ਸ਼ਬਦ ਵਿਚਾਰ -130
ਬਾਬਾ ਹੋਰ ਮਤਿ ਹੋਰ ਹੋਰ …
*ਡਾ. ਗੁਰਦੇਵ ਸਿੰਘ
ਅਕਾਲ ਪੁਰਖ ਦਾ ਨਾਮ ਹੀ ਚਿਰ ਸਥਾਈ ਹੈ। ਪ੍ਰਭੁ ਦੇ ਨਾਮ ਦੀ ਪ੍ਰਾਪਤੀ ਤੋਂ ਬਿਨਾਂ ਦੁਨੀਆਂ ਦੀਆਂ ਸਾਰੀਆਂ ਹੀ ਪ੍ਰਾਪਤੀਆਂ ਤੇ ਮਾਨ ਸਨਮਾਨ ਵਿਅਰਥ ਹਨ, ਜੋ ਉਸ ਦੇ ਦਰ ‘ਤੇ ਪ੍ਰਵਾਨ ਨਹੀਂ ਉਹ ਹੋਰ ਜਿੱਥੇ ਮਰਜ਼ੀ ਪ੍ਰਵਾਨ ਹੋ ਜਾਵੇ ਉਸ ਦਾ ਕੋਈ ਅਰਥ ਨਹੀਂ ਰਹਿ ਜਾਂਦਾ । ਮੁਨੱਖ ਦਾ ਇਸ ਸੰਸਾਰ ਤੇ ਆਉਣ ਦਾ ਇੱਕ ਖਾਸ ਮਕਸਦ ਹੈ ਜਿਸ ਦੀ ਪ੍ਰਾਪਤੀ ਹੀ ਉਸ ਮਨੁੱਖ ਦਾ ਅਸਲ ਟਿੱਚਾ ਹੋਣਾ ਚਾਹੀਦਾ ਹੈ ਪਰ ਮਨੁੱਖ ਹਮੇਸ਼ਾਂ ਹੀ ਆਪਣੇ ਸਹੀ ਨਿਸ਼ਾਨੇ ਤੋਂ ਖੁੰਝਿਆ ਫਿਰਦਾ ਰਹਿੰਦਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿੱਥੇ ਸਾਨੂੰ ਸਾਡੇ ਜੀਵਨ ਮਨੋਰਥ ਤੋਂ ਜਾਣੂ ਕਰਵਾਉਂਦੀ ਹੈ ਉਥੇ ਉਸ ਮਨੋਰਥ ਨੂੰ ਪਾਉਣ ਦੇ ਅਸਾਨ ਮਾਰਗਾਂ ਨੂੰ ਵੀ ਰੋਸ਼ਨ ਕਰਦੀ ਹੈ। ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਬਾਣੀ ਦਾ ਸ਼ਬਦ “ਬਾਬਾ ਹੋਰ ਮਤਿ ਹੋਰ ਹੋਰ …” ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 17 ‘ਤੇ ਅੰਕਿਤ ਹੈ। ਸਿਰੀ ਰਾਗ ਦਾ ਇਹ ਅੱਠਵਾਂ ਸ਼ਬਦ ਹੈ। ਇਸ ਸ਼ਬਦ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਅਞਾਈਂ ਜੀਵਨ ਨੂੰ ਗਵਾਉਣ ਤੋਂ ਵਰਜ ਰਹੇ ਹਨ।
ਸਿਰੀਰਾਗੁ ਮਹਲਾ ੧ ॥
- Advertisement -
ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ ॥
ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ ॥
ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ ॥੧॥
ਪਦ ਅਰਥ : ਕੁੰਗੂ = ਕੇਸਰ। ਕਾਂਇਆ = ਸਰੀਰ। ਰਤਨ = (ਭਾਵ) ਪ੍ਰਭੂ ਦੀ ਸਿਫ਼ਤਿ-ਸਾਲਾਹ। ਲਲਿਤਾ = ਜੀਭ। ਅਗਰਿ = ਊਦ ਦੀ ਲਕੜੀ ਨਾਲ। ਵਾਸੁ = ਸੁਗੰਧੀ। ਤਨਿ = ਸਰੀਰ ਵਿਚ। ਸਾਸੁ = (ਹਰੇਕ) ਸੁਆਸ। ਅਠਸਠਿ = ਅਠਾਹਠ। ਮੁਖਿ = ਮੂੰਹ ਉੱਤੇ, ਮੱਥੇ ਉੱਤੇ। ਤਿਤੁ ਘਟਿ = ਉਸ ਸਰੀਰ ਵਿਚ, ਉਸ ਮਨੁੱਖ ਦੇ ਅੰਦਰ। ਵਿਗਾਸੁ = ਖਿੜਾਉ। ਓਤੁ ਮਤੀ = ਉਸ ਮਤਿ ਨਾਲ ਹੀ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ।
ਵਿਆਖਿਆ : ਜਿਸ ਮਨੁੱਖ ਦਾ ਸਰੀਰ ਕੇਸਰ (ਵਰਗਾ ਸੁੱਧ ਵਿਕਾਰ-ਰਹਿਤ) ਹੋਵੇ, ਜਿਸ ਦੀ ਜੀਭ (ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਰਤਨਾਂ ਨਾਲ ਜੜੀ ਹੋਵੇ, ਜਿਸ ਦੇ ਸਰੀਰ ਵਿਚ ਹਰੇਕ ਸੁਆਸ ਉਸ ਦੀ ਲਕੜੀ ਦੀ ਸੁਗੰਧੀ ਵਾਲਾ ਹੋਵੇ (ਭਾਵ, ਪ੍ਰਭੂ ਦੇ ਨਾਮ ਦੀ ਯਾਦ ਨਾਲ ਸੁਗੰਧਿਤ ਹੋਵੇ) , ਜਿਸ ਮਨੁੱਖ ਦੇ ਮੱਥੇ ਉੱਤੇ ਅਠਾਹਠ ਹੀ ਤੀਰਥਾਂ ਦਾ ਟਿੱਕਾ ਹੋਵੇ (ਭਾਵ, ਜੋ ਪ੍ਰਭੂ ਦਾ ਨਾਮ ਜਪ ਕੇ ਅਠਾਹਠ ਤੀਰਥਾਂ ਨਾਲੋਂ ਵਧੀਕ ਪਵਿਤ੍ਰ ਹੋ ਚੁਕਾ ਹੋਵੇ) ਉਸ ਮਨੁੱਖ ਦੇ ਅੰਦਰ ਮਤਿ ਖਿੜਦੀ ਹੈ, ਉਸ ਖਿੜੀ ਹੋਈ ਮਤਿ ਨਾਲ ਹੀ ਸੱਚਾ ਨਾਮ ਸਲਾਹਿਆ ਜਾ ਸਕਦਾ ਹੈ, ਗੁਣਾਂ ਦਾ ਖ਼ਜ਼ਾਨਾ ਪ੍ਰਭੂ ਸਲਾਹਿਆ ਜਾ ਸਕਦਾ ਹੈ।
- Advertisement -
ਬਾਬਾ ਹੋਰ ਮਤਿ ਹੋਰ ਹੋਰ ॥
ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ ॥੧॥ ਰਹਾਉ ॥
ਪਦ ਅਰਥ :ਬਾਬਾ = ਹੇ ਭਾਈ! ਕਮਾਈਐ = ਕਮਾਈ ਕਰੀਏ, ਉੱਦਮ ਕਰੀਏ। ਕੂੜੈ = ਕੂੜ ਨਾਲ।1। ਰਹਾਉ।
ਵਿਆਖਿਆ : ਹੇ ਭਾਈ! ਪ੍ਰਭੂ ਦੇ ਨਾਮ ਤੋਂ ਖੁੰਝੀ ਹੋਈ ਮਤਿ ਹੋਰ ਹੋਰ ਪਾਸੇ ਹੀ ਲੈ ਜਾਂਦੀ ਹੈ। ਸਿਫ਼ਤਿ-ਸਾਲਾਹ ਛੱਡ ਕੇ ਜੇ ਹੋਰ ਕਰਮ ਸੈਂਕੜੇ ਵਾਰੀ ਭੀ ਕਰੀਏ (ਤਾਂ ਕੁਝ ਨਹੀਂ ਬਣਦਾ, ਕਿਉਂਕਿ) ਕੂੜਾ ਕਰਮ ਕਰਨ ਨਾਲ ਕੂੜ ਦਾ ਹੀ ਜ਼ੋਰ ਵਧਦਾ ਹੈ।1। ਰਹਾਉ।
ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ ॥
ਨਾਉ ਸਦਾਏ ਆਪਣਾ ਹੋਵੈ ਸਿਧੁ ਸੁਮਾਰੁ ॥
ਜਾ ਪਤਿ ਲੇਖੈ ਨਾ ਪਵੈ ਸਭਾ ਪੂਜ ਖੁਆਰੁ ॥੨॥
ਪਦ ਅਰਥ : ਪੂਜ = ਪੂਜਾ, ਮਾਣਤਾ। ਸਭੁ = ਸਾਰਾ। ਸਿਧੁ = ਜੋਗ-ਸਾਧਨਾਂ ਵਿਚ ਪੁੱਗਿਆ ਹੋਇਆ ਜੋਗੀ। ਸਭਾ = ਸਾਰੀ। ਲੇਖੈ = ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ।2।
ਵਿਆਖਿਆ : ਜੇ ਕੋਈ ਮਨੁੱਖ ਪੀਰ ਅਖਵਾਣ ਲੱਗ ਪਏ, ਸਾਰਾ ਸੰਸਾਰ ਆ ਕੇ ਉਸ ਦਾ ਦਰਸ਼ਨ ਕਰੇ, ਉਸ ਦੀ ਪੂਜਾ ਹੋਣ ਲੱਗ ਪਏ, ਜੇ ਉਹ ਪੁੱਗਿਆ ਹੋਇਆ (ਕਰਾਮਾਤੀ) ਜੋਗੀ ਗਿਣਿਆ ਜਾਣ ਲੱਗ ਪਏ, ਵੱਡੇ ਨਾਮਣੇ ਵਾਲਾ ਸਦਾਣ ਲੱਗ ਪਏ (ਤਾਂ ਭੀ ਇਹ ਸਭ ਕੁਝ ਕਿਸੇ ਅਰਥ ਨਹੀਂ, ਕਿਉਂਕਿ) ਜੇ ਪ੍ਰਭੂ ਦੀ ਹਜ਼ੂਰੀ ਵਿਚ ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਉਸ ਨੂੰ ਇੱਜ਼ਤ ਨਹੀਂ ਮਿਲਦੀ, ਤਾਂ (ਦੁਨੀਆ ਵਿਚ ਹੋਈ) ਸਾਰੀ ਪੂਜਾ ਖ਼ੁਆਰ ਹੀ ਕਰਦੀ ਹੈ।2।
ਜਿਨ ਕਉ ਸਤਿਗੁਰਿ ਥਾਪਿਆ ਤਿਨ ਮੇਟਿ ਨ ਸਕੈ ਕੋਇ ॥
ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ ॥
ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ ॥੩॥
ਪਦ ਅਰਥ : ਸਤਿਗੁਰਿ = ਗੁਰੂ ਨੇ। ਥਾਪਿਆ = ਥਾਪਣਾ ਦਿੱਤੀ, ਦਿਲਾਸਾ ਦਿੱਤਾ। ਨਾਮੋ = ਨਾਮ ਹੀ। ਅਖੰਡ = ਇਕ-ਰਸ, ਸਦਾ, ਲਗਾਤਾਰ।3।
ਵਿਆਖਿਆ : ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਸ਼ਾਬਾਸ਼ੇ ਦਿੱਤੀ ਹੈ, ਉਹਨਾਂ ਦੀ ਉਸ ਇੱਜ਼ਤ ਨੂੰ ਕੋਈ ਮਿਟਾ ਨਹੀਂ ਸਕਦਾ (ਕਿਉਂਕਿ) ਉਹਨਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਖ਼ਜ਼ਾਨਾ ਵੱਸਦਾ ਹੈ, ਉਹਨਾਂ ਦੇ ਅੰਦਰ ਨਾਮ ਹੀ ਉੱਘੜਦਾ ਹੈ। (ਇਹ ਪੱਕਾ ਨਿਯਮ ਜਾਣੋ ਕਿ) ਪ੍ਰਭੂ ਦਾ ਨਾਮ ਹੀ ਪੂਜਿਆ ਜਾਂਦਾ ਹੈ, ਨਾਮ ਹੀ ਸਤਕਾਰਿਆ ਜਾਂਦਾ ਹੈ। ਪ੍ਰਭੂ ਹੀ ਸਦਾ ਇਕ-ਰਸ ਸਦਾ-ਥਿਰ ਰਹਿਣ ਵਾਲਾ ਹੈ।3।
ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ ॥
ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ ॥
ਨਾਨਕ ਨਾਮਿ ਵਿਸਾਰਿਐ ਦਰਿ ਗਇਆ ਕਿਆ ਹੋਇ ॥੪॥੮॥
ਪਦ ਅਰਥ : ਖੇਹ = ਮਿੱਟੀ। ਜੀਉ = ਜਿੰਦ। ਕੇਹਾ ਹੋਇ = ਭੈੜੀ ਹਾਲਤ ਹੁੰਦੀ ਹੈ। ਸਭਿ = ਸਾਰੀਆਂ। ਰੋਇ = ਦੁਖੀ ਹੋ ਕੇ। ਨਾਮਿ ਵਿਸਾਰਿਐ = ਜੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਜਾਏ। ਦਰਿ = (ਪ੍ਰਭੂ ਦੇ) ਦਰ ਤੇ। ਕਿਆ ਹੋਇ = ਭੈੜੀ ਹਾਲਤ ਹੀ ਹੁੰਦੀ ਹੈ।4।
ਵਿਆਖਿਆ : (ਜਿਨ੍ਹਾਂ ਮਨੁੱਖਾਂ ਨੇ ਕਦੇ ਨਾਮ ਨਾਹ ਜਪਿਆ, ਉਹਨਾਂ ਦਾ ਸਰੀਰ ਜਦੋਂ) ਮਿੱਟੀ ਹੋ ਕੇ ਮਿੱਟੀ ਵਿਚ ਰਲਿਆ, ਤਾਂ (ਨਾਮ-ਹੀਣ) ਜਿੰਦ ਦਾ ਹਾਲ ਭੈੜਾ ਹੀ ਹੁੰਦਾ ਹੈ। (ਦੁਨੀਆ ਵਿਚ ਕੀਤੀਆਂ) ਸਾਰੀਆਂ ਚਤੁਰਾਈਆਂ ਸੁਆਹ ਹੋ ਜਾਂਦੀਆਂ ਹਨ, ਜਗਤ ਤੋਂ ਜੀਵ ਦੁਖੀ ਹੋ ਕੇ ਹੀ ਤੁਰਦਾ ਹੈ। ਹੇ ਨਾਨਕ! ਜੇ ਪ੍ਰਭੂ ਦਾ ਨਾਮ ਭੁਲਾ ਦੇਈਏ, ਤਾਂ ਪ੍ਰਭੂ ਦੇ ਦਰ ਤੇ ਪਹੁੰਚ ਕੇ ਭੈੜਾ ਹਾਲ ਹੀ ਹੁੰਦਾ ਹੈ।4।7।
ਜਗਤ ਵਿੱਚ ਦੀਆਂ ਉਹ ਸਭ ਬਾਤਾਂ ਹੀ ਸੁਚੱਜੀਆਂ ਹਨ ਜਿਹੜੀਆਂ ਉਸ ਪ੍ਰਭੂ ਮਾਲਕ ਦੇ ਦਰ ‘ਤੇ ਪ੍ਰਵਾਨ ਹੁੰਦੀਆਂ ਹੈ। ਜਦੋਂ ਪ੍ਰਭੂ ਨਾਮ ਦੇ ਲੜ ਲੱਗਾਂਗੇ ਤਾਂ ਜਗਤ ਤੇ ਪਰ-ਜਗਤ ਵਿੱਚ ਜੈ ਜੈ ਕਾਰ ਹੋਵੇਗੀ। ਅਕਾਲ ਪੁਰਖ ਦੀ ਯਾਦ ਵਿੱਚ ਬੇਅੰਤ ਸ਼ਕਤੀ ਹੈ ਇਸ ਲਈ ਹਰੇਕ ਪ੍ਰਾਣੀ ਨੂੰ ਉਸ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।
*gurdevsinghdr@gmail.com