ਵਰਲਡ ਡੈਸਕ :- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਪ੍ਰੈਲ ਦੇ ਆਖੀਰ ‘ਚ ਭਾਰਤ ਦੌਰੇ ‘ਤੇ ਆਉਣਗੇ। ਭਾਰਤ ਦੇ 72ਵੇਂ ਗਣਤੰਤਰ ਦਿਵਸ ‘ਤੇ ਬੋਰਿਸ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਪਰ ਬ੍ਰਿਟੇਨ ‘ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਉਨ੍ਹਾਂ ਆਪਣੀ ਯਾਤਰਾ ਰੱਦ ਕਰ ਦਿੱਤੀ ਸੀ।
ਯੂਰਪੀ ਸੰਘ ਤੋਂ ਬ੍ਰਿਟੇਨ ਦੇ ਬਾਹਰ ਨਿੱਕਲਣ ਤੋਂ ਬਾਅਦ ਬੋਰਿਸ ਜੌਨਸਨ ਦੀ ਇਹ ਪਹਿਲੀ ਵੱਡੀ ਅੰਤਰ ਰਾਸ਼ਟਰੀ ਯਾਤਰਾ ਹੋਵੇਗੀ। ਇਸ ਦੀ ਜਾਣਕਾਰੀ ਜੌਨਸਨ ਦੇ ਦਫਤਰ ਵੱਲੋਂ ਦਿੱਤੀ ਗਈ ਹੈ।
ਗਣਤੰਤਰ ਦਿਵਸ ‘ਤੇ ਭਾਰਤ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਬੋਰਿਸ ਜੌਨਸਨ ਨੇ ਕਿਹਾ ਸੀ, ‘ਮੈਂ ਇਸ ਸਾਲ ਭਾਰਤ ਆਉਣ ਲਈ ਉਤਸੁਕ ਹਾਂ, ਤਾਂਕਿ ਸਾਡੀ ਦੋਸਤੀ ਮਜਬੂਤ ਹੋ ਸਕੇ। ਰਿਸ਼ਤਿਆਂ ਨੂੰ ਅੱਗੇ ਵਧਾ ਸਕੀਏ, ਜਿਸ ਦਾ ਸੰਕਲਪ ਪ੍ਰਧਾਨ ਮੰਤਰੀ ਮੋਦੀ ਤੇ ਮੈਂ ਕੀਤਾ ਹੈ।’ ਉਨ੍ਹਾਂ ਕਿਹਾ ਸੀ, ਮੇਰੇ ਮਿੱਤਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੱਦੇ ‘ਤੇ ਇਸ ਖਾਸ ਮੌਕੇ ਦਾ ਗਵਾਹ ਬਣਨ ਲਈ ਉਤਸ਼ਾਹਿਤ ਸੀ, ਪਰ ਕੋਵਿਡ-19 ਕਾਰਨ ਪੈਦਾ ਹੋਈਆਂ ਸਮੱਸਿਆਵਾਂ ਕਾਰਨ ਮੈਨੂੰ ਲੰਡਨ ‘ਚ ਰੁਕਣਾ ਪਿਆ।’