਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਕਿ ਮੋਹਾਲੀ ਅਤੇ ਪਟਿਆਲਾ ਸਥਿਤ ਸਰਕਾਰੀ ਪ੍ਰੈੱਸਾਂ ਖੁੱਲ੍ਹੀ ਥਾਂ ’ਤੇ ਬਣੀਆਂ ਹੋਈਆਂ ਹਨ ਅਤੇ ਇਨ੍ਹਾਂ ਪ੍ਰੈੱਸਾਂ ਵਿੱਚ ਲੋੜੀਂਦਾ ਸਟਾਫ਼ ਵੀ ਉਪਲਬਧ ਹੈ ਪਰ ਸੂਬੇ ਦੇ ਵਿਭਾਗਾਂ ਵੱਲੋਂ ਛਪਾਈ ਦਾ ਕੰਮ ਪ੍ਰਾਈਵੇਟ ਪ੍ਰੈੱਸਾਂ ਤੋਂ ਕਰਾਉਣ ਕਰ ਕੇ ਇਨਾਂ ਦਾ ਪੂਰਾ-ਪੂਰਾ ਉਪਯੋਗ ਨਹੀਂ ਹੋ ਰਿਹਾ।

- Advertisement -

ਕੈਬਨਿਟ ਮੰਤਰੀ ਨੇ ਉਚੇਚੇ ਤੌਰ ’ਤੇ ਕਿਹਾ ਕਿ ਹੰਗਾਮੀ ਹਾਲਾਤ ਦੇ ਸਨਮੁੱਖ ਜੇਕਰ ਛਪਾਈ ਦਾ ਕੋਈ ਕੰਮ ਪ੍ਰਾਈਵੇਟ ਪ੍ਰੈੱਸਾਂ ਤੋਂ ਕਰਵਾਇਆ ਜਾਣਾ ਜ਼ਰੂਰੀ ਹੈ ਤਾਂ ਉਸ ਸਬੰਧੀ ਛਪਾਈ ਤੇ ਲਿਖਣ ਸਮੱਗਰੀ ਵਿਭਾਗ ਤੋਂ ਇਤਰਾਜ਼ਹੀਣਤਾ ਸਰਟੀਫ਼ਿਕੇਟ ਲੈ ਲਿਆ ਜਾਵੇ। ਮੰਤਰੀ ਨੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ’ਤੇ ਜ਼ੋਰ ਦਿੰਦਿਆਂ ਵਿਭਾਗ ਦੇ ਜੁਆਇੰਟ ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰਾਂ ਨੂੰ ਉਨ੍ਹਾਂ ਅਧੀਨ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰਾਂ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਅਤੇ ਸੁਪਰਡੈਂਟ ਹੋਮਜ਼ ਆਦਿ ਦੀ ਨਿਰੰਤਰ ਨਿਗਰਾਨੀ ਕਰ ਕੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣਗੇ।

Share this Article
Leave a comment