ਚੰਡੀਗੜ੍ਹ : ਸਹਿਕਾਰੀ ਖੰਡ ਮਿੱਲਾਂ ਵੱਲੋਂ ਚੱਲ ਰਹੇ ਪਿੜਾਈ ਸੀਜ਼ਨ ਦੌਰਾਨ ਬੁੱਢੇਵਾਲ ਸਹਿਕਾਰੀ ਖੰਡ ਮਿੱਲ ਵਿਖੇ ਉੱਚ ਕੁਆਲਿਟੀ ਦੇ ਗੁੜ ਅਤੇ ਸ਼ੱਕਰ ਦਾ ਉਤਪਾਦਨ “ਫਤਿਹ” ਬ੍ਰਾਂਡ ਅਧੀਨ ਸ਼ੁਰੂ ਕੀਤਾ ਗਿਆ ਹੈ। ਇਹ ਪ੍ਰਗਟਾਵਾ ਸੁਖਜਿੰਦਰ ਸਿੰਘ ਰੰਧਾਵਾ, ਸਹਿਕਾਰਤਾ ਮੰਤਰੀ, ਪੰਜਾਬ ਵੱਲੋਂ ਅੱਜ ਲੋਹੜੀ ਦੇ ਸੁਭ ਮੌਕੇ ਤੇ ਪੰਜਾਬ ਭਵਨ ਵਿਖੇ “ਫਤਿਹ ਗੁੜ ਅਤੇ ਸ਼ੱਕਰ” ਨੂੰ ਲਾਂਚ ਕਰਨ ਦੇ ਮੌਕੇ ਕੀਤਾ ਗਿਆ।
ਰੰਧਾਵਾ ਵੱਲੋਂ ਇਸ ਮੌਕੇ ਦੱਸਿਆ ਗਿਆ ਕਿ ਸ਼ੁਰੂਆਤ ਤੌਰ ਤੇ ਸਹਿਕਾਰੀ ਖੰਡ ਮਿੱਲ, ਬੁੱਢੇਵਾਲ ਵਿਖੇ ਉੱਤਮ ਕੁਆਲਿਟੀ ਦੇ ਗੁੜ ਦੇ ਉਤਪਾਦਨ ਤਹਿਤ ਦੇਸ਼ੀ ਗੁੜ, ਹਲਦੀ ਗੁੜ ਅਤੇ ਮਸਾਲਾ ਗੁੜ ਦੀ ਪੈਦਾਵਾਰ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਸਹਿਕਾਰੀ ਖੰਡ ਮਿੱਲਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਇਨ੍ਹਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਵੈਲਯੂ ਐਡਿਡ ਪ੍ਰੋਡਕਸ ਜਿਵੇਂ ਕਿ ਬਰਾਊਨ ਸ਼ੂਗਰ, ਰਿਫਾਇਡ ਸ਼ੂਗਰ, ਗੁੜ, ਸ਼ੱਕਰ ਅਤੇ ਬੂਰਾ ਆਦਿ ਦਾ ਉਤਪਾਦਨ ਸ਼ੁਰੂ ਕਰਨ ਦੀ ਯੋਜਨਾ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਸ ਸਾਲ ਗੁੜ ਅਤੇ ਸ਼ੱਕਰ ਦਾ ਮੰਡੀਕਰਨ ਪਰਖ ਦੇ ਤੌਰ ਤੇ ਪੰਜਾਬ ਅਤੇ ਆਲੇ-ਦੁਆਲੇ ਦੇ ਰਾਜਾਂ ਵਿੱਚ ਕੀਤਾ ਜਾਵੇਗਾ। ਅਗਲੇ ਸਾਲ ਤੋਂ ਉੱਚ ਕੁਆਲਿਟੀ ਦੇ ਗੁੜ ਅਤੇ ਸ਼ੱਕਰ ਦਾ ਉਤਪਾਦਨ ਕਰਕੇ ਇਨ੍ਹਾਂ ਨੂੰ ਅਮਰੀਕਾ, ਕਨੇਡਾ ਤੋਂ ਇਲਾਵਾ ਖਾੜੀ ਦੇ ਦੇਸ਼ਾਂ ਵਿੱਚ ਵੀ ਵੇਚਿਆ ਜਾਵੇਗਾ। ਸਹਿਕਾਰੀ ਖੰਡ ਮਿੱਲਾਂ ਨੂੰ ਸਮੇਂ ਦਾ ਹਾਣੀ ਅਤੇ ਵਪਾਰਕ ਬਣਾਉਣ ਲਈ ਇਨ੍ਹਾਂ ਨੂੰ ਸ਼ੂਗਰ ਕੰਪਲੈਕਸ਼ਾਂ ਵਿੱਚ ਤਬਦੀਲ ਕਰਨ ਦਾ ਅਮਲ ਸ਼ੁਰੂ ਕਰ ਦਿੱੱਤਾ ਗਿਆ ਹੈ, ਜਿਸ ਤਹਿਤ ਗੁਰਦਾਸਪੁਰ, ਬਟਾਲਾ ਅਤੇ ਅਜਨਾਲਾ ਸਹਿਕਾਰੀ ਖੰਡ ਮਿੱਲਾਂ ਵਿੱਚ ਕੋ-ਜਨਰੇਸ਼ਨ, ਇਥਾਨੋਲ ਅਤੇ ਬਾਇਓ ਸੀ.ਐਨ.ਜੀ. ਪ੍ਰੋਜੈਕਟ ਲਗਾਉਣ ਦੀ ਯੋਜਨਾ ਉਲੀਕੀ ਗਈ ਹੈ। ਇਸ ਤੋਂ ਇਲਾਵਾ ਰਾਜ ਵਿੱਚ ਗੰਨੇ ਦੇ ਪ੍ਰਤੀ ਏਕੜ ਝਾੜ ਵਿੱਚ ਵਾਧਾ ਕਰਕੇ ਗੰਨਾ ਕਾਸ਼ਤਕਾਰਾਂ ਦੀ ਆਮਦਨ ਵਧਾਉਣ ਹਿੱਤ ਉਨ੍ਹਾਂ ਨੂੰ ਆਧੁਨਿਕ ਕਿਸਮ ਦੇ ਗੰਨੇ ਦਾ ਬੀਜ ਅਤੇ ਟ੍ਰੇਨਿੰਗ ਮੁਹੱਇਆ ਕਰਵਾਉਣ ਲਈ ਕਲਾਨੋਰ ਵਿਖੇ ਸ਼ੂਗਰਕੇਨ ਰਿਸਰਚ ਇੰਸਟਿਚਿਊਟ ਸਥਾਪਤ ਕਰਨ ਲਈ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਅਮਰੀਕ ਸਿੰਘ ਆਲੀਵਾਲ, ਚੇਅਰਮੈਨ, ਸ਼ੂਗਰਫੈੱਡ, ਕਲਪਨਾ ਮਿੱਤਲ ਬਾਰੂਆ, ਆਈ.ਏ.ਐੱਸ., ਵਧੀਕ ਮੁੱਖ ਸਕੱਤਰ (ਸਹਿਕਾਰਤਾ), ਵਿਕਾਸ ਗਰਗ, ਆਈ.ਏ.ਐੱਸ., ਰਜਿਸਟਰਾਰ, ਸਹਿਕਾਰੀ ਸਭਾਵਾਂ, ਪੰਜਾਬ, ਕਮਲਦੀਪ ਸਿੰਘ ਸੰਘਾ, ਪ੍ਰਬੰਧ ਨਿਰਦੇਸ਼ਕ, ਮਿਲਕਫੈੱਡ ਅਤੇ ਸ਼ੂਗਰਫੈੱਡ, ਪੰਜਾਬ ਤੋਂ ਇਲਾਵਾ ਐਸ.ਕੇ. ਕੁਰੀਲ, ਜਨਰਲ ਮੈਨੇਜਰ, ਬੁੱਢੇਵਾਲ ਸਹਿਕਾਰੀ ਖੰਡ ਮਿੱਲ ਵੀ ਹਾਜ਼ਰ ਸਨ।
ਬੁੱਢੇਵਾਲ ਸਹਿਕਾਰੀ ਖੰਡ ਮਿੱਲ ਵਿਖੇ ਉੱਚ ਕੁਆਲਿਟੀ ਦੇ ਗੁੜ ਅਤੇ ਸ਼ੱਕਰ ਦਾ ਉਤਪਾਦਨ “ਫਤਿਹ” ਬ੍ਰਾਂਡ ਅਧੀਨ ਸ਼ੁਰੂ, ਸਹਿਕਾਰਤਾ ਮੰਤਰੀ ਰੰਧਾਵਾ ਵੱਲੋਂ ਲਾਂਚ
Leave a Comment
Leave a Comment